ਨਵਾਂ ਠੇਕੇਦਾਰ ਨਾ ਮਿਲਣ ਕਾਰਨ ਆਓਟਸੋਰਸ/ਠੇਕੇ ’ਤੇ ਕੰਮ ਕਰਦੇ ਸਫਾਈ ਸੇਵਕ 5 ਦਿਨਾਂ ਤੋਂ ਵਿਹਲੇ ਆਓਟਸੋਰਸ/ਠੇਕੇ ’ਤੇ ਕੰਮ ਕਰਦੇ ਸਫਾਈ ਸੇਵਕ ਨਵਾਂ ਠੇਕੇਦਾਰ ਨਾ ਮਿਲਣ ਕਾਰਨ ਬੀਤੇ 5 ਦਿਨਾਂ ਤੋਂ ਵਿਹਲੇ
Publish Date: Mon, 05 Oct 2026 06:24 PM (IST)
Updated Date: Mon, 05 Oct 2026 06:26 PM (IST)
ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਆਓਟਸੋਰਸ/ਠੇਕੇ ’ਤੇ ਕੰਮ ਕਰਦੇ ਸਫਾਈ ਸੇਵਕ ਨਵੇਂ ਠੇਕੇਦਾਰ ਦੀ ਆਸ ’ਚ ਅੱਜ ਲਗਾਤਾਰ 5 ਦਿਨਾਂ ਤੋਂ ਬਿਨਾਂ ਕੰਮ ਬੈਠੇ ਹਨ, ਜਦੋਂਕਿ ਸਿਵਲ ਹਸਪਤਾਲ ਵਿਖੇ ਸਫਾਈ ਸੇਵਕਾਂ ਦੇ ਡਿਊਟੀ ਤੇ ਨਾ ਹੋਣ ਕਾਰਨ ਹਸਪਤਾਲ ਦਾ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਸਿਵਲ ਹਸਪਤਾਲ ਗਿੱਦੜਬਾਹਾ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਊਟਸੋਰਸ ਸਿਹਤ ਵਿਭਾਗ ਮੁਲਾਜਮ ਯੂਨੀਅਨ ਦੇ ਮੁੱਖ ਸਲਾਹਕਾਰ ਪੰਜਾਬ ਨਵਦੀਪ ਸਿੰਘ ਖਾਲਸਾ ਨੇ ਦੱਸਿਆ ਕਿ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਸਫਾਈ ਸੇਵਕਾਂ ਨੂੰ ਮੁਹੱਈਆਂ ਕਰਵਾਉਣ ਲਈ ਅਪੈਕਸ ਸ਼ੀਲਡ ਮੈਨਪਾਵਰ ਅਤੇ ਸਕਿਊਰਿਟੀ ਸਰਵਸਿਜ ਅਬੋਹਰ ਨੂੰ ਠੇਕਾ ਦਿੱਤਾ ਹੋਇਆ ਸੀ ਜਿਸ ਤਹਿਤ ਸਿਵਲ ਹਸਪਤਾਲ ਵਿਖੇ ਕਰੀਬ 17 ਸਫਾਈ ਕਰਮਚਾਰੀ ਕੰਮ ਕਰਦੇ ਸਨ। ਉਨ੍ਹਾਂ ਦੱਸਿਆ ਕਿ ਉਕਤ ਫਰਮ ਦੇ ਠੇਕੇ ਦੀ ਮਿਆਦ ਬੀਤੀ 30 ਸਤੰਬਰ 2026 ਨੂੰ ਸਮਾਪਤ ਹੋ ਗਈ, ਜਿਸਤੋਂ ਬਾਅਦ ਸਿਹਤ ਵਿਭਾਗ ਮੁੜ ਉਕਤ ਫਰਮ ਨੂੰ ਠੇਕਾ ਦੇਣਾ ਚਾਹੁੰਦੀ ਸੀ ਪਰੰਤੂ ਬਤੌਰ ਸਫਾਈ ਸੇਵਕ ਕੰਮ ਕਰੇ ਵਰਕਰਾਂ ਵੱਲੋਂ ਉਕਤ ਫਰਮ ਨੂੰ ਮੁੜ ਠੇਕਾ ਦਿੱਤੇ ਜਾਣ ਦੇ ਇਤਰਾਜ ਪ੍ਰਗਟ ਕੀਤਾ ਗਿਆ ਸੀ। ਵਰਕਰਾਂ ਦੇ ਇਤਰਾਜ ਕਰਨ ਦੇ ਬਾਵਜੂਦ ਵੀ ਸਿਹਤ ਵਿਭਾਗ ਉਕਤ ਠੇਕੇਦਾਰ ਫਰਮ ਨੂੰ ਠੇਕਾ ਦੇਣਾ ਚਾਹੁੰਦਾ ਹੈ ਜਦੋਂ ਕਿ ਉਹ ਵਿਭਾਗ ਨੂੰ ਕਈ ਵਾਰ ਠੇਕੇਦਾਰ/ਠੇਕੇਦਾਰ ਫਰਮ ਵੱਲੋਂ ਵਰਕਰਾਂ ਨਾਲ ਆਰਥਿਕ ਤੌਰ ’ਤੇ ਵਧੀਕਿਆਂ ਕਰਨ ਬਾਰੇ ਸ਼ਿਕਾਇਤਾਂ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਅੱਜ 5 ਦਿਨ ਬੀਤਣ ਤੋਂ ਬਾਅਦ ਵੀ ਨਵੇਂ ਠੇਕੇਦਾਰ ਨੂੰ ਠੇਕਾ ਨਹੀਂ ਦੇ ਸਕਿਆ ਹੈ, ਜਿਸ ਕਾਰਨ ਬੀਤੇ ਲੰਬੇ ਸਮੇਂ ਤੋਂ ਸਿਵਲ ਹਸਪਤਾਲ ਵਿਖੇ ਸਫਾਈ ਸੇਵਕ ਵਜੋਂ ਕੰਮ ਕਰਦੇ ਵਰਕਰ ਬੀਤੇ 5 ਦਿਨਾਂ ਤੋਂ ਵਿਹਲੇ ਬੈਠੇ ਹਨ। ਉਨ੍ਹਾਂ ਮੰਗ ਕੀਤੀ ਸਿਹਤ ਵਿਭਾਗ ਉਨ੍ਹਾਂ ਕੰਮ ਸੰਬੰਧੀ ਠੇਕਾ ਉਕਤ ਠੇਕੇਦਾਰ ਤੋਂ ਇਲਾਵਾ ਕਿਸੇ ਹੋਰ ਠੇਕੇਦਾਰ ਨੂੰ ਜਲਦੀ ਤੋਂ ਜਲਦੀ ਦੇਵੇ ਤਾਂ ਜੋ ਉਨ੍ਹਾਂ ਦੇ ਠੰਡੇ ਪਏ ਚੁੱਲ੍ਹੇ ਮੁੜ ਗਰਮ ਹੋ ਸਕਣ। ਇਸ ਪੂਰੇ ਮਾਮਲੇ ਸੰਬੰਧੀ ਜਦੋਂ ਐੱਸਐੱਮਓ ਡਾ. ਰਸ਼ਮੀ ਚਾਵਲਾ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਕਿਹਾ ਕਿ ਵਰਕਰਾਂ ਦੀ ਮੰਗ ’ਤੇ ਉਨ੍ਹਾਂ ਵੱਲੋਂ ਕਿਸੇ ਹੋਰ ਠੇਕੇਦਾਰ ਨੂੰ ਕੰਮ ਕਰਨ ਦੀ ਪੇਸ਼ਕਸ਼ ਕੀਤੀ ਗਈ ਸੀ ਪਰੰਤੂ ਉਹ ਠੇਕੇਦਾਰ ਕੰਮ ਲੈਣ ਨੂੰ ਤਿਆਰ ਨਹੀਂ ਹੋਇਆ, ਦੂਜੇ ਪਾਸੇ ਠੇਕਾ ਕਿਸ ਵਿਅਕਤੀ ਨੂੰ ਦੇਣਾ ਹੈ ਇਸ ਸੰਬੰਧੀ ਫੈਸਲਾ ਸਿਵਲ ਸਰਜਨ, ਡੀਐੱਚਐੱਸ, ਡੀਐੱਮਸੀ ਆਦਿ ਨੇ ਕਰਨਾ ਹੁੰਦਾ ਹੈ ਅਤੇ ਮੈਂ ਸਿਰਫ ਇੰਨ੍ਹਾਂ ਦੀ ਹਾਜਰੀ ਭਰਕੇ ਭੇਜਣੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਉਕਤ ਮਾਮਲੇ ਦੇ ਹੱਲ ਲਈ ਉਹ ਖੁਦ ਮੁਕਤਸਰ ਵਿਖੇ ਡੀਐੱਮਸੀ ਨਾਲ ਮੀਟਿੰਗ ਲਈ ਆਏ ਹੋਏ ਹਨ। ਉਨ੍ਹਾਂ ਕਿਹਾ ਕਿ ਇੰਨਾਂ ਸਫਾਈ ਸੇਵਕਾਂ ਨੂੰ ਠੇਕੇਦਾਰ ਰਾਹੀਂ ਹੀ ਕੰਮ ’ਤੇ ਰੱਖਿਆ ਜਾ ਸਕਦਾ ਹੈ ਜਦੋਂ ਕਿ ਸਿੱਧੇ ਤੌਰ ’ਤੇ ਕੰਮ ਉਪਰ ਰੱਖਣ ਸੰਬੰਧੀ ਉਹ ਪੀਐੱਚਐੱਸਸੀ ਨੂੰ ਲਿਖ ਦਿੰਦੇ ਹਨ।