ਐੱਨਐੱਸਐੱਸ ਦਿਵਸ ਮੌਕੇ ਇੱਕ ਰੋਜ਼ਾ ਵਿਸ਼ੇਸ਼ ਕੈਂਪ ਦਾ ਆਯੋਜਨ ਐੱਨਐੱਸਐੱਸ ਦਿਵਸ ਮੌਕੇ ਇੱਕ ਰੋਜ਼ਾ ਵਿਸ਼ੇਸ਼ ਕੈਂਪ ਦਾ ਆਯੋਜਨ
Publish Date: Thu, 24 Sep 2026 05:00 PM (IST)
Updated Date: Fri, 25 Sep 2026 04:04 AM (IST)
ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਗਿੱਦੜਬਾਹਾ ਵਿਖੇ ਸਕੂਲ ਇੰਚਾਰਜ ਕੁਲਦੀਪ ਸਿੰਘ ਦੀ ਅਗਵਾਈ ’ਚ ’ਐੱਨਐੱਸਐੱਸ ਦਿਵਸ’ ਮੌਕੇ ਇੱਕ ਰੋਜ਼ਾ ਵਿਸ਼ੇਸ਼ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦੀ ਸ਼ੁਰੂਆਤ ਐੱਨਐੱਸਐੱਸ ਦੇ ਮੁੱਖ ਮਾਟੋ ਨੋਟ ਮੀ ਬੱਟ ਯੂ (ਮੈਂ ਨਹੀਂ, ਤੁਸੀਂ) ਨਾਲ ਹੋਈ, ਜਿਸਨੇ ਵਿਦਿਆਰਥੀਆਂ ’ਚ ਸਮਾਜ ਸੇਵਾ ਅਤੇ ਆਪਸੀ ਭਾਈਚਾਰੇ ਦੀ ਭਾਵਨਾ ਦਾ ਸੰਚਾਰ ਕੀਤਾ। ਕੈਂਪ ਦੌਰਾਨ ਸਕੂਲ ਇੰਚਾਰਜ ਕੁਲਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਐੱਨਐੱਸਐੱਸ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਨਾਲ ਬੱਚਿਆਂ ਦੀ ਸ਼ਖ਼ਸੀਅਤ (ਪਰਸਨੈਲਿਟੀ) ਅਤੇ ਚਰਿੱਤਰ ਦਾ ਨਿਰਮਾਣ ਹੁੰਦਾ ਹੈ। ਇਸ ਤੋਂ ਬਾਅਦ ਵਲੰਟੀਅਰਾਂ ਵੱਲੋਂ ਸਕੂਲ ਕੈਂਪਸ ਦੇ ਵੱਖ-ਵੱਖ ਹਿੱਸਿਆਂ ’ਚ ਵਿਸ਼ੇਸ਼ ਸਫ਼ਾਈ ਅਭਿਆਨ ਚਲਾਇਆ ਗਿਆ, ਜਿਸ ਤਹਿਤ ਪੂਰੇ ਸਕੂਲ ਦੀ ਨੁਹਾਰ ਬਦਲ ਕੇ ਇਸ ਨੂੰ ਸਾਫ਼-ਸੁਥਰਾ ਬਣਾਇਆ ਗਿਆ। ਕੈਂਪ ’ਚ ਹਿੱਸਾ ਲੈਣ ਵਾਲੇ ਸਾਰੇ ਵਿਦਿਆਰਥੀਆਂ ਲਈ ਦੁਪਹਿਰ ਦੇ ਖਾਣੇ ਦਾ ਉਚੇਚਾ ਪ੍ਰਬੰਧ ਕੀਤਾ ਗਿਆ ਸੀ। ਦਿਨ ਦੇ ਅਖੀਰ ’ਚ ਇੱਕ ਵਿਸ਼ੇਸ਼ ਚਰਚਾ ਸੈਸ਼ਨ ਵੀ ਰੱਖਿਆ ਗਿਆ, ਜਿਸ ’ਚ ਵਿਦਿਆਰਥੀਆਂ ਨੇ ਕੈਂਪ ਤੋਂ ਮਿਲੇ ਤਜ਼ਰਬਿਆਂ ਨੂੰ ਸਾਂਝਾ ਕੀਤਾ। ਇਸ ਮੌਕੇ ਸਕੂਲ ਇੰਚਾਰਜ ਕੁਲਦੀਪ ਸਿੰਘ ਨੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜ਼ਾਈ ਕਰਦਿਆਂ ਵਿਸ਼ਵਾਸ ਦਿਵਾਇਆ ਕਿ ਆਉਣ ਵਾਲੇ ਦਿਨਾਂ ’ਚ ਵੀ ਅਜਿਹੇ ਇੱਕ ਰੋਜ਼ਾ ਅਤੇ 10 ਦਿਨਾਂ ਵਿਸ਼ੇਸ਼ ਐੱਨਐੱਸਐੱਸ ਕੈਂਪ ਆਯੋਜਿਤ ਕੀਤੇ ਜਾਣਗੇ ਤਾਂ ਜੋ ਬੱਚੇ ਸਮਾਜ ਸੇਵਾ ਨਾਲ ਜੁੜੇ ਰਹਿਣ। ਇਸ ਸਮਾਗਮ ਨੂੰ ਸਫ਼ਲ ਬਣਾਉਣ ’ਚ ਰੋਹਿਤ ਯਾਦਵ, ਖੁਸ਼ਹਾਲ ਬਾਂਸਲ, ਮਨਦੀਪ ਸਿੰਘ ਅਤੇ ਹਰਮੀਤ ਸਿੰਘ ਨੇ ਵੀ ਅਹਿਮ ਯੋਗਦਾਨ ਪਾਇਆ ਅਤੇ ਕੈਂਪ ’ਚ ਉਚੇਚੇ ਤੌਰ ’ਤੇ ਸ਼ਾਮਲ ਰਹੇ।