ਮੇਲਾ ਮਾਘੀ ਟਿਕਟ ਮੁਕਤ ਤੇ ਸਮਾਂ ਤੈਅ ਕਰਨ ਲਈ ਲੋਕ ਇਕ ਮੱਤ ਮੇਲਾ ਮਾਘੀ ਟਿਕਟ ਮੁਕਤ ਕਰਨ ਤੇ ਸਮਾਂ ਤੈਅ ਕਰਨ ਲੋਕ ਇਕ ਮੱਤ
Publish Date: Thu, 19 Nov 2026 04:56 PM (IST)
Updated Date: Fri, 20 Nov 2026 04:01 AM (IST)
-ਰੈਡ ਕਰਾਸ ਦੇ ਸਾਬਕਾ ਸਕੱਤਰਾਂ ਵੱਲੋਂ ਵੀ ਠੇਕਾ ਘਟਾਉਣ ਦੀ ਵਕਾਲਤ, 8 ਸਾਲ ਪਹਿਲਾਂ 28 ਲੱਖ ਤੋਂ ਸ਼ੁਰੂ ਹੋਇਆ ਠੇਕਾ ਪਿਛਲੇ ਵਰ੍ਹੇ 131 ਲੱਖ ’ਤੇ ਪੁੱਜਾ, ਬੋਝ ਲੋਕਾਂ ’ਤੇ ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਿਦਰਾਣੇ ਦੀ ਢਾਬ ਉਪਰ ਲੜੀ ਆਖਰੀ ਤੇ ਨਿਰਣਾਇਕ ਲੜ੍ਹਾਈ ਦੌਰਾਨ ਸ਼ਹੀਦ ਹੋਏ ਚਾਲ੍ਹੀ ਮੁਕਤਿਆਂ ਦੀ ਯਾਦ ਨੂੰ ਸਮਰਪਿਤ ਮੇਲਾ ਮਾਘੀ ਮੌਕੇ ਮੰਨੋਰੰਜਨ ਮੇਲੇ ਦੀ ਲੱਗਣ ਵਾਲੀ ਟਿਕਟ ਖਤਮ ਕਰਨ, ਮੇਲੇ ਦਾ ਸਮਾਂ 15 ਦਿਨ ਤੈਅ ਕਰਨ ਅਤੇ ਮੇਲਾ ਮਲੋਟ ਰੋਡ ਤੋਂ ਕੋਟਕਪੂਰਾ ਰੋਡ ਉਪਰ ਤਬਦੀਲ ਕਰਨ ਦੀ ਮੰਗ ਨੂੰ ਲੈ ਕੇ ਸ਼ਹਿਰ ਵਾਸੀ ਇਕ ਮੱਤ ਹਨ। ਇਸ ਸਬੰਧੀ ਰੈੱਡ ਕਰਾਸ ਦੇ ਕਰੀਬ ਦੋ ਦਹਾਕਿਆਂ ਤੱਕ ਰਹੇ ਸਕੱਤਰ ਗੁਰਮੀਤ ਸਿੰਘ ਪੀਏ ਅਤੇ ਪ੍ਰੋ. ਗੋਪਾਲ ਸਿੰਘ ਹੋਰਾਂ ਨੇ ਵੀ ਮੇਲਾ ਟਿਕਟ ਮੁਕਤ ਕਰਨ ਦੀ ਪੈਰਵਾਈ ਕਰਦਿਆਂ ਕਿਹਾ ਕਿ ਕਰੀਬ 8 ਵਰ੍ਹਿਆਂ ਤੋਂ ਮੇਲਾ ਠੇਕੇ ’ਤੇ ਦੇਣ ਦੀ ਪ੍ਰਵਿਰਤੀ ਚੱਲੀ ਹੈ ਤੇ ਉਦੋਂ ਤੋਂ ਹੀ ਟਿਕਟ ਲੱਗਣੀ ਸ਼ੁਰੂ ਹੋਈ ਹੈ। ਠੇਕਾ 28 ਲੱਖ ਤੋਂ ਸ਼ੁਰੂ ਹੋ ਕੇ ਪਿਛਲੇ ਵਰ੍ਹੇ 1 ਕ੍ਰੋੜ 31 ਲੱਖ ਰੁਪਏ ਤੱਕ ਪੁੱਜ ਗਿਆ ਸੀ। ਠੇਕੇਦਾਰ ਆਪਣੀ ਮਰਜ਼ੀ ਨਾਲ ਠੇਕੇ ਦਾ ਸਮਾਂ ਵੀ ਤੈਅ ਕਰਦਾ ਹੈ ਅਤੇ ਮੇਲੇ ਵਿੱਚ ਦਾਖਲ ਹੋਣ ਦੀ ਟਿਕਟ ਵੀ। ਟਿਕਟ ਦਾ ਬੋਝ ਆਮ ਲੋਕਾਂ ’ਤੇ ਪੈਂਦਾ ਹੈ। ਇਸੇ ਤਰ੍ਹਾਂ ਮਨਮਰਜ਼ੀ ਨਾਲ ਮੇਲਾ ਕਈ ਮਹੀਨਿਆਂ ਤੱਕ ਚਲਦਾ ਰਹਿੰਦਾ ਹੈ, ਜਿਸ ਕਰ ਕੇ ਸ਼ਹਿਰ ਵਾਸੀਆਂ ਨੂੰ ਬਹੁਤ ਪ੍ਰੇਸ਼ਾਨੀ ਹੁੰਦੀ ਹੈ। ਆਵਾਜਾਈ ਠੱਪ ਰਹਿੰਦੀ ਹੈ। ਬੱਚੇ ਸਕੂਲ ਜਾਣ ਤੋਂ ਔਖੇ ਹੁੰਦੇ ਹਨ। ਹਸਪਤਾਲਾਂ ’ਚ ਦਾਖਲ ਮਰੀਜ਼ਾਂ ਲਈ ਤਾਂ ਜਾਨ ਲੇਵਾ ਮੁਸੀਬਤ ਬਣ ਜਾਂਦੀ ਹੈ। ਦਿਨ-ਰਾਤ ਚੱਲਦੇ ਸਪੀਕਰਾਂ ਕਰਕੇ ਘਰਾਂ ਵਾਲਿਆਂ ਦਾ ਰਾਤ ਨੂੰ ਸੌਣਾ ਵੀ ਔਖਾ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਪ੍ਰਸ਼ਾਸਨ ਕੋਲ ਕੋਈ ਬਦਲਵਾਂ ਪ੍ਰਬੰਧ ਲਾ ਹੋਣ ਕਰਕੇ ਮੇਲਾ ਜਗ੍ਹਾ ਮੁੱਲ ਲੈ ਕੇ ਲਾਇਆ ਜਾਂਦਾ ਸੀ ਪਰ ਹੁਣ ਕੋਟਕਪੂਰਾ ਰੋਡ ਉਪਰ ਜੇਲ੍ਹ ਵਾਲੀ ਜਗ੍ਹਾ ਜੋ ਕਰੀਬ 12 ਕਿੱਲੇ ਹੈ ਖਾਲ੍ਹੀ ਪਈ ਹੈ ਅਤੇ ਸਰਕਾਰ ਦੀ ਮਾਲਕੀ ਹੈ, ਇਸ ਲਈ ਮੇਲਾ ਉਥੇ ਤਬਦੀਲ ਕੀਤਾ ਜਾਵੇ। ਇਸ ਤਰ੍ਹਾਂ ਸਰਕਾਰੀ ਜਗ੍ਹਾ ਹੋਣ ਕਰਕੇ ਠੇਕਾ ਵੀ ਖਤਮ ਹੋ ਜਾਵੇਗਾ ਤੇ ਟਿਕਟਾਂ ਵੀ ਖਤਮ ਹੋਣ ਜਾਣਗੀਆਂ। ਇਸੇ ਤਰ੍ਹਾਂ ਸੀਨੀਅਰ ਕੌਂਸਲਰ ਗੁਰਪ੍ਰੀਤ ਸਿੰਘ, ਸੰਜਨਾ ਭੰਮ, ਕਰਮਜੀਤ ਸਿੰਘ ਭੰਮ, ਸਵਰਨਕਾਰ ਵੈਲਫੇਅਰ ਬੋਰਡ ਦੇ ਚੇਅਰਮੈਨ ਗੁਰਮੀਤ ਸਿੰਘ ਮਸੌਣ, ਮਾਸਟਰ ਜਸਪਾਲ ਸਿੰਘ, ਵਾਤਾਵਰਣ ਪ੍ਰੇਮੀ ਅੰਮ੍ਰਿਤਪਾਲ ਸਿੰਘ, ਗੂੰਬਰ, ਸ਼ਮਜੀਤ ਸਿੰਘ ਉਦੇਕਰਨ ਹੋਰਾਂ ਨੇ ਦੱਸਿਆ ਕਿ ਦਹਾਕਿਆਂ ਬਾਅਦ ਵੀ ਮੇਲਾ ਸ਼ਹਿਰ ਦੇ ਸਭ ਤੋਂ ਰੁੱਝੀ ਹੋਈ ਸੜਕ ਮਲੋਟ ਰੋਡ ਜਿਸ ਉਪਰ ਦੋ ਵੱਡੇ ਸਕੂਲ, ਬੱਸ ਅੱਡਾ, ਦਰਜਨ ਭਰ ਹਸਪਤਾਲ ਅਤੇ ਦਾਣਾ ਮੰਡੀ ਦਾ ਰਸਤਾ ਹੈ, ਉਪਰ ਲੱਗਦਾ ਹੈ। ਇਸ ਲਈ ਮੇਲੇ ਵੇਲੇ ਤਾਂ ਇਥੇ ਆਵਾਜਾਈ ਬਿਲੁਕਲ ਠੱਪ ਹੋ ਜਾਂਦੀ ਹੈ। ਬੱਚਾਂ ਸਕੂਲ ਵੈਨਾਂ ’ਚ ਕਈ-ਕਈ ਘੰਟੇ ਫਸੇ ਰਹਿੰਦੇ ਹਨ। ਕਈ ਵਾਰ ਤਾਂ ਬੇਹੋਸ਼ ਵੀ ਹੋ ਗਏ ਹਨ। ਔਰਤਾਂ ਲਈ ਡਾਢੀ ਪ੍ਰੇਸ਼ਾਨੀ ਹੈ। ਸ਼ਹਿਰ ਦੀਆਂ ਸਮਾਜ ਸੇਵੀ ਅਤੇ ਕਾਰੋਬਾਰ ਜਥੇਬੰਦੀਆਂ ਨੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਅਤੇ ਡਿਪਟੀ ਕਮਿਸ਼ਨਰ ਤੋਂ ਮੰਗ ਹੈ ਕਿ ਮੇਲਾ ਮਾਘੀ ਕੋਟਕਪੂਰਾ ਰੋਡ ਉਪਰ ਲਾਇਆ ਜਾਵੇ ਅਤੇ ਇਸਦੀ ਟਿਕਟ ਮੁਆਫ ਕੀਤੀ ਜਾਵੇ, ਸਮਾਂ 15 ਦਿਨ ਤੈਅ ਕੀਤਾ ਜਾਵੇ। -1995 ਤੋਂ ਡੀਸੀ ਦਫਤਰ ’ਚ ਰੁਲ ਰਹੀ ‘ਮੁਕਤਸਰ ਟਰੇਡ ਫੇਅਰ’ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਜੋਂ ਜਦ 7.11.1995 ਨੂੰ ਹੋਂਦ ਵਿੱਚ ਆਇਆ ਤਾਂ ਉਸ ਸਮੇਂ ਦੇ ਸਭ ਤੋਂ ਪਹਿਲੇ ਡਿਪਟੀ ਕਮਿਸ਼ਨਰ ਸ੍ਰੀ ਡੀਪੀ ਰੈਡੀ ਨੇ ਮੇਲਾ ਮਾਘੀ ਵਾਸਤੇ ਜਗ੍ਹਾ ਪ੍ਰਾਪਤ ਕਰਨ ਦੇ ਭਰਪੂਰ ਯਤਨ ਕੀਤੇ ਅਤੇ ਬਹੁਤ ਸਾਰੀਆਂ ਥਾਵਾਂ ਦਾ ਨਿਰੀਖਣ ਵੀ ਕੀਤਾ । ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਦੇ ਸਾਬਕਾ ਪੀਏ ਅਤੇ ਰੈੱਡ ਕਰਾਸ ਦੇ ਸਾਬਕਾ ਸਕੱਤਰ ਗੁਰਮੀਤ ਸਿੰਘ ਨੇ ਦੱਸਿਆ ਕਿ ਸ੍ਰੀ ਰੈਡੀ ਤੋਂ ਬਾਅਦ ਡਿਪਟੀ ਕਮਿਸ਼ਨਰ ਕਿਰਪਾ ਸ਼ੰਕਰ ਸਰੋਜ ਅਤੇ ਫੂਲਵੰਤ ਸਿੰਘ ਸਿੱਧੂ ਨੇ ਵੀ ਸਰਗਰਮੀ ਦਿਖਾਈ ਪਰ ਢੁਕਵੀਂ ਜਗ੍ਹਾ ਦੀ ਚੋਣ ਨਾ ਹੋਣ ਕਾਰਨ ਇਹ ਪ੍ਰਾਜੈਕਟ ਲਟਕਦਾ ਹੀ ਗਿਆ ਤੇ ਮੁਕਤਸਰ ਟ੍ਰੇਡ ਫੇਅਰ ਵਾਲੀ ਉਹ ਫਾਈਲ ਅੱਜ ਵੀ ਦਫ਼ਤਰ ਡਿਪਟੀ ਕਮਿਸ਼ਨਰ ਦੀ ਫੁਟਕਲ ਸ਼ਾਖ਼ਾ ਦੀ ਕਿਸੇ ਨੁੱਕਰੇ ਅਪਣੀ ਹੋਣੀ ਨੂੰ ਦੇਖ਼ ਰਹੀ ਹੈ, ਜਦੋਂ ਕਿ ਹੁਣ ਕੋਟਕਪੂਰਾ ਰੋਡ ਉਪਰ ਖਾਲ੍ਹੀ ਹੋਈ ਜੇਲ੍ਹ ਵਾਲੀ ਜਗ੍ਹਾ ਨੂੰ ਮੇਲਾ ਸਾਈਟ ਵਜੋਂ ਪ੍ਰਵਾਨਿਤ ਕਰਦਿਆਂ ਪੰਜਾਬ ਸਰਕਾਰ ਤੋਂ ਮੁਕਤਸਰ ਪ੍ਰਸ਼ਾਸਨ ਦੇ ਨਾਮ ਤਬਦੀਲ ਕਰਵਾਇਆ ਜਾ ਸਕਦਾ ਹੈ।