ਸ੍ਰੀ ਗੁਰੂ ਗੋਬਿੰਦ ਸਿੰਘ ਪਾਰਕ ’ਚ ਓਪਨ ਜਿਮ ਦੇ ਉਪਕਰਨ ਟੁੱਟੇ, ਬਾਹਰ ਲੱਗੇ ਕੂੜੇ ਦੇ ਢੇਰ ਸ੍ਰੀ ਗੁਰੂ ਗੋਬਿੰਦ ਸਿੰਘ ਪਾਰਕ ’ਚ ਓਪਨ ਜਿਮ ਦੇ ਉਪਕਰਨ ਟੁੱਟੇ, ਬਾਹਰ ਲੱਗੇ ਕੂੜੇ ਦੇ ਢੇਰ, ਲੋਕ ਪ੍ਰੇਸ਼ਾਨ
Publish Date: Tue, 21 Jul 2026 03:54 PM (IST)
Updated Date: Tue, 21 Jul 2026 03:55 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ’ਤੇ ਬਣੇ ਸ਼ਹਿਰ ਦੇ ਮੁੱਖ ਪਾਰਕ ’ਚ ਫੈਲੀ ਬਦਇੰਤਜ਼ਾਮੀ ਸੈਰ ਕਰਨ ਆਉਣ ਵਾਲੇ ਲੋਕਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਰਹੀ ਹੈ। ਦੇਖਭਾਲ ਦੀ ਘਾਟ ਕਾਰਨ ਪਾਰਕ ’ਚ ਕਸਰਤ ਕਰਨ ਲਈ ਲਗਾਈ ਗਈ ਓਪਨ ਜਿਮਦੇ ਉਪਕਰਨ ਟੁੱਟ ਚੁੱਕੇ ਹਨ ਅਤੇ ਅਸੁਰੱਖਿਆ ਦਾ ਪ੍ਰਤੀਕ ਬਣ ਗਏ ਹਨ। ਉੱਥੇ ਹੀ ਸਫ਼ਾਈ ਦਾ ਵੀ ਕੋਈ ਖ਼ਾਸ ਪ੍ਰਬੰਧ ਨਹੀਂ ਹੈ। ਰੋਜ਼ਾਨਾ ਸਵੇਰੇ-ਸ਼ਾਮ ਸੈਰ ਲਈ ਆਉਣ ਵਾਲੇ ਸੈਂਕੜੇ ਲੋਕਾਂ ਨੂੰ ਹੁਣ ਇੱਥੇ ਆ ਕੇ ਨਿਰਾਸ਼ਾ ਹੀ ਹੱਥ ਲੱਗ ਰਹੀ ਹੈ। ਪਾਰਕ ਦੇ ਬਾਹਰ ਲੱਗੇ ਗੰਦਗੀ ਦੇ ਢੇਰ ਤੋਂ ਆਉਂਦੀ ਬਦਬੂ ਅੰਦਰ ਤੱਕ ਪਹੁੰਚ ਰਹੀ ਹੈ, ਜਿਸ ਕਾਰਨ ਲੋਕਾਂ ਦੀ ਪ੍ਰੇਸ਼ਨੀ ਹੋਰ ਵੀ ਵਧ ਗਈ ਹੈ। ਕਸਰਤ ਲਈ ਲਗਾਏ ਗਏ ਕਈ ਉਪਕਰਨ ਟੁੱਟ ਚੁੱਕੇ ਹਨ ਅਤੇ ਕੁੱਝ ਤਾਂ ਪੂਰੀ ਤਰ੍ਹਾਂ ਗਾਇਬ ਹਨ। ਜੋ ਬਚੇ ਹਨ, ਉਹ ਵੀ ਜੰਗ ਲੱਗ ਕੇ ਬੇਕਾਰ ਹੋ ਚੁੱਕੇ ਹਨ। ਸਥਾਨਕ ਵਾਸੀ ਸੁਰਿੰਦਰ ਸਿੰਘ ਨੇ ਕਿਹਾ ਕਿ ਮੈਂ ਰੋਜ਼ਾਨਾ ਸੈਰ ਲਈ ਆਉਂਦਾ ਹਾਂ। ਪਾਰਕ ਦੀ ਹਾਲਤ ਦੇਖ ਕੇ ਦੁੱਖ ਹੁੰਦਾ ਹੈ। ਇਹ ਜ਼ਿਲ੍ਹਾ ਹੈੱਡਕੁਆਰਟਰ ਦਾ ਸਭ ਤੋਂ ਵੱਡਾ ਪਾਰਕ ਹੈ, ਪਰ ਪ੍ਰਸ਼ਾਸਨ ਬਿਲਕੁਲ ਧਿਆਨ ਨਹੀਂ ਦੇ ਰਿਹਾ। ਸਾਫ਼-ਸਫ਼ਾਈ ਦਾ ਕੋਈ ਪ੍ਰਬੰਧ ਹੀ ਨਹੀਂ ਹੈ। ਪੱਪੂ ਰਾਮ ਨੇ ਕਿਹਾ ਕਿ ਇੱਥੇ ਲੋਕ ਤਾਜ਼ੀ ਹਵਾ ਲੈਣ ਆਉਂਦੇ ਹਨ, ਪਰ ਗੰਦਗੀ ਦੇਖ ਕੇ ਹੋਰ ਪ੍ਰੇਸ਼ਾਨ ਹੋ ਕੇ ਪਰਤ ਜਾਂਦੇ ਹਨ। ਬਾਥਰੂਮ ਤਾਂ ਬਣਾਏ ਗਏ ਸਨ, ਪਰ ਉੱਥੇ ਪਾਣੀ ਤੱਕ ਨਹੀਂ ਆਉਂਦਾ। ਪ੍ਰਸ਼ਾਸਨ ਤੁਰੰਤ ਇਸ ’ਚ ਸੁਧਾਰ ਕਰੇ। ਔਰਤਾਂ ਨੂੰ ਹੁੰਦੀ ਸਭ ਤੋਂ ਵੱਧ ਦਿੱਕਤ ਸੈਰ ਕਰਨ ਆਉਣ ਵਾਲੀਆਂ ਮਹਿਲਾਵਾਂ ਨੇ ਦੱਸਿਆ ਕਿ ਪਾਰਕ ’ਚ ਔਰਤਾਂ ਦੀ ਸੁਰੱਖਿਆ ਵੀ ਇੱਕ ਵੱਡਾ ਸਵਾਲ ਬਣ ਗਈ ਹੈ। ਕੋਟਕਪੂਰਾ ਰੋਡ ਵਾਲੇ ਪਾਸਿਓਂ ਦਾਖ਼ਲ ਹੁੰਦੇ ਸਮੇਂ ਸਵੇਰੇ-ਸ਼ਾਮ ਨਸ਼ੇੜੀ ਕਿਸਮ ਦੇ ਲੋਕ ਖੜ੍ਹੇ ਰਹਿੰਦੇ ਹਨ। ਇਸ ਨਾਲ ਔਰਤਾਂ ਅਸਹਿਜ ਮਹਿਸੂਸ ਕਰਦੀਆਂ ਹਨ ਅਤੇ ਕਈ ਵਾਰ ਪਾਰਕ ਆਉਣ ਤੋਂ ਕਤਰਾਉਂਦੀਆਂ ਹਨ। ਮਹਿਲਾਵਾਂ ਲਈ ਬਣੇ ਬਾਥਰੂਮਾਂ ਨੂੰ ਤਾਲੇ ਲਟਕ ਰਹੇ ਹਨ ਅਤੇ ਪੀਣ ਵਾਲੇ ਪਾਣੀ ਦਾ ਵੀ ਕੋਈ ਪ੍ਰਬੰਧ ਨਹੀਂ ਹੈ। ਇਸ ਨਾਲ ਬਜ਼ੁਰਗਾਂ ਅਤੇ ਬੱਚਿਆਂ ਨਾਲ ਆਉਣ ਵਾਲੀਆਂ ਔਰਤਾਂ ਨੂੰ ਸਭ ਤੋਂ ਵੱਧ ਪ੍ਰੇਸ਼ਾਨੀ ਹੋ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਉਹ ਕਈ ਵਾਰ ਪ੍ਰਸ਼ਾਸਨ ਨੂੰ ਸ਼ਿਕਾਇਤ ਦੇ ਚੁੱਕੇ ਹਨ, ਪਰ ਹੁਣ ਤੱਕ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਹੱਲ ਕਰਵਾਇਆ ਜਾਵੇਗਾ : ਏਡੀਸੀ ਏਡੀਸੀ ਡੈਵੀ ਗੋਇਲ ਨੇ ਕਿਹਾ ਕਿ ਸਬੰਧਤ ਵਿਭਾਗ ਦੇ ਅਧਿਕਾਰੀਆਂ ਨਾਲ ਗੱਲ ਕਰਕੇ ਸਮੱਸਿਆ ਦਾ ਹੱਲ ਕਰਵਾਇਆ ਜਾਵੇਗਾ।