ਡਿਲੀਵਰੀ ਤੋਂ ਬਾਅਦ ਔਰਤ ਦੀ ਦਰਦਨਾਕ ਮੌਤ, ਗੁੱਸੇ 'ਚ ਆਏ ਪਰਿਵਾਰ ਨੇ ਹਸਪਤਾਲ ਅੱਗੇ ਲਾਇਆ ਧਰਨਾ; ਮੌਕੇ 'ਤੇ ਪਹੁੰਚੀ ਪੁਲਿਸ ਸ੍ਰੀ ਮੁਕਤਸਰ ਸਾਹਿਬ ਦੇ ਬਠਿੰਡਾ ਰੋਡ ਬਾਈਪਾਸ ਨੇੜੇ ਸਥਿਤ ਇੱਕ ਨਿੱਜੀ ਹਸਪਤਾਲ ’ਚ ਡਿਲੀਵਰੀ ਤੋਂ ਬਾਅਦ ਔਰਤ ਦੀ ਮੌਤ ਹੋ ਗਈ। ਘਟਨਾ ਤੋਂ ਭੜਕੇ ਪਰਿਵਾਰਿਕ ਮੈਂਬਰਾਂ ਨੇ ਡਾਕਟਰ ’ਤੇ ਗੰਭੀਰ ਅਣਗਹਿਲੀ ਅਤੇ ਲਾਪਰਵਾਹੀ ਦੇ ਦੋਸ਼ ਲਗਾਉਂਦਿਆਂ ਹਸਪਤਾਲ ਦੇ ਬਾਹਰ ਸੜਕ ਜਾਮ ਕਰ ਦਿੱਤੀ ਅਤੇ ਧਰਨਾ ਲਗਾ ਦਿੱਤਾ। ਮ੍ਰਿਤਕ ਦੇਹ ਨੂੰ ਹਸਪਤਾਲ ’ਚ ਹੀ ਰੱਖਿਆ ਹੋਇਆ। ਮ੍ਰਿਤਕ ਔਰਤ ਦੀ ਪਛਾਣ ਸਰਬਜੀਤ ਕੌਰ (33) ਪਤਨੀ ਗੁਲਾਬ ਸਿੰਘ, ਵਾਸੀ ਪਿੰਡ ਕੋਟਭਾਈ ਵਜੋਂ ਹੋਈ ਹੈ।
Publish Date: Sun, 13 Sep 2026 03:22 PM (IST)
Updated Date: Sun, 13 Sep 2026 03:24 PM (IST)
ਭੰਵਰਾ\ਗਿੱਲ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਦੇ ਬਠਿੰਡਾ ਰੋਡ ਬਾਈਪਾਸ ਨੇੜੇ ਸਥਿਤ ਇੱਕ ਨਿੱਜੀ ਹਸਪਤਾਲ ’ਚ ਡਿਲੀਵਰੀ ਤੋਂ ਬਾਅਦ ਔਰਤ ਦੀ ਮੌਤ ਹੋ ਗਈ। ਘਟਨਾ ਤੋਂ ਭੜਕੇ ਪਰਿਵਾਰਿਕ ਮੈਂਬਰਾਂ ਨੇ ਡਾਕਟਰ ’ਤੇ ਗੰਭੀਰ ਅਣਗਹਿਲੀ ਅਤੇ ਲਾਪਰਵਾਹੀ ਦੇ ਦੋਸ਼ ਲਗਾਉਂਦਿਆਂ ਹਸਪਤਾਲ ਦੇ ਬਾਹਰ ਸੜਕ ਜਾਮ ਕਰ ਦਿੱਤੀ ਅਤੇ ਧਰਨਾ ਲਗਾ ਦਿੱਤਾ। ਮ੍ਰਿਤਕ ਦੇਹ ਨੂੰ ਹਸਪਤਾਲ ’ਚ ਹੀ ਰੱਖਿਆ ਹੋਇਆ। ਮ੍ਰਿਤਕ ਔਰਤ ਦੀ ਪਛਾਣ ਸਰਬਜੀਤ ਕੌਰ (33) ਪਤਨੀ ਗੁਲਾਬ ਸਿੰਘ, ਵਾਸੀ ਪਿੰਡ ਕੋਟਭਾਈ ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸਰਬਜੀਤ ਕੌਰ ਨੂੰ ਸ਼ਨੀਵਾਰ ਸਵੇਰੇ ਕਰੀਬ 10 ਵਜੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਸ਼ਾਮ ਕਰੀਬ 4:30 ਵਜੇ ਉਸ ਦੀ ਡਿਲੀਵਰੀ ਹੋਈ। ਡਿਲੀਵਰੀ ਤੋਂ ਬਾਅਦ ਬੱਚਾ ਤਾਂ ਸੁਰੱਖਿਅਤ ਹੈ, ਪਰ ਸਰਬਜੀਤ ਕੌਰ ਦੀ ਮੌਤ ਹੋ ਗਈ। ਧਰਨੇ ’ਤੇ ਬੈਠੇ ਮ੍ਰਿਤਕ ਦੇ ਪਤੀ ਗੁਲਾਬ ਸਿੰਘ ਅਤੇ ਰਿਸ਼ਤੇਦਾਰ ਰੁਪਿੰਦਰ ਸਿੰਘ ਨੇ ਦੱਸਿਆ ਕਿ ਡਿਲੀਵਰੀ ਤੋਂ ਤੁਰੰਤ ਬਾਅਦ ਡਾਕਟਰ ਆਪਣੀ ਜ਼ਿੰਮੇਵਾਰੀ ਤੋਂ ਭੱਜਦਿਆਂ ਮਰੀਜ਼ ਨੂੰ ਅਣਟਰੇਂਡ ਨਰਸਾਂ ਦੇ ਸਹਾਰੇ ਛੱਡ ਕੇ ਆਪ ਚਲੀ ਗਈ। ਕੁਝ ਸਮੇਂ ਬਾਅਦ ਨਰਸਾਂ ਨੇ ਖ਼ੂਨ ਦੀ ਘਾਟ ਦਾ ਬਹਾਨਾ ਬਣਾ ਕੇ ਖ਼ੂਨ ਲਿਆਉਣ ਲਈ ਕਿਹਾ, ਜਦਕਿ ਦਾਖ਼ਲ ਕਰਨ ਸਮੇਂ ਔਰਤ ਵਿੱਚ 11 ਗ੍ਰਾਮ ਖ਼ੂਨ ਮੌਜੂਦ ਸੀ। ਪਰਿਵਾਰ ਨੇ ਦੋਸ਼ ਲਗਾਇਆ ਕਿ ਡਾਕਟਰੀ ਅਣਗਹਿਲੀ ਅਤੇ ਸਮੇਂ ਸਿਰ ਢੁੱਕਵਾਂ ਇਲਾਜ ਨਾ ਮਿਲਣ ਕਾਰਨ ਜ਼ਿਆਦਾ ਖ਼ੂਨ ਵਹਿ ਜਾਣ ਕਰਕੇ ਸਰਬਜੀਤ ਕੌਰ ਦੀ ਰਾਤ ਸਮੇਂ ਮੌਤ ਹੋ ਗਈ।
ਪੀੜਤ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਸੀ। ਉਨ੍ਹਾਂ ਦੁੱਖੀ ਹਿਰਦੇ ਨਾਲ ਕਿਹਾ ਕਿ ਅੱਜ ਡਾਕਟਰ ਦੀ ਲਾਪਰਵਾਹੀ ਨੇ ਸਾਡਾ ਘਰ ਉਜਾੜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਹਸਪਤਾਲ ’ਚ ਪਹਿਲਾਂ ਵੀ ਅਣਗਹਿਲੀ ਕਾਰਨ ਲੋਕਾਂ ਦੀ ਜਾਨ ਜਾ ਚੁੱਕੀ ਹੈ। ਪਰਿਵਾਰ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਡਾਕਟਰ ਖ਼ਿਲਾਫ਼ ਤੁਰੰਤ ਲਾਪਰਵਾਹੀ ਅਤੇ ਕਤਲ ਦਾ ਪਰਚਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਲਾਇਸੰਸ ਰੱਦ ਕੀਤਾ ਜਾਵੇ। ਪਰਿਵਾਰ ਨੇ ਚਿਤਾਵਨੀ ਦਿੱਤੀ ਕਿ ਜਿੰਨਾਂ ਚਿਰ ਇਨਸਾਫ਼ ਨਹੀਂ ਮਿਲਦਾ, ਧਰਨਾ ਜਾਰੀ ਰਹੇਗਾ।
ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਦਰ ਦੇ ਐੱਸਐੱਚਓ ਹਰਪ੍ਰੀਤ ਸਿੰਘ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਪੀੜਤ ਪਰਿਵਾਰ ਦੇ ਬਿਆਨ ਦਰਜ਼ ਕਰ ਲਏ ਹਨ। ਡਾਕਟਰਾਂ ਦਾ ਬੋਰਡ ਬਣਾਇਆ ਜਾਵੇਗਾ ਅਤੇ ਬੋਰਡ ਦੀ ਜੋ ਰਿਪੋਰਟ ਆਵੇਗੀ ਉਸ ਤਹਿਤ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਓਧਰ ਡਾਕਟਰ ਕਵਿਤਾ ਗਾਵੜੀ ਨੇ ਕਿਹਾ ਕਿ ਮਰੀਜ਼ ਸਾਡੇ ਕੋਲ ਹਸਪਤਾਲ ’ਚ ਦਾਖ਼ਲ ਹੋਇਆ ਸੀ, ਉਸਦਾ ਸਹੀ ਇਲਾਜ ਹੋਇਆ ਹੈ। ਪਰਿਵਾਰ ਵੱਲੋਂ ਲਾਏ ਦੋਸ਼ਾਂ ਨੂੰ ਉਨ੍ਹਾਂ ਨਕਾਰਿਆ।