ਮੌਤ ਬਣ ਕੇ ਦੌੜ ਰਹੇ ਓਵਰਲੋਡ ਈ-ਰਿਕਸ਼ਾ, ਸਕੂਲੀ ਬੱਚਿਆਂ ਦੀ ਸੁਰੱਖਿਆ ਰੱਬ ਆਸਰੇ ਮੌਤ ਬਣ ਕੇ ਦੌੜ ਰਹੇ ਓਵਰਲੋਡ ਈ-ਰਿਕਸ਼ਾ, ਸਕੂਲੀ ਬੱਚਿਆਂ ਦੀ ਸੁਰੱਖਿਆ ਰੱਬ ਭਰੋਸੇ
Publish Date: Wed, 09 Sep 2026 06:26 PM (IST)
Updated Date: Wed, 09 Sep 2026 06:28 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀਆਂ ਸੜਕਾਂ ’ਤੇ ਸਕੂਲੀ ਬੱਚਿਆਂ ਨੂੰ ਢੋਹ ਰਹੇ ਓਵਰਲੋਡ ਈ-ਰਿਕਸ਼ਾ ਅਤੇ ਆਟੋ ਮਾਪਿਆਂ ਦੀ ਚਿੰਤਾ ਵਧਾ ਰਹੇ ਹਨ। ਕੁਝ ਰੁਪਏ ਬਚਾਉਣ ਦੀ ਹੋੜ ’ਚ ਕਈ ਚਾਲਕ ਨਿਯਮਾਂ ਦੀ ਅਣਦੇਖੀ ਕਰਕੇ ਮਾਸੂਮ ਬੱਚਿਆਂ ਦੀ ਜਾਨ ਜ਼ੋਖਮ ’ਚ ਪਾ ਰਹੇ ਹਨ। ਸੇਫ਼ ਸਕੂਲ ਵਾਹਨ ਪਾਲਿਸੀ ਦੇ ਸਪੱਸ਼ਟ ਨਿਯਮ ਹੋਣ ਦੇ ਬਾਵਜੂਦ ਜ਼ਿਲ੍ਹੇ ’ਚ ਇਨ੍ਹਾਂ ਦੀ ਪਾਲਣਾ ਪ੍ਰਭਾਵਸ਼ਾਲੀ ਢੰਗ ਨਾਲ ਨਹੀਂ ਹੋ ਰਹੀ। ਪੁਲਿਸ ਅਤੇ ਟਰਾਂਸਪੋਰਟ ਵਿਭਾਗ ਕਾਰਵਾਈ ਤਾਂ ਕਰ ਰਹੇ ਹਨ, ਪਰ ਹਾਲਾਤ ’ਚ ਲੋੜੀਂਦਾ ਸੁਧਾਰ ਦਿਖਾਈ ਨਹੀਂ ਦੇ ਰਿਹਾ। ਪਿਛਲੇ ਦੋ ਮਹੀਨਿਆਂ ’ਚ ਪੁਲਿਸ ਅਤੇ ਟਰਾਂਸਪੋਰਟ ਵਿਭਾਗ ਨੇ ਸਾਂਝੀ ਮੁਹਿੰਮ ਦੌਰਾਨ ਕਰੀਬ 150 ਸਕੂਲੀ ਵਾਹਨਾਂ ਦੇ ਚਲਾਨ ਕੱਟੇ ਹਨ। ਇਸਦੇ ਬਾਵਜੂਦ ਕਈ ਈ-ਰਿਕਸ਼ਾ ਅਤੇ ਆਟੋ ਰੋਜ਼ਾਨਾ ਸਕੂਲੀ ਬੱਚਿਆਂ ਨੂੰ ਬਿਠਾ ਕੇ ਬੇਖ਼ੌਫ਼ ਸੜਕਾਂ ’ਤੇ ਦੌੜਦੇ ਦਿਖਾਈ ਦਿੰਦੇ ਹਨ। ਕਈ ਵਾਹਨ ਨਿਰਧਾਰਿਤ ਸਮਰੱਥਾ ਤੋਂ ਕਈ ਗੁਣਾ ਜ਼ਿਆਦਾ ਬੱਚਿਆਂ ਨੂੰ ਲੈ ਕੇ ਚੱਲਦੇ ਹਨ, ਜਿਸ ਨਾਲ ਹਾਦਸੇ ਦਾ ਖ਼ਤਰਾ ਲਗਾਤਾਰ ਬਣਿਆ ਰਹਿੰਦਾ ਹੈ। 7 ਸੀਟਰ ਵੈਨ ’ਚ ਬੈਠ ਰਹੇ ਹਨ 15 ਤੋਂ 20 ਬੱਚੇ ਜ਼ਿਲ੍ਹੇ ਚ ਕਈ ਜਗ੍ਹਾ ਸੱਤ ਸੀਟਰ ਵੈਨਾਂ ਅਤੇ ਆਟੋਆਂ ਚ 15 ਤੋਂ 20 ਬੱਚਿਆਂ ਤੱਕ ਨੂੰ ਬਿਠਾ ਕੇ ਸਕੂਲ ਪਹੁੰਚਾਇਆ ਜਾ ਰਿਹਾ ਹੈ। ਜ਼ਿਆਦਾਤਰ ਵਾਹਨਾਂ ’ਚ ਨਾ ਤਾਂ ਕੋਈ ਅਟੈਂਡੈਂਟ ਹੁੰਦਾ ਹੈ ਅਤੇ ਨਾ ਹੀ ਬੱਚਿਆਂ ਦੀ ਸੁਰੱਖਿਆ ਲਈ ਜ਼ਰੂਰੀ ਇੰਤਜ਼ਾਮ ਕੀਤੇ ਗਏ ਹਨ। ਕਈ ਵਾਹਨਾਂ ਦੀ ਤਕਨੀਕੀ ਹਾਲਤ ਵੀ ਤਸੱਲੀਬਖ਼ਸ਼ ਨਹੀਂ ਹੈ, ਫਿਰ ਵੀ ਉਹ ਬਿਨਾਂ ਰੋਕ-ਟੋਕ ਸੜਕਾਂ ਤੇ ਦੌੜ ਰਹੇ ਹਨ। ਅਜਿਹੇ ਹਾਲਾਤ ਕਿਸੇ ਵੀ ਸਮੇਂ ਵੱਡੇ ਹਾਦਸੇ ਦਾ ਕਾਰਨ ਬਣ ਸਕਦੇ ਹਨ। ਮਾਪਿਆਂ ਨੂੰ ਵੀ ਨਿਭਾਉਣੀ ਪਵੇਗੀ ਜ਼ਿੰਮੇਵਾਰੀ : ਸ਼ਿਵਾਨੀ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ਼ਿਵਾਨੀ ਨੇ ਕਿਹਾ ਕਿ ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ ਸਮੇਂ-ਸਮੇਂ ਤੇ ਚੈਕਿੰਗ ਮੁਹਿੰਮ ਚਲਾਈ ਜਾਂਦੀ ਹੈ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਦੇ ਖ਼ਿਲਾਫ਼ ਚਲਾਨ ਦੀ ਕਾਰਵਾਈ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮਾਪਿਆਂ ਨੂੰ ਵੀ ਜਾਗਰੂਕ ਹੋ ਕੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਬੱਚੇ ਸੁਰੱਖਿਅਤ ਅਤੇ ਮਾਨਤਾ ਪ੍ਰਾਪਤ ਵਾਹਨ ’ਚ ਹੀ ਸਕੂਲ ਜਾਣ। ਸਮਾਜ ਸੇਵੀ ਜਗਦੀਸ਼ ਰਾਏ ਢੋਸੀਵਾਲ ਨੇ ਕਿਹਾ ਕਿ ਜੇਕਰ ਕੋਈ ਸਕੂਲ ਵੈਨ ਜਾਂ ਆਟੋ ਓਵਰਲੋਡ ਹੋਵੇ ਜਾਂ ਉਸ ਦੀ ਹਾਲਤ ਠੀਕ ਨਾ ਲੱਗੇ ਤਾਂ ਮਾਪਿਆਂ ਨੂੰ ਤੁਰੰਤ ਸਕੂਲ ਪ੍ਰਬੰਧਕਾਂ ਅਤੇ ਟਰਾਂਸਪੋਰਟ ਵਿਭਾਗ ਨੂੰ ਇਸਦੀ ਸ਼ਿਕਾਇਤ ਕਰਨੀ ਚਾਹੀਦੀ ਹੈ। ਈ-ਰਿਕਸ਼ਾ ਸਕੂਲ ਟਰਾਂਸਪੋਰਟ ਲਈ ਮਾਨਤਾ ਪ੍ਰਾਪਤ ਨਹੀਂ : ਏਆਰਟੀਓ ਏਆਰਟੀਓ ਰਾਕੇਸ਼ ਬਾਂਸਲ ਨੇ ਸਪੱਸ਼ਟ ਕੀਤਾ ਕਿ ਈ-ਰਿਕਸ਼ਾ ਸੇਫ਼ ਚਾਈਲਡ ਟਰਾਂਸਪੋਰਟੇਸ਼ਨ ਦੇ ਮਾਪਦੰਡਾਂ ਤਹਿਤ ਮਾਨਤਾ ਪ੍ਰਾਪਤ ਸਕੂਲ ਵਾਹਨ ਨਹੀਂ ਹਨ। ਉਨ੍ਹਾਂ ਦੱਸਿਆ ਕਿ ਸਕੂਲ ਬੱਸਾਂ ’ਚ ਚਾਲਕ ਅਤੇ ਪਰਿਚਾਲਕ ਦੀ ਵੈਰੀਫਿਕੇਸ਼ਨ, ਜੀਪੀਐਸ, ਸੀਸੀਟੀਵੀ ਕੈਮਰੇ, ਸਪੀਡ ਲਿਮਿਟਰ ਅਤੇ ਐਮਰਜੈਂਸੀ ਸੁਰੱਖਿਆ ਇੰਤਜ਼ਾਮ ਲਾਜ਼ਮੀ ਹੁੰਦੇ ਹਨ, ਜਦਕਿ ਈ-ਰਿਕਸ਼ਾ ’ਚ ਇਨ੍ਹਾਂ ਵਿੱਚੋਂ ਕੋਈ ਵੀ ਵਿਵਸਥਾ ਨਹੀਂ ਹੁੰਦੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਕੋਈ ਈ-ਰਿਕਸ਼ਾ ਬੱਚਿਆਂ ਨੂੰ ਸਕੂਲ ਲੈ ਕੇ ਜਾਂਦਾ ਮਿਲਿਆ ਤਾਂ ਉਸ ਦਾ ਚਲਾਨ ਕਰਨ ਦੇ ਨਾਲ-ਨਾਲ ਵਾਹਨ ਨੂੰ ਜ਼ਬਤ ਕਰਨ ਦੀ ਕਾਰਵਾਈ ਵੀ ਕੀਤੀ ਜਾਵੇਗੀ।