- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਰੋਡਵੇਜ਼ ਦੀ ਰਾਜ ਵਿਆਪੀ ਹੜਤਾਲ ਕਾਰਨ ਯਾਤਰੀ ਪ੍ਰੇਸ਼ਾਨ, ਮੁਕਤਸਰ ਡਿੱਪੂ ਦੇ 120 ਰੂਟ ਰਹੇ ਪ੍ਰਭਾਵਿਤ

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ
ਸ੍ਰੀ ਮੁਕਤਸਰ ਸਾਹਿਬ : ਪੰਜਾਬ ਰੋਡਵੇਜ਼, ਪਨਬੱਸ ਅਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਵੱਖ-ਵੱਖ ਮੰਗਾਂ ਨੂੰ ਲੈ ਕੇ ਬੁੱਧਵਾਰ ਨੂੰ ਰਾਜ ਵਿਆਪੀ ਹੜਤਾਲ ਕੀਤੀ। ਹੜਤਾਲ ਦੇ ਚੱਲਦਿਆਂ ਮੁਕਤਸਰ ਡਿੱਪੂ ਤੋਂ ਸਰਕਾਰੀ ਬੱਸਾਂ ਦਾ ਸੰਚਾਲਨ ਪੂਰੀ ਤਰ੍ਹਾਂ ਠੱਪ ਰਿਹਾ, ਜਿਸ ਕਾਰਨ ਸਭ ਤੋਂ ਵੱਧ ਪ੍ਰੇਸ਼ਾਨੀ ਔਰਤਾਂ ਨੂੰ ਆਈ। ਯੂਨੀਅਨ ਮੁਤਾਬਕ ਹੜਤਾਲ ਕਾਰਨ ਵਿਭਾਗ ਨੂੰ ਦੋ ਦਿਨਾਂ ’ਚ ਕਰੀਬ 16 ਤੋਂ 18 ਲੱਖ ਰੁਪਏ ਦਾ ਨੁਕਸਾਨ ਹੋਵੇਗਾ। ਮੁਕਤਸਰ ਡਿੱਪੂ ਦੇ ਕਰੀਬ 120 ਬੱਸ ਰੂਟ ਪ੍ਰਭਾਵਿਤ ਰਹੇ। ਸਵੇਰ ਤੋਂ ਹੀ ਬੱਸ ਸਟੈਂਡ ’ਤੇ ਯਾਤਰੀਆਂ ਦੀ ਭੀੜ ਜੁੜਨੀ ਸ਼ੁਰੂ ਹੋ ਗਈ ਸੀ, ਪਰ ਸਰਕਾਰੀ ਬੱਸਾਂ ਨਾ ਆਉਣ ਕਾਰਨ ਲੋਕਾਂ ਨੂੰ ਘੰਟਿਆਂਬੱਧੀ ਇੰਤਜ਼ਾਰ ਕਰਨਾ ਪਿਆ। ਸਭ ਤੋਂ ਵੱਧ ਪ੍ਰੇਸ਼ਾਨੀ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਝੱਲਣੀ ਪਈ। ਯੂਨੀਅਨ ਆਗੂਆਂ ਕਮਲ ਸਿੰਘ ਅਤੇ ਡਿੱਪੂ ਪ੍ਰਧਾਨ ਜਗਸੀਰ ਸਿੰਘ ਮਾਨਕ ਨੇ ਕਿਹਾ ਕਿ ਇਹ ਲੜਾਈ ਸਿਰਫ਼ ਕੰਟਰੈਕਟ ਅਤੇ ਆਊਟਸੋਰਸ ਵਰਕਰਾਂ ਦੀ ਨਹੀਂ ਹੈ, ਸਗੋਂ ਪੰਜਾਬ ਰੋਡਵੇਜ਼ ਦੇ ਹਰ ਕਰਮਚਾਰੀ ਅਤੇ ਪੈਨਸ਼ਨਰ ਦੇ ਹੱਕ ਅਤੇ ਭਵਿੱਖ ਦੀ ਲੜਾਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਜਿਵੇਂ ਕਿ ਕੰਟਰੈਕਟ 'ਤੇ ਕੰਮ ਕਰ ਰਹੇ ਡਰਾਈਵਰਾਂ ਅਤੇ ਕੰਡਕਟਰਾਂ ਨੂੰ ਤੁਰੰਤ ਰੈਗੂਲਰ ਕੀਤਾ ਜਾਵੇ, ਸੰਘਰਸ਼ ਦੌਰਾਨ ਦਰਜ ਸਾਰੇ ਕੇਸ ਅਤੇ ਮੁਕੱਦਮੇ ਰੱਦ ਕੀਤੇ ਜਾਣ, ਪੰਜਾਬ ਰੋਡਵੇਜ਼ ਦਾ ਪ੍ਰਾਈਵੇਟਾਈਜ਼ੇਸ਼ਨ ਰੋਕਿਆ ਜਾਵੇ ਅਤੇ ਕਿਲੋਮੀਟਰ ਸਕੀਮ ਤਹਿਤ ਪ੍ਰਾਈਵੇਟ ਬੱਸਾਂ ਲਿਆਉਣ ਦਾ ਫ਼ੈਸਲਾ ਵਾਪਸ ਲਿਆ ਜਾਵੇ। ਪੰਜਾਬ ਵਿੱਚ ਵਧਦੀ ਆਬਾਦੀ ਦੇ ਹਿਸਾਬ ਨਾਲ ਸਰਕਾਰੀ ਬੱਸਾਂ ਦੀ ਗਿਣਤੀ ਘੱਟੋ-ਘੱਟ 10 ਹਜ਼ਾਰ ਕੀਤੀ ਜਾਵੇ, ਤਾਂ ਜੋ ਨਵੇਂ ਪੜ੍ਹੇ-ਲਿਖੇ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਸਕੇ। ਉਨ੍ਹਾਂ ਸਪੱਸ਼ਟ ਕੀਤਾ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ 'ਤੇ ਗੰਭੀਰਤਾ ਨਾਲ ਵਿਚਾਰ ਨਹੀਂ ਕਰਦੀ, ਤਦ ਤੱਕ ਉਨ੍ਹਾਂ ਦਾ ਸੰਘਰਸ਼ ਲਗਾਤਾਰ ਜਾਰੀ ਰਹੇਗਾ।
ਸਰਕਾਰ ਨੂੰ ਹੜਤਾਲ ਦੇ ਮੱਦੇਨਜ਼ਰ ਕਰਨ ਚਾਹੀਦੇ ਸੀ ਢੁੱਕਵੇਂ ਪ੍ਰਬੰਧ
ਸ੍ਰੀ ਮੁਕਤਸਰ ਬੱਸ ਸਟੈਂਡ 'ਤੇ ਬੱਸ ਦਾ ਇੰਤਜ਼ਾਰ ਕਰ ਰਹੀਆਂ ਮਹਿਲਾਵਾਂ ਕਾਂਤਾ ਰਾਣੀ, ਰਜਨੀ ਅਤੇ ਸੁਸ਼ਮਾ ਦੇਵੀ ਨੇ ਕਿਹਾ ਕਿ ਉਨ੍ਹਾਂ ਨੇ ਅਬੋਹਰ ਦੇ ਨਾਲ ਲੱਗਦੇ ਕਿਸੇ ਪਿੰਡ ਆਪਣੇ ਰਿਸ਼ਤੇਦਾਰਾਂ ਕੋਲ ਜਾਣਾ ਸੀ, ਪਰ ਸਰਕਾਰੀ ਬੱਸਾਂ ਬੰਦ ਹੋਣ ਕਾਰਨ ਉਹ ਕਰੀਬ ਡੇਢ ਘੰਟੇ ਤੋਂ ਬੈਠੀਆਂ ਹਨ ਕਿ ਕੋਈ ਸਰਕਾਰੀ ਬੱਸ ਆ ਜਾਵੇ, ਪਰ ਹੁਣ ਤੱਕ ਕੋਈ ਬੱਸ ਨਹੀਂ ਆਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਇੰਨੇ ਪੈਸੇ ਵੀ ਨਹੀਂ ਹਨ ਕਿ ਉਹ ਕੋਈ ਆਪਣਾ ਸਾਧਨ ਕਰਕੇ ਉੱਥੇ ਪਹੁੰਚ ਸਕਣ। ਉੱਥੇ ਹੀ, ਇੱਕ ਹੋਰ ਮਹਿਲਾ ਕਮਲੇਸ਼ ਰਾਣੀ ਨੇ ਕਿਹਾ ਕਿ ਉਸਨੇ ਮੋਗਾ ਜਾਣਾ ਸੀ ਪਰ ਉਹ ਵੀ ਕਾਫ਼ੀ ਸਮੇਂ ਤੋਂ ਬੱਸ ਦਾ ਇੰਤਜ਼ਾਰ ਕਰ ਰਹੀ ਹੈ। ਹੁਣ ਉਸਨੂੰ ਸਮਝ ਨਹੀਂ ਆ ਰਹੀ ਕਿ ਉਹ ਕਿਵੇਂ ਜਾਵੇਗੀ। ਉਨ੍ਹਾਂ ਕਿਹਾ ਕਿ ਬੱਸ ਸਟੈਂਡ 'ਤੇ ਬਜ਼ੁਰਗ ਔਰਤਾਂ ਵੀ ਹਨ ਅਤੇ ਉਹ ਸਭ ਤੋਂ ਵੱਧ ਪ੍ਰੇਸ਼ਾਨ ਹੋ ਰਹੀਆਂ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਜੇਕਰ ਉਨ੍ਹਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਹੜਤਾਲ ਹੋਣ ਵਾਲੀ ਹੈ, ਤਾਂ ਜਾਂ ਤਾਂ ਕੋਈ ਪ੍ਰਬੰਧ ਕਰਨਾ ਚਾਹੀਦਾ ਸੀ ਜਾਂ ਜੇਕਰ ਕਰਮਚਾਰੀਆਂ ਦੀਆਂ ਮੰਗਾਂ ਜਾਇਜ਼ ਹਨ ਤਾਂ ਉਨ੍ਹਾਂ ਨੂੰ ਪੂਰਾ ਕਰਕੇ ਹੜਤਾਲ ਖ਼ਤਮ ਕਰਵਾਉਣੀ ਚਾਹੀਦੀ ਹੈ, ਤਾਂ ਜੋ ਲੋਕਾਂ ਨੂੰ ਪ੍ਰੇਸ਼ਾਨੀ ਨਾ ਝੱਲਣੀ ਪਵੇ।