ਪਟਵਾਰੀਆਂ ਵੱਲੋਂ ਡੀਸੀ ਦਫ਼ਤਰ ਅੱਗੇ ਰੋਸ ਮੁਜ਼ਾਹਰਾ ਪਟਵਾਰੀਆਂ ਵੱਲੋਂ ਡੀਸੀ ਦਫਤਰ ਮੂਹਰੇ ਰੋਸ ਮੁਜ਼ਾਹਰਾ
Publish Date: Wed, 23 Sep 2026 05:00 PM (IST)
Updated Date: Wed, 23 Sep 2026 05:03 PM (IST)
ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ‘ਰੈਵੀਨਿਊ ਪਟਵਾਰ ਯੂਨੀਅਨ’ ਵੱਲੋਂ ਡਿਪਟੀ ਕਮਿਸ਼ਨਰ ਦਫਤਰ ਮੂਹਰੇ ਧਰਨਾ ਦਿੰਦਿਆਂ ਸਟੇਟ ਕੇਡਰ ਰੱਦ ਕਰਕੇ ਪਟਵਾਰੀਆਂ ਦੀਆਂ 4716 ਪੋਸਟਾਂ ਨੂੰ ਮੁੜ ਬਹਾਲ ਕਰਨ ਅਤੇ ਨਵੀਂ ਭਰਤੀ ਕਰਨ ਦੀ ਮੰਗ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਬਰਾੜ, ਤਹਿਸੀਲ ਪ੍ਰਧਾਨ ਲਖਵਿੰਦਰ ਸਿੰਘ, ਪਟਵਾਰੀ ਸਿਕੰਦਰ ਸਿੰਘ, ਸੁਖਦੀਪ ਸਿੰਘ, ਵੀਰਪਾਲ ਕੌਰ ਬਰਾੜ, ਇਕਬਾਲ ਸਿੰਘ ਸਾਬਕਾ ਮੀਤ ਪ੍ਰਧਾਨ ਪੰਜਾਬ, ਰਛਪਾਲ ਸਿੰਘ ਕਾਨੂੰਗੋ, ਸਵਰਨਜੀਤ ਸਿੰਘ ਗਿੱਲ ਅਤੇ ਕੇਵਲ ਸਿੰਘ ਪਟਵਾਰੀ ਹੋਰਾਂ ਨੇ ਕਿਹਾ ਕਿ ਸਟੇਟ ਕੇਡਰ ਹੋਣ ਕਰਕੇ ਇਕ ਪਟਵਾਰੀ ਦੀ ਬਦਲੀ ਜਦੋਂ ਪੰਜਾਬ ਦੇ ਇਕ ਸਿਰੇ ਤੋਂ ਦੂਜੇ ਸਿਰੇ ਹੋ ਜਾਂਦੀ ਹੈ ਤਾਂ ਉਸਨੂੰ ਉਸ ਖੇਤਰ ਦੇ ਜ਼ਮੀਨੀ ਮਾਮਲੇ ਸਮਝਣ ’ਚ ਵੀ ਦਿੱਕਤ ਆਉਂਦੀ ਹੈ ਅਤੇ ਇੰਨ੍ਹੀ ਥੋੜੀ ਤਨਖਾਹ ’ਚ ਦੂਰ ਜਾ ਕੇ ਰਹਿਣਾ ਵੀ ਸੰਭਵ ਨਹੀਂ ਹੁੰਦਾ। ਇਸ ਲਈ ਜਥੇਬੰਦੀ ਦੀ ਮੰਗ ਹੈ ਕਿ ਸਟੇਟ ਕੇਡਰ ਖਤਮ ਕੀਤਾ ਜਾਵੇ। ਇਸਦੇ ਨਾਲ ਹੀ ਉਨ੍ਹਾਂ ਸਟੇਟ ਕੇਡਰ ਨੂੰ ਰੱਦ ਕਰਕੇ ਪਟਵਾਰੀਆਂ ਦੀਆਂ 4716 ਪੋਸਟਾਂ ਨੂੰ ਮੁੜ ਬਹਾਲ ਕਰਨ ਤੇ ਨਵੀਂ ਭਰਤੀ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਤਨਖਾਹ ’ਚ ਤੁਰੰਤ ਵਾਧਾ ਕੀਤਾ ਜਾਵੇ ਅਤੇ ਪਟਵਾਰੀ ਦਫਤਰਾਂ ’ਚ ਫਰਨੀਚਰ ਅਤੇ ਹੋਰ ਲੋੜੀਂਦਾ ਸਮਾਨ ਮੁਹੱਈਆ ਕਰਵਾਇਆ ਜਾਵੇ। ਇਸ ਦੌਰਾਨ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਵੱਲੋਂ ਇਨ੍ਹਾਂ ਜਾਇਜ਼ ਮੰਗਾਂ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ ਉਹ ਕਰੜਾ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੇ।