ਸੇਵਾ ਕੇਂਦਰਾਂ ’ਚ ਹੜਤਾਲ ਕਾਰਨ ਠੱਪ ਰਿਹਾ ਕੰਮਕਾਜ ਸੇਵਾ ਕੇਂਦਰਾਂ ’ਚ ਹੜਤਾਲ ਕਾਰਨ ਠੱਪ ਰਿਹਾ ਕੰਮਕਾਜ
Publish Date: Thu, 29 Oct 2026 06:43 PM (IST)
Updated Date: Fri, 30 Oct 2026 04:04 AM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਆਪਣੀਆਂ ਮੰਗਾਂ ਨੂੰ ਲੈ ਕੇ ਵੀਰਵਾਰ ਨੂੰ ਸ੍ਰੀ ਮੁਕਤਸਰ ਸਾਹਿਬ ’ਚ ਸੇਵਾ ਕੇਂਦਰਾਂ ਦੇ ਕਰਮਚਾਰੀ ਇੱਕ ਰੋਜ਼ਾ ਹੜਤਾਲ ’ਤੇ ਰਹੇ। ਇਸਦੇ ਚੱਲਦਿਆਂ ਸੇਵਾ ਕੇਂਦਰਾਂ ’ਚ ਵੱਖ-ਵੱਖ ਕੰਮ ਕਰਵਾਉਣ ਪਹੁੰਚੇ ਲੋਕਾਂ ਨੂੰ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ। ਜਾਤੀ ਸਰਟੀਫਿਕੇਟ, ਜਨਮ-ਮੌਤ ਸਰਟੀਫਿਕੇਟ, ਫਰਦ ਸਮੇਤ ਹੋਰ ਜ਼ਰੂਰੀ ਸੇਵਾਵਾਂ ਲਈ ਪਹੁੰਚੇ ਲੋਕਾਂ ਨੂੰ ਬਿਨਾਂ ਕੰਮ ਕਰਵਾਏ ਹੀ ਵਾਪਸ ਪਰਤਣਾ ਪਿਆ। ਕਰਮਚਾਰੀਆਂ ਨੇ ਕੰਪਨੀ ਤੇ ਤਨਖਾਹ ’ਚ ਕਟੌਤੀ ਕਰਨ, ਭੱਤੇ ਤੇ ਬੋਨਸ ਦਾ ਭੁਗਤਾਨ ਬਕਾਇਆ ਰੱਖਣ ਅਤੇ ਕਥਿਤ ਤੌਰ ’ਤੇ ਨੌਕਰੀ ਤੋਂ ਕੱਢਣ ਦੀਆਂ ਧਮਕੀਆਂ ਦੇਣ ਦੇ ਦੋਸ਼ ਲਗਾਏ। ਸੇਵਾ ਕੇਂਦਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹਰਦੀਸ਼ ਸਿੰਘ ਨੇ ਕਿਹਾ ਕਿ ਕੰਪਨੀ ਕਰਮਚਾਰੀਆਂ ਦੀ ਤਨਖਾਹ ’ਚੋਂ ਹਰ ਮਹੀਨੇ ਕਟੌਤੀ ਕਰ ਰਹੀ ਹੈ। ਇਸ ਸਬੰਧੀ ਸਪੱਸ਼ਟੀਕਰਨ ਮੰਗਣ ਤੇ ਵੀ ਉਨ੍ਹਾਂ ਨੂੰ ਸੰਤੋਸ਼ਜਨਕ ਜਵਾਬ ਨਹੀਂ ਦਿੱਤਾ ਜਾਂਦਾ। ਉਨ੍ਹਾਂ ਦੱਸਿਆ ਕਿ ਸੇਵਾ ਕੇਂਦਰਾਂ ਤੇ ਤਾਇਨਾਤ ਸੁਰੱਖਿਆ ਗਾਰਡਾਂ ਨੂੰ ਵੀ ਤਿੰਨ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਹੈ। ਕਰਮਚਾਰੀਆਂ ਦਾ ਟੀ.ਏ. (TA) ਅਤੇ ਪਿਛਲੇ ਢਾਈ ਸਾਲਾਂ ਦਾ ਬੋਨਸ ਵੀ ਬਕਾਇਆ ਹੈ। ਉਨ੍ਹਾਂ ਕਿਹਾ ਕਿ ਰਾਜ ਸਕੱਤਰ ਨਾਲ ਮੀਟਿੰਗ ਤੋਂ ਬਾਅਦ ਫਿਲਹਾਲ ਇੱਕ ਵਾਰ ਹੜਤਾਲ ਮੁਲਤਵੀ ਕੀਤੀ ਗਈ ਹੈ। ਹਰਦੀਸ਼ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਕੈਬਨਿਟ ਮੰਤਰੀ ਅਮਨ ਅਰੋੜਾ ਨਾਲ ਕੰਪਨੀ ਦੇ ਨੁਮਾਇੰਦਿਆਂ ਦੀ ਮੀਟਿੰਗ ਹੋਈ ਸੀ। ਉਸ ਦੌਰਾਨ ਚੁੱਕੇ ਗਏ ਮੁੱਦਿਆਂ ਦਾ ਹੱਲ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਹੁਣ ਦੇਖਦੇ ਹਾਂ ਰਾਜ ਸਕੱਤਰ ਨਾਲ ਮੀਟਿੰਗ ਤੋਂ ਬਾਅਦ ਕੀ ਸਿੱਟਾ ਨਿਕਲਦਾ ਹੈ। ਜੇਕਰ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਅਨਿਸ਼ਚਿਤ ਸਮੇਂ ਲਈ ਧਰਨਾ ਸ਼ੁਰੂ ਕੀਤਾ ਜਾਵੇਗਾ। ਜ਼ਿਲ੍ਹਾ ਪ੍ਰਧਾਨ ਅਨੁਸਾਰ, ਜ਼ਿਲ੍ਹੇ ਦੇ 15 ਸੇਵਾ ਕੇਂਦਰਾਂ ਵਿੱਚ ਵੀਰਵਾਰ ਨੂੰ ਕੰਮਕਾਜ ਬੰਦ ਰਿਹਾ। ਇਹਨਾਂ ਕੇਂਦਰਾਂ ਤੇ ਲਗਭਗ 465 ਪ੍ਰਕਾਰ ਦੀਆਂ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਦੇ ਮੁਤਾਬਕ, ਰੋਜ਼ਾਨਾ ਦੋ ਹਜ਼ਾਰ ਤੋਂ 3,500 ਤੱਕ ਜਾਤੀ ਸਰਟੀਫਿਕੇਟ, ਜਨਮ-ਮੌਤ ਸਰਟੀਫਿਕੇਟ, ਫਰਦ ਅਤੇ ਹੋਰ ਸੇਵਾਵਾਂ ਨਾਲ ਜੁੜੇ ਕੰਮ ਹੁੰਦੇ ਹਨ। ਹੜਤਾਲ ਨਾਲ ਇਹਨਾਂ ਸੇਵਾਵਾਂ ਤੇ ਅਸਰ ਪਿਆ। ਇਸ ਮੌਕੇ ਮੀਤ ਪ੍ਰਧਾਨ ਅਮਨਦੀਪ ਸਿੰਘ, ਕੈਸ਼ੀਅਰ ਨਵਜੋਤ ਕੌਰ, ਹਰਦੀਪ ਸਿੰਘ, ਸ਼ੇਰਬਾਜ਼ ਸਿੰਘ, ਸੇਵਾ ਕੇਂਦਰ ਕਰਮਚਾਰੀ ਸੰਘ ਪੰਜਾਬ ਦੇ ਸੂਬਾ ਪ੍ਰਧਾਨ ਬਲਜਿੰਦਰ ਸਿੰਘ ਮਾਝਾ, ਉਪ ਪ੍ਰਧਾਨ ਮੋਹਿਨੀ ਸ਼ਰਮਾ ਅਤੇ ਜਨਰਲ ਸਕੱਤਰ ਗੁਰਸੇਵਕ ਸਿੰਘ ਹਾਜ਼ਰ ਸਨ।