ਪੰਜਾਬ ’ਚ ਝੋਨੇ ਦੀ ਖ਼ਰੀਦ ਸ਼ੁਰੂ, ਸਰਹੱਦੀ ਮੰਡੀਆਂ ’ਚ ਪੁਖ਼ਤਾ ਪ੍ਰਬੰਧ ਪੰਜਾਬ ’ਚ ਝੋਨੇ ਦੀ ਖ਼ਰੀਦ ਸ਼ੁਰੂ, ਸਰਹੱਦੀ ਮੰਡੀਆਂ ’ਚ ਪੁਖ਼ਤਾ ਪ੍ਰਬੰਧ
Publish Date: Sun, 04 Oct 2026 05:52 PM (IST)
Updated Date: Sun, 04 Oct 2026 05:56 PM (IST)
ਚੇਤਨ ਭੂਰਾ, ਪੰਜਾਬੀ ਜਾਗਰਣ ਲੰਬੀ : ਪੰਜਾਬ ਵਿੱਚ ਝੋਨੇ ਦੀ ਸਰਕਾਰੀ ਖ਼ਰੀਦ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਮੰਡੀ ਬੋਰਡ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਡੇ ਪੱਧਰ ਤੇ ਪ੍ਰਬੰਧ ਕੀਤੇ ਗਏ ਹਨ। ਖ਼ਾਸ ਕਰਕੇ ਹਰਿਆਣਾ ਸਰਹੱਦ ਨਾਲ ਲੱਗਦੀ ਮੰਡੀ ਕਿੱਲਿਆਂਵਾਲੀ ਵਿਖੇ ਦੂਜੇ ਸੂਬਿਆਂ ਤੋਂ ਆਉਣ ਵਾਲੇ ਝੋਨੇ ਦੀ ਅਣਅਧਿਕਾਰਤ ਆਮਦ ਨੂੰ ਰੋਕਣ ਲਈ ਪੁਲਿਸ ਦੇ ਸਹਿਯੋਗ ਨਾਲ 1 ਤਰੀਕ ਤੋਂ ਹੀ ਸਾਰੀਆਂ ਸਰਹੱਦੀ ਸੜਕਾਂ ਤੇ ਸਖ਼ਤ ਨਾਕੇਬੰਦੀ ਕਰ ਦਿੱਤੀ ਗਈ ਹੈ। ਖ਼ਰੀਦ ਪ੍ਰਕਿਰਿਆ ਨੂੰ ਪਾਰਦਰਸ਼ੀ ਬਣਾਉਣ ਲਈ ਡਿਪਟੀ ਕਮਿਸ਼ਨਰ ਅਤੇ ਖ਼ਰੀਦ ਏਜੰਸੀਆਂ ਦੇ ਉੱਚ ਅਧਿਕਾਰੀਆਂ ਨੇ ਆੜ੍ਹਤੀਆਂ ਤੇ ਸ਼ੈਲਰ ਮਾਲਕਾਂ ਨਾਲ ਵਿਸ਼ੇਸ਼ ਸਮੀਖਿਆ ਮੀਟਿੰਗ ਕੀਤੀ। ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਬਾਜ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੰਡੀਆਂ ਦੀ ਸਾਫ਼-ਸਫ਼ਾਈ ਦਾ ਕੰਮ ਪਹਿਲਾਂ ਹੀ ਮੁਕੰਮਲ ਕਰ ਲਿਆ ਗਿਆ ਸੀ। ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਮੰਡੀ ’ਚ ਸੁੱਕੀ ਫ਼ਸਲ ਹੀ ਲਿਆਉਣ। ਝੋਨੇ ’ਚ ਨਮੀ ਦੀ ਮਾਤਰਾ 18 ਫ਼ੀਸਦੀ ਤੋਂ ਵੱਧ ਨਹੀਂ ਹੋਣੀ ਚਾਹੀਦੀ। ਕਿਸਾਨ ਵੱਡੀਆਂ ਢੇਰੀਆਂ ਲਗਾਉਣ ਦੀ ਬਜਾਏ ਫ਼ਸਲ ਨਾਲ ਦੀ ਨਾਲ ਵੇਚਣ ਨੂੰ ਤਰਜੀਹ ਦੇਣ। ਸਰਕਾਰ ਵੱਲੋਂ ਬੋਰੀਆਂ ਭਰਨ ਜਾਂ ਖ਼ਾਲੀ ਕਰਨ ਤੇ ਮੁਕੰਮਲ ਰੋਕ ਲਗਾਈ ਗਈ ਹੈ। ਹਰੇਕ ਆੜ੍ਹਤੀਏ ਲਈ ਆਪਣੇ ਨਾਲ ਜੁੜੇ ਕਿਸਾਨਾਂ ਦਾ ਮੁਕੰਮਲ ਬਾਇਓਡਾਟਾ, ਜਮ੍ਹਾਂਬੰਦੀ, ਫ਼ੋਟੋ ਅਤੇ ਝੋਨੇ ਹੇਠਲੇ ਰਕਬੇ ਦਾ ਵੇਰਵਾ ਮਾਰਕੀਟ ਕਮੇਟੀ ਕੋਲ ਜਮ੍ਹਾਂ ਕਰਵਾਉਣਾ ਲਾਜ਼ਮੀ ਹੋਵੇਗਾ। ਫ਼ਸਲ ਦੀ ਬੋਲੀ ਸਮੇਂ ਸਬੰਧਤ ਕਿਸਾਨ ਦੀ ਹਾਜ਼ਰੀ ਅਤੇ ਫ਼ੋਟੋ ਖਿੱਚਣਾ ਲਾਜ਼ਮੀ ਕੀਤਾ ਗਿਆ ਹੈ, ਤਾਂ ਜੋ ਐਮਐਸਪੀ ਦਾ ਲਾਹਾ ਸਿਰਫ਼ ਅਸਲ ਕਿਸਾਨਾਂ ਨੂੰ ਹੀ ਮਿਲ ਸਕੇ। 23 ਮੰਡੀਆਂ ਚ 10 ਲੱਖ ਗੱਟਾ ਆਉਣ ਦੀ ਉਮੀਦ ਕਿੱਲਿਆਂਵਾਲੀ ਮਾਰਕੀਟ ਕਮੇਟੀ ਦੇ ਅਧੀਨ ਫੋਕਲ ਪੁਆਇੰਟਾਂ ਸਮੇਤ ਕੁੱਲ 23 ਮੰਡੀਆਂ ਆਉਂਦੀਆਂ ਹਨ, ਜਿਨ੍ਹਾਂ ’ਚ ਅਧਿਕਾਰੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਇਸ ਸੀਜ਼ਨ ਦੌਰਾਨ ਮੰਡੀਆਂ ’ਚ ਲਗਭਗ 8 ਤੋਂ 10 ਲੱਖ ਗੱਟਾ ਝੋਨਾ ਆਉਣ ਦੀ ਉਮੀਦ ਹੈ, ਹਾਲਾਂਕਿ ਘੱਟ ਮੀਂਹ ਕਾਰਨ ਝਾੜ ਚ ਕੁਝ ਘਾਟ ਆਉਣ ਦਾ ਖ਼ਦਸ਼ਾ ਵੀ ਜਤਾਇਆ ਜਾ ਰਿਹਾ ਹੈ। ਇਲਾਕੇ ਦੇ ਉਦਯੋਗਿਕ ਢਾਂਚੇ ਚ ਵੱਡਾ ਬਦਲਾਅ ਖੇਤਰ ’ਚ ਇੱਕ ਵੱਡਾ ਬਦਲਾਅ ਇਹ ਦੇਖਣ ਨੂੰ ਮਿਲਿਆ ਹੈ ਕਿ ਪਹਿਲਾਂ ਇੱਥੇ ਚੱਲਣ ਵਾਲੀਆਂ ਕਪਾਹ ਦੀਆਂ ਫੈਕਟਰੀਆਂ (ਮਿੱਲਾਂ) ਹੁਣ ਲਗਭਗ ਬੰਦ ਹੋ ਚੁੱਕੀਆਂ ਹਨ ਅਤੇ ਉਨ੍ਹਾਂ ਦੀ ਜਗ੍ਹਾ ਸ਼ੈਲਰਾਂ ਦੀ ਗਿਣਤੀ ਲਗਾਤਾਰ ਵਧੀ ਹੈ। ਪਹਿਲਾਂ ਕਿੱਲਿਆਂਵਾਲੀ ਤੋਂ ਝੋਨਾ ਖ਼ਰੀਦ ਕੇ ਮਲੋਟ ਦੇ ਸ਼ੈਲਰਾਂ ਵਿੱਚ ਭੇਜਣਾ ਪੈਂਦਾ ਸੀ, ਪਰ ਹੁਣ ਸਥਾਨਕ ਪੱਧਰ ਤੇ ਹੀ ਸ਼ੈਲਰ ਉਪਲਬਧ ਹੋਣ ਨਾਲ ਆਵਾਜਾਈ ਦਾ ਖ਼ਰਚਾ ਅਤੇ ਸਮਾਂ ਬਚੇਗਾ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਵਾਰ ਬਾਹਰੀ ਸੂਬਿਆਂ ਤੋਂ ਆਉਣ ਵਾਲੇ ਝੋਨੇ ਤੇ ਸਖ਼ਤੀ ਨਾਲ ਰੋਕ ਲਗਾ ਕੇ ਪੰਜਾਬ ਦੇ ਸਥਾਨਕ ਕਿਸਾਨਾਂ ਦੇ ਹੱਕਾਂ ਦੀ ਪੂਰੀ ਰਾਖੀ ਕੀਤੀ ਜਾਵੇਗੀ।