ਬਲਾਕ ਲੰਬੀ ਦੇ ਪਿੰਡ ਕਿੱਲਿਆਂਵਾਲੀ ’ਚ ਸੁੱਕਿਆ ਝੋਨਾ ਬਲਾਕ ਲੰਬੀ ਦੇ ਪਿੰਡ ਕਿੱਲਿਆਂਵਾਲੀ ’ਚ ਸੁੱਕਿਆ ਝੋਨਾ
Publish Date: Mon, 14 Sep 2026 04:09 PM (IST)
Updated Date: Mon, 14 Sep 2026 04:11 PM (IST)
ਚੇਤਨ ਭੂਰਾ, ਪੰਜਾਬੀ ਜਾਗਰਣ ਲੰਬੀ : ਪੰਜਾਬ ’ਚ ਜਿੱਥੇ ਇੱਕ ਪਾਸੇ ਸਰਕਾਰ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਅਤੇ ਪਾਣੀ ਦੇਣ ਦੇ ਦਾਅਵੇ ਕਰ ਰਹੀ ਹੈ, ਉੱਥੇ ਹੀ ਹਲਕਾ ਲੰਬੀ ਦੇ ਪਿੰਡ ਕਿੱਲਿਆਂਵਾਲੀ ਤੋਂ ਬੇਹੱਦ ਚਿੰਤਾਜਨਕ ਤਸਵੀਰਾਂ ਸਾਹਮਣੇ ਆਈਆਂ ਹਨ। ਇਲਾਕੇ ’ਚ ਬਾਰਿਸ਼ ਨਾ ਹੋਣ, ਧਰਤੀ ਹੇਠਲਾ ਪਾਣੀ ਖਾਰਾ ਹੋਣ ਅਤੇ ਨਹਿਰੀ ਪਾਣੀ ਤੇ ਬਿਜਲੀ ਦੀ ਭਾਰੀ ਕਿੱਲਤ ਕਾਰਨ ਸੈਂਕੜੇ ਏਕੜ ਝੋਨੇ ਦੀ ਫ਼ਸਲ ਸੁੱਕ ਕੇ ਤਬਾਹ ਹੋ ਚੁੱਕੀ ਹੈ। ਹਾਲਾਤ ਇੰਨੇ ਮਾੜੇ ਹੋ ਚੁੱਕੇ ਹਨ ਕਿ ਮਹਿੰਗੇ ਭਾਅ ’ਤੇ ਜ਼ਮੀਨਾਂ ਠੇਕੇ ’ਤੇ ਲੈ ਕੇ ਖੇਤੀ ਕਰਨ ਵਾਲੇ ਕਿਸਾਨ ਖੜ੍ਹੀਆਂ ਫ਼ਸਲਾਂ ਤੇ ਟਰੈਕਟਰ ਚਲਾ ਕੇ ਵਾਹੁਣ ਲਈ ਮਜਬੂਰ ਹਨ। ਬਲਾਕ ਲੰਬੀ ਅਧੀਨ ਪੈਂਦੇ ਪਿੰਡ ਕਿੱਲਿਆਂਵਾਲੀ ਵਿਖੇ ਹਰੇ-ਭਰੇ ਖੇਤਾਂ ਦੀ ਥਾਂ ਸੁੱਕੇ ਪਏ ਝੋਨੇ ਦੇ ਖੇਤ ਕਿਸਾਨਾਂ ਦੀ ਬਦਹਾਲੀ ਦੀ ਗਵਾਹੀ ਭਰ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ 65 ਤੋਂ 70 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਠੇਕੇ ’ਤੇ ਜ਼ਮੀਨਾਂ ਲੈ ਕੇ ਝੋਨਾ ਲਗਾਇਆ ਸੀ। ਪ੍ਰੰਤੂ ਐਤਕੀਂ ਮੀਂਹ ਨਾ ਪੈਣ ਅਤੇ ਨਹਿਰਾਂ ਵਿੱਚ ਪੂਰਾ ਪਾਣੀ ਨਾ ਛੱਡੇ ਜਾਣ ਕਾਰਨ ਉਨ੍ਹਾਂ ਦੀ ਮਿਹਨਤ ’ਤੇ ਪਾਣੀ ਫਿਰ ਗਿਆ ਹੈ। ਬਿਜਲੀ ਘੱਟ ਆਉਣ ਤੇ ਨਹਿਰੀ ਪਾਣੀ ਨਾ ਮਿਲਣ ਕਰਕੇ ਫ਼ਸਲ ਸੁੱਕ ਗਈ ਪੀੜਤ ਕਿਸਾਨ ਸੁਖਬੀਰ ਸਿੰਘ ਨੇ ਦੱਸਿਆ ਕਿ ਅਸੀਂ 30-35 ਕਿੱਲੇ ਥਾਂ ਠੇਕੇ ’ਤੇ ਲਿਆ ਸੀ। ਆਸ ਸੀ ਕਿ ਫ਼ਸਲ ਚੰਗੀ ਹੋਵੇਗੀ ਤਾਂ ਘਰ ਦੀ ਆਰਥਿਕਤਾ ਸੁਧਰੇਗੀ, ਪਰ ਐਤਕੀਂ ਸੋਕੇ ਵਾਲੇ ਹਾਲਾਤ ਬਣ ਗਏ। ਬਿਜਲੀ ਘੱਟ ਆਉਣ ਅਤੇ ਨਹਿਰੀ ਪਾਣੀ ਨਾ ਮਿਲਣ ਕਰਕੇ ਫ਼ਸਲ ਸੁੱਕ ਗਈ। 70-70 ਹਜ਼ਾਰ ਰੁਪਏ ਠੇਕਾ ਸਿਰ ’ਤੇ ਪੈ ਗਿਆ ਹੈ। ਸਰਕਾਰਾਂ ਨੇ ਪਰਾਲੀ ਵਾਲੇ ਮਹਿੰਗੇ ਸੰਦ ਅਤੇ ਵੱਡੇ ਟਰੈਕਟਰ ਤਾਂ ਸਿਰ ਮੜ੍ਹ ਦਿੱਤੇ, ਪਰ ਹੁਣ ਖ਼ਰਚਾ ਵੀ ਪੂਰਾ ਨਹੀਂ ਨਿਕਲ ਰਿਹਾ। ਅਗਲੀ ਕਣਕ ਬੀਜਣ ਜੋਗੇ ਵੀ ਪੈਸੇ ਨਹੀਂ ਬਚੇ। ਪਿੰਡ ’ਚ ਕੁੱਲ ਰਕਬਾ ਕਰੀਬ 6500 ਏਕੜ ਹੈ, ਜਿਸ ਵਿੱਚੋਂ 90 ਫ਼ੀਸਦੀ ਧਰਤੀ ਹੇਠਲਾ ਪਾਣੀ ਖਾਰਾ ਅਤੇ ਮਾੜਾ ਹੈ। ਨਹਿਰੀ ਪਾਣੀ ਨਾ ਮਿਲਣ ਕਾਰਨ ਕਿਸਾਨਾਂ ਵੱਲੋਂ ਮਾੜੇ ਪਾਣੀ ਨਾਲ ਲਗਾਇਆ ਗਿਆ ਝੋਨਾ ਮੱਚ ਕੇ ਸੁਆਹ ਹੋ ਗਿਆ। ਕਿਸਾਨ ਆਗੂਆਂ ਮੁਤਾਬਕ ਪਿੰਡ ਦਾ ਲਗਭਗ 2000 ਏਕੜ ਰਕਬਾ ਪੂਰੀ ਤਰ੍ਹਾਂ ਬਰਬਾਦ ਹੋ ਚੁੱਕਾ ਹੈ। ਜਿਹੜਾ ਝੋਨਾ ਖੜ੍ਹਾ ਵੀ ਹੈ, ਉਸ ਤੋਂ ਮਹਿਜ਼ 5 ਤੋਂ 10 ਮਣ ਪ੍ਰਤੀ ਏਕੜ ਝਾੜ ਨਿਕਲਣ ਦੀ ਹੀ ਉਮੀਦ ਬਚੀ ਹੈ। 2000 ਏਕੜ ਝੋਨਾ ਪੂਰੀ ਤਰ੍ਹਾਂ ਹੋਇਆ ਤਬਾਹ ਹਰਪਾਲ ਸਿੰਘ ਸੀਨੀਅਰ ਮੀਤ ਪ੍ਰਧਾਨ ਬੀਕੇਯੂ ਏਕਤਾ ਉਗਰਾਹਾਂ, ਬਲਾਕ ਲੰਬੀ ਨੇ ਕਿਹਾ ਕਿ ਸਾਡੇ ਪਿੰਡ ਦਾ 6500 ਏਕੜ ਰਕਬਾ ਹੈ ਅਤੇ ਧਰਤੀ ਹੇਠਲਾ ਪਾਣੀ 90 ਫ਼ੀਸਦੀ ਬਿਲਕੁਲ ਮਾੜਾ ਹੈ। ਬਾਰਿਸ਼ ਬਿਲਕੁਲ ਨਹੀਂ ਹੋਈ ਅਤੇ ਕੱਸੀ ਦਾ ਨਹਿਰੀ ਪਾਣੀ ਮਹੀਨੇ ’ਚ ਮਸਾਂ ਇੱਕ ਹਫ਼ਤਾ ਹੀ ਪੂਰਾ ਚੱਲਦਾ ਹੈ। ਜਦੋਂ ਹੁਣ ਫ਼ਸਲ ਨਿਸਾਰੇ ’ਤੇ ਹੈ ਅਤੇ ਪਾਣੀ ਦੀ ਸਭ ਤੋਂ ਵੱਧ ਲੋੜ ਹੈ, ਉਦੋਂ ਨਾ ਬਿਜਲੀ ਮਿਲ ਰਹੀ ਹੈ ਅਤੇ ਨਾ ਹੀ ਨਹਿਰੀ ਪਾਣੀ। ਕਰੀਬ 2000 ਏਕੜ ਝੋਨਾ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ। ਸਾਡੀ ਸਰਕਾਰ ਤੋਂ ਮੰਗ ਹੈ ਕਿ ਤੁਰੰਤ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਬਣਦਾ ਯੋਗ ਮੁਆਵਜ਼ਾ ਦਿੱਤਾ ਜਾਵੇ। ਪਾਣੀ ਦੀ ਘਾਟ ਕਾਰਨ ਖੇਤ ਵਾਹ ਕੇ ਖ਼ਾਲੀ ਛੱਡਣੇ ਪਏ ਸਰਕਾਰ ਵੱਲੋਂ ਦਿਨ ਵੇਲੇ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਦੇ ਦਾਅਵਿਆਂ ਦੀ ਪੋਲ ਖੋਲ੍ਹਦਿਆਂ ਕਿਸਾਨਾਂ ਨੇ ਦੱਸਿਆ ਕਿ ਖੇਤਾਂ ਵਾਲੀ ਮੋਟਰਾਂ ਦੀ ਬਿਜਲੀ ਰਾਤ ਨੂੰ ਢਾਈ ਵਜੇ ਛੱਡੀ ਜਾਂਦੀ ਹੈ ਅਤੇ ਮਹਿਜ਼ ਘੰਟੇ-ਡੇਢ ਘੰਟੇ ਬਾਅਦ ਹੀ ਕੱਟ ਲਗਾ ਦਿੱਤਾ ਜਾਂਦਾ ਹੈ। ਕਈ ਕਿਸਾਨਾਂ ਨੇ ਤਾਂ ਦੋ-ਦੋ ਵਾਰ ਝੋਨਾ ਲਾਇਆ, ਪਰ ਪਾਣੀ ਦੀ ਘਾਟ ਕਾਰਨ ਫ਼ਸਲ ਖ਼ਤਮ ਹੋ ਗਈ ਅਤੇ ਅਖ਼ੀਰ ਖੇਤ ਵਾਹ ਕੇ ਖ਼ਾਲੀ ਛੱਡਣੇ ਪਏ। ਸਰਕਾਰ ਕਹਿੰਦੀ ਸੀ ਕਿ ਦਿਨੇ ਲਾਈਟ ਦੇਵਾਂਗੇ, ਪਰ ਇੱਥੇ ਰਾਤ ਨੂੰ ਵੀ ਮਸਾਂ ਘੰਟਾ-ਡੇਢ ਘੰਟਾ ਹੀ ਲਾਈਟ ਆਉਂਦੀ ਹੈ। ਮਿੱਠੜੀ ਮਾਈਨਰ ਦੀ ਸਫ਼ਾਈ ਨਾ ਹੋਣ ਕਾਰਨ ਪਾਣੀ ਪੂਰਾ ਟੇਲਾਂ ਤੇ ਨਹੀਂ ਪਹੁੰਚਦਾ। 20-20 ਹਜ਼ਾਰ ਰੁਪਏ ਕਿੱਲੇ ਦਾ ਖ਼ਰਚਾ ਕਰਕੇ ਵੀ ਝੋਨਾ ਸੁੱਕ ਗਿਆ ਤੇ ਵਾਹੁਣਾ ਪੈ ਰਿਹਾ ਹੈ। ਸਾਡਾ ਸਾਰਾ ਠੇਕਾ ਸਿਰ ਪੈ ਗਿਆ, ਸਰਕਾਰ ਸਾਨੂੰ ਤੁਰੰਤ ਮੁਆਵਜ਼ਾ ਦੇਵੇ ਤੇ ਦਿਨ ਵੇਲੇ ਪੂਰੀ ਬਿਜਲੀ ਮੁਹੱਈਆ ਕਰਵਾਏ। ਦੂਜੇ ਪਾਸੇ ਹਲਕੇ ਦੇ ਵਿਧਾਇਕ ਅਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆਂ ਨੇ ਵੀ ਮੰਨਿਆ ਕਿ ਬਾਰਿਸ਼ ਨਾ ਪੈਣ ਕਰਕੇ ਅਤੇ ਤਕਨੀਕੀ ਖਰਾਬ ਕਰਕੇ ਬਿਜਲੀ ਘੱਟ ਆਉਣ ਕਰਕੇ ਥੋੜਾ ਨੁਕਸਾਨ ਹੋਇਆ ਹੈ। ਆਰਥਿਕ ਤੰਗੀ ਨਾਲ ਜੂਝ ਰਹੇ ਅੰਨਦਾਤੇ ਦੀ ਇਹ ਹਾਲਤ ਸਰਕਾਰੀ ਪ੍ਰਬੰਧਾਂ ਤੇ ਵੱਡੇ ਸਵਾਲ ਖੜ੍ਹੇ ਕਰਦੀ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਕੀ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਪਿੰਡ ਕਿੱਲਿਆਂਵਾਲੀ ਦੇ ਇਨ੍ਹਾਂ ਬਰਬਾਦ ਹੋਏ ਖੇਤਾਂ ਦੀ ਸਾਰ ਲੈਂਦਿਆਂ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਜਾਰੀ ਕਰਦਾ ਹੈ ਜਾਂ ਫਿਰ ਇਹ ਕਿਸਾਨ ਕਰਜ਼ੇ ਦੀ ਦਲਦਲ ’ਚ ਹੋਰ ਡੂੰਘੇ ਧੱਸਣ ਲਈ ਮਜ਼ਬੂਰ ਹੋਣਗੇ।