ਆਮ ਆਦਮੀ ਕਲੀਨਿਕਾਂ ਦੀ ਹੜਤਾਲ ਨਾਲ 2,000 ਮਰੀਜ਼ਾਂ ਦੀ ਓਪੀਡੀ ਠੱਪ, ਸਿਵਲ ਹਸਪਤਾਲ ’ਤੇ ਵਧਿਆ ਦਬਾਅ ਆਮ ਆਦਮੀ ਕਲੀਨਿਕਾਂ ਦੀ ਹੜਤਾਲ ਨਾਲ 2,000 ਮਰੀਜ਼ਾਂ ਦੀ ਓਪੀਡੀ ਠੱਪ, ਸਿਵਲ ਹਸਪਤਾਲ ’ਤੇ ਵਧਿਆ ਦਬਾਅ
Publish Date: Mon, 27 Jul 2026 05:56 PM (IST)
Updated Date: Mon, 27 Jul 2026 05:57 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਆਮ ਆਦਮੀ ਕਲੀਨਿਕ ਸੰਯੁਕਤ ਫਰੰਟ ਦੇ ਸੱਦੇ ’ਤੇ ਸੋਮਵਾਰ ਨੂੰ ਜ਼ਿਲ੍ਹਾ ਮੁਕਤਸਰ ਦੇ ਸਾਰੇ 26 ਆਮ ਆਦਮੀ ਕਲੀਨਿਕਾਂ ’ਚ ਕੰਮਕਾਜ ਪੂਰੀ ਤਰ੍ਹਾਂ ਬੰਦ ਰਿਹਾ। ਡਾਕਟਰ, ਫਾਰਮਾਸਿਸਟ ਅਤੇ ਕਲੀਨਿਕ ਅਸਿਸਟੈਂਟਸ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸਿਵਲ ਸਰਜਨ ਦਫ਼ਤਰ ’ਚ ਧਰਨਾ ਦਿੱਤਾ, ਜਿਸਦਾ ਸਿੱਧਾ ਅਸਰ ਸ਼ਹਿਰੀ ਅਤੇ ਗ੍ਰਾਮੀਣ ਮਰੀਜ਼ਾਂ ’ਤੇ ਪਿਆ। ਸਿਹਤ ਵਿਭਾਗ ਦੇ ਅੰਕੜਿਆਂ ਅਨੁਸਾਰ ਆਮ ਆਦਮੀ ਕਲੀਨਿਕਾਂ ’ਚ ਰੋਜ਼ਾਨਾ 2,000 ਤੋਂ ਵੱਧ ਮਰੀਜ਼ਾਂ ਦੀ ਓਪੀਡੀ ਰਹਿੰਦੀ ਹੈ, ਜੋ ਦਵਾਈ ਅਤੇ ਜਾਂਚ ਲਈ ਆਉਂਦੇ ਹਨ। ਹੜਤਾਲ ਕਾਰਨ ਇਹ ਸਾਰੀਆਂ ਸੇਵਾਵਾਂ ਠੱਪ ਰਹੀਆਂ। ਮਜਬੂਰਨ ਮਰੀਜ਼ਾਂ ਨੂੰ ਦਵਾਈ ਅਤੇ ਚੈੱਕਅਪ ਲਈ ਸਿਵਲ ਹਸਪਤਾਲ ਅਤੇ ਨੇੜਲੇ ਸੀਐੱਚਸੀ ਦਾ ਰੁੱਖ ਕਰਨਾ ਪਿਆ। ਜ਼ਿਆਦਾਤਰ ਕਲੀਨਿਕ ਮਰੀਜ਼ਾਂ ਦੇ ਘਰ ਦੇ ਨੇੜੇ ਹਨ ਅਤੇ ਇੱਥੇ ਦਵਾਈ ਨਾ ਮਿਲਣ ਕਾਰਨ ਤਿੰਨ ਤੋਂ ਚਾਰ ਕਿਲੋਮੀਟਰ ਜਾਂ ਉਸਤੋਂ ਵੀ ਵੱਧ ਦੂਰ ਸਥਿਤ ਸਰਕਾਰੀ ਹਸਪਤਾਲਾਂ ’ਚ ਜਾਣਾ ਪਿਆ। ਦੂਰੀ ਵਧਣ ਕਾਰਨ ਬਜ਼ੁਰਗਾਂ ਅਤੇ ਰੋਜ਼ਾਨਾ ਦਵਾਈ ਲੈਣ ਵਾਲੇ ਮਰੀਜ਼ਾਂ ਨੂੰ ਸਭ ਤੋਂ ਵੱਧ ਪ੍ਰੇਸ਼ਾਨੀ ਹੋਈ। ਸਿਵਲ ਹਸਪਤਾਲ ਦੀ ਓਪੀਡੀ ਰਹੀ ਵੱਧ ਹੜਤਾਲ ਦਾ ਅਸਰ ਜ਼ਿਲ੍ਹਾ ਹੈੱਡਕੁਆਰਟਰ ਦੇ ਸਿਵਲ ਹਸਪਤਾਲ ’ਚ ਸਭ ਤੋਂ ਵੱਧ ਦੇਖਣ ਨੂੰ ਮਿਲਿਆ, ਇੱਥੇ ਸੋਮਵਾਰ ਨੂੰ ਓਪੀਡੀ ’ਚ ਅਚਾਨਕ ਵਾਧਾ ਦਰਜ ਕੀਤਾ ਗਿਆ। ਆਮ ਦਿਨਾਂ ’ਚ ਇੱਥੋਂ ਦੀ ਓਪੀਡੀ 450-500 ਦੇ ਵਿੱਚ ਰਹਿੰਦੀ ਹੈ, ਪਰ ਅੱਜ ਇਹ 700 ਤੋਂ ਪਾਰ ਕਰ ਗਈ। ਇਲਾਜ ਅਤੇ ਚੈੱਕਅਪ ਕਰਵਾਉਣ ਵਾਲਿਆਂ ਦੀ ਭਾਰੀ ਭੀੜ ਦੇਖੀ ਗਈ। ਜ਼ਿਆਦਾਤਰ ਮਰੀਜ਼ ਖੰਘ, ਜ਼ੁਕਾਮ, ਬੁਖ਼ਾਰ, ਸ਼ੂਗਰ, ਬੀਪੀ ਅਤੇ ਹੋਰ ਬੀਮਾਰੀਆਂ ਦੇ ਸਨ। ਇਹੋ ਹਾਲ ਮਲੋਟ ਅਤੇ ਗਿੱਦੜਬਾਹਾ ਦਾ ਵੀ ਰਿਹਾ। ਸਿਵਲ ਹਸਪਤਾਲ ਮੁਕਤਸਰ ਦੇ ਐੱਸਐੱਮਓ ਡਾ. ਰਾਜੀਵ ਸਚਦੇਵਾ ਨੇ ਕਿਹਾ ਕਿ ਵੈਸੇ ਸੋਮਵਾਰ ਨੂੰ ਓਪੀਡੀ ਵੱਧ ਰਹਿੰਦੀ ਹੈ, ਉੱਪਰੋਂ ਆਮ ਆਦਮੀ ਕਲੀਨਿਕਾਂ ਦੀ ਹੜਤਾਲ ਨਾਲ ਸਿਵਲ ਹਸਪਤਾਲ ’ਚ ਓਪੀਡੀ ਹੋਰ ਵਧੀ ਹੈ। ਸਾਰਿਆਂ ਨੂੰ ਇਲਾਜ ਅਤੇ ਦਵਾਈ ਮਿਲੀ ਹੈ, ਹਸਪਤਾਲ ਵਿੱਚ ਕੋਈ ਪਰੇਸ਼ਾਨੀ ਨਹੀਂ ਹੋਈ। ਮਰੀਜ਼ਾਂ ਨੂੰ ਹੋਈ ਪਰੇਸ਼ਾਨੀ ਭੁੱਲਰ ਕਾਲੋਨੀ ਦੀ ਵੀਰਪਾਲ ਕੌਰ ਨੇ ਦੱਸਿਆ ਕਿ ਉਹ ਸਵੇਰੇ ਸ਼ੂਗਰ ਜਾਂਚ ਅਤੇ ਦਵਾਈ ਲੈਣ ਕਲੀਨਿਕ ਪਹੁੰਚੀ ਸੀ। ਇੱਥੇ ਆ ਕੇ ਪਤਾ ਲੱਗਾ ਕਿ ਹੜਤਾਲ ਹੈ, ਹੁਣ ਸਿਵਲ ਹਸਪਤਾਲ ਜਾਣਾ ਪੈ ਰਿਹਾ ਹੈ। ਸ਼ੂਗਰ ਦੀ ਦਵਾਈ ਵਿੱਚ ਗੈਪ ਨਹੀਂ ਕਰ ਸਕਦੇ, ਇਸ ਲਈ ਜਾਣਾ ਮਜਬੂਰੀ ਹੈ। ਕੁਲਵਿੰਦਰ ਕੌਰ ਨੇ ਦੱਸਿਆ ਕਿ ਉਹ ਭੁੱਲਰ ਕਾਲੋਨੀ ਸਥਿਤ ਆਮ ਆਦਮੀ ਕਲੀਨਿਕ ਤੇ ਬੀਪੀ ਚੈੱਕ ਕਰਵਾਉਣ ਅਤੇ ਦਵਾਈ ਲੈਣ ਆਈ ਸੀ, ਪਰ ਇੱਥੇ ਕਰਮਚਾਰੀਆਂ ਦੀ ਹੜਤਾਲ ਹੈ, ਜਿਸ ਕਾਰਨ ਉਸ ਨੂੰ ਇਲਾਜ ਨਹੀਂ ਮਿਲਿਆ। ਬਜ਼ੁਰਗ ਲਖਵੀਰ ਸਿੰਘ ਨੇ ਦੱਸਿਆ ਕਿ ਉਹ ਆਮ ਆਦਮੀ ਕਲੀਨਿਕ ਤੇ ਦਵਾਈ ਲੈਣ ਆਇਆ ਸੀ, ਉਸ ਨੇ ਆਪਣਾ ਬੀਪੀ ਵੀ ਚੈੱਕ ਕਰਵਾਉਣਾ ਸੀ। ਪਰ ਇੱਥੇ ਕਲੀਨਿਕ ਬੰਦ ਪਿਆ ਹੈ, ਕਰਮਚਾਰੀਆਂ ਦੀ ਹੜਤਾਲ ਦੱਸੀ ਗਈ ਹੈ। ਹੁਣ ਉਹ ਸਰਕਾਰੀ ਹਸਪਤਾਲ ਵਿੱਚ ਜਾ ਕੇ ਚੈੱਕ ਕਰਵਾਏਗਾ। ਕਰਮਚਾਰੀਆਂ ਦੀਆਂ ਇਹ ਹਨ ਮੁੱਖ ਮੰਗਾਂ -ਵਰਤਮਾਨ ’ਚ ਲਾਗੂ ਇੰਪਲੀਮੈਂਟ ਪ੍ਰਣਾਲੀ ਨੂੰ ਖ਼ਤਮ ਕਰਕੇ ਸਿਹਤ ਵਿਭਾਗ ਦੇ ਅਧੀਨ ਕਰਮਚਾਰੀਆਂ ਦੀ ਨਿਯੁਕਤੀ ਕੀਤੀ ਜਾਵੇ। -ਜੇਕਰ ਇੰਪਲੀਮੈਂਟ ਤੋਂ ਹਟਾਇਆ ਜਾਂਦਾ ਹੈ ਤਾਂ ਸਿੱਧਾ ਡੀਐਚਐਸ ਦੇ ਅਧੀਨ ਨਿਯੁਕਤੀ ਪੱਤਰ ਦੇ ਕੇ ਮਰੀਜ਼ ਇਨਸੈਂਟਿਵ ਤੈਅ ਹੋਵੇ। -ਮੈਡੀਕਲ ਅਫ਼ਸਰ: 80 ਰੁਪਏ ਪ੍ਰਤੀ ਮਰੀਜ਼ -ਫਾਰਮਾਸਿਸਟ: 30 ਰੁਪਏ ਪ੍ਰਤੀ ਮਰੀਜ਼ -ਅਸਿਸਟੈਂਟ: 25 ਰੁਪਏ ਪ੍ਰਤੀ ਮਰੀਜ਼ -ਕਲੀਨਿਕ ਸਹਾਇਕਾਂ ਦੀ ਘੱਟੋ-ਘੱਟ ਯੋਗਤਾ ਏਐਨਐਮ ਹੈ, ਇਸ ਲਈ ਉਨ੍ਹਾਂ ਨੂੰ ਅਧਿਕਾਰਤ ਤੌਰ ਤੇ ਏਐਨਐਮ ਦਾ ਦਰਜਾ ਅਤੇ ਤਨਖ਼ਾਹ ਦਿੱਤੀ ਜਾਵੇ। -ਸਰਕਾਰੀ ਭਰਤੀਆਂ ’ਚ ਆਮ ਆਦਮੀ ਕਲੀਨਿਕ ਕਰਮਚਾਰੀਆਂ ਨੂੰ ਉਨ੍ਹਾਂ ਦੇ ਕਾਰਜਕਾਲ ਦੇ ਤਜ਼ਰਬੇ ਦੇ ਅੰਕ ਦਿੱਤੇ ਜਾਣ ਅਤੇ ਵੱਧ ਤੋਂ ਵੱਧ ਉਮਰ ਸੀਮਾ ’ਚ ਵਿਸ਼ੇਸ਼ ਛੋਟ ਦਿੱਤੀ ਜਾਵੇ। -ਕਰਮਚਾਰੀਆਂ ਨੂੰ ਸਾਲ ’ਚ 15 ਕੈਜ਼ੂਅਲ ਲੀਵ ਤੇ ਮੈਡੀਕਲ ਲੀਵ ਦੀ ਸਹੂਲਤ ਦਿੱਤੀ ਜਾਵੇ।