ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਪ੍ਰਧਾਨਗੀ ਲਈ ਦੋ ਉਮੀਦਵਾਰਾਂ ’ਚ ਸਖ਼ਤ ਮੁਕਾਬਲਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਪ੍ਰਧਾਨਗੀ ਲਈ ਦੋ ਉਮੀਦਵਾਰਾਂ ’ਚ ਸਖਤ ਮੁਕਾਬਲਾ
Publish Date: Thu, 10 Sep 2026 06:36 PM (IST)
Updated Date: Fri, 11 Sep 2026 04:07 AM (IST)
ਅੱਜ ਪੈਣਗੀਆਂ ਵੋਟਾਂ, ਪੰਜ ਉਮੀਦਵਾਰ ਬਿਨ੍ਹਾਂ ਮੁਕਾਬਲਾ ਚੁਣੇ ਗਏ ਭੰਵਰਾ\ਗਿੱਲ. ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : 684 ਵੋਟਰਾਂ ਵਾਲੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਪ੍ਰਧਾਨਗੀ ਲਈ ਅੱਜ ਵੋਟਾਂ ਪੈਣੀਆਂ ਹਨ। ਰਿਟਰਨਿੰਗ ਅਫਸਰ ਐਡਵੋਕੇਟ ਤਨਵੀਰ ਜੋਸ਼ੀ ਨੇ ਦੱਸਿਆ ਕਿ ਬਾਰ ਦੇ ਪੰਜ ਆਹੁਦੇਵਾਰ ਬਿਨ੍ਹਾਂ ਮੁਕਾਬਲਾ ਚੁਣੇ ਗਏ ਹਨ ਜਿੰਨ੍ਹਾਂ ਵਿੱਚ ਮੀਤ ਪ੍ਰਧਾਨ ਲਈ ਅਮਨਦੀਪ ਸ਼ਰਮਾ ਤੇ ਰਾਜਵਿੰਦਰ ਕੌਰ ਬਰਾੜ, ਸਕੱਤਰ ਲਈ ਵਿੱਕੀ ਰੁਪਾਣਾ, ਜੁਆਇੰਟ ਸਕੱਤਰ ਲਈ ਅਰੁਣਜੀਤ ਕੌਰ, ਖਜਾਨਚੀ ਲਈ ਅਮਨਦੀਪ ਕੁਮਾਰ ਉਰਫ ਅਮਨ ਧਮੀਜਾ ਨੂੰ ਨਾਮਜ਼ਦ ਕਰ ਦਿੱਤਾ ਗਿਆ। ਹੁਣ ਮੁਕਾਬਲਾ ਪ੍ਰਧਾਨਗੀ ਦੇ ਉਮੀਦਵਾਰ ਮਨਜਿੰਦਰ ਸਿੰਘ ਚਾਹਲ ਤੇ ਗੌਤਮ ਅਰੌੜਾ ਵਿਚਕਾਰ ਹੈ। ਐਡਵੋਕੇਟ ਜੋਸ਼ੀ ਨੇ ਇਹ ਵੀ ਦੱਸਿਆ ਕਿ ਵੋਟਾਂ ਸੁਭ੍ਹਾ 10 ਵਜੇ ਤੋਂ ਸ਼ਾਮ 5 ਵਜੇ ਪੈਣਗੀਆਂ। ਵੋਟ ਪਾਉਣ ਲਈ ਬਾਰ ਕੌਂਸਲ ਦਾ ਪਹਿਚਾਣ ਪੱਤਰ ਜਾਂ ਕੋਈ ਹੋਰ ਆਈ ਕਾਰਡ ਜ਼ਰੂਰੀ ਹੈ। ਵੋਟ ਪ੍ਰਤੀਸ਼ਤ ਵੱਧਣ ਕਾਰਨ ਪਹਿਲੀ ਵਾਰ ਦੋ ਵੋਟਿੰਗ ਬੂਥ ਬਣਾਏ ਗਏ ਹਨ। ਵੋਟਾਂ ਤੋਂ ਬਾਅਦ ਗਿਣਤੀ ਹੋਵੇਗੀ ਤੇ ਦੇਰ ਰਾਤ ਤੱਕ ਨਤੀਜਾ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਵੋਟਾਂ ਦਾ ਪੂਰਾ ਪ੍ਰਬੰਧ ਕਰ ਲਿਆ ਗਿਆ ਹੈ। ਇਸ ਦੌਰਾਨ ਪ੍ਰਧਾਨਗੀ ਦੇ ਉਮੀਦਵਾਰ ਐਡਵੋਕੇਟ ਗੌਤਮ ਅਰੋੜਾ ਨੇ ਦੱਸਿਆ ਕਿ ਉਹ 23 ਸਾਲ ਤੋਂ ਵਕਾਲਤ ਕਰ ਰਹੇ ਹਨ, 5 ਵਾਰ ਸਕੱਤਰ ਤੇ ਇਕ ਵਾਰ ਪ੍ਰਧਾਨ ਰਹਿ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਨਵੇਂ ਵਕੀਲਾਂ ਵਾਸਤੇ ਕੰਪਿਊਟਰੀਕ੍ਰਿਤ ਲਾਇਬ੍ਰੇਰੀ ਬਣਾਉਣਾ ਉਨ੍ਹਾਂ ਦਾ ਮੁੱਖ ਮੁੱਦਾ ਹੈ ਤਾਂ ਜੋ ਉਨ੍ਹਾਂ ਨੂੰ ਜੁਡੀਸ਼ਲੀ ਤੇ ਹੋਰ ਕੰਪੀਟੀਸ਼ਨਾਂ ਦੀ ਤਿਆਰੀ ਵਾਸਤੇ ਸਹੂਲਤ ਮਿਲ ਸਕੇ। ਇਸੇ ਤਰ੍ਹਾਂ ਦੂਜੇ ਉਮੀਦਵਾਰ ਐਡਵੋਕੇਟ ਮਨਜਿੰਦਰ ਸਿੰਘ ਚਾਹਲ ਨੇ ਦੱਸਿਆ ਕਿ ਉਹ 2007 ਤੋਂ ਪ੍ਰੈਕਟਿਸ ਕਰ ਰਹੇ ਹਨ। ਉਨ੍ਹਾਂ ਦਾ ਮੁੱਖ ਮੁੱਦਾ ਨਵੇਂ ਵਕੀਲਾਂ ਦੀ ਰਜਿਸਟਰੇਸ਼ਨ ਫੀਸ 5 ਹਜ਼ਾਰ ਰੁਪਏ ਤੋਂ ਘਟਾਉਣਾ ਹੈ ਤਾਂ ਜੋ ਉਨ੍ਹਾਂ ’ਤੇ ਆਰਥਿਤ ਬੋਝ ਨਾ ਪਵੇ। ਇਸੇ ਤਰ੍ਹਾਂ ਸਾਲਾਨਾ ਫੀਸ ਘਟਾਉਣਾ ਅਤੇ ਬਾਰ ਦੇ ਖਰਚੇ ਵਾਸਤੇ ਆਮਦਨ ਦੇ ਨਵੇਂ ਸਾਧਨ ਪੈਦਾ ਕਰਨਾ ਮੁੱਖ ਮੁੱਦਾ ਹੈ।