ਐੱਮਐੱਮਡੀ ਡੀਏਵੀ ਕਾਲਜ ਵਿਖੇ ਪੋਸਕੋ ਐਕਟ ਤੇ ਸਾਈਬਰ ਕ੍ਰਾਈਮ ਬਾਰੇ ਕੀਤਾ ਜਾਗਰੂਕ ਐੱਮਐੱਮਡੀ ਡੀਏਵੀ ਕਾਲਜ ਵਿਖੇ ਪੋਸਕੋ ਐਕਟ ਤੇ ਸਾਈਬਰ ਕ੍ਰਾਈਮ ਬਾਰੇ ਇੱਕ ਰੋਜ਼ਾ ਸੈਮੀਨਾਰ ਦਾ ਆਯੋਜਨ
Publish Date: Sun, 11 Oct 2026 04:09 PM (IST)
Updated Date: Sun, 11 Oct 2026 04:11 PM (IST)
ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਐੱਮਐੱਮਡੀ ਡੀਏਵੀ ਕਾਲਜ ਗਿੱਦੜਬਾਹਾ ਦੇ ਐੱਨਐੱਸਐੱਸ ਵਿਭਾਗ ਵੱਲੋਂ ਕਾਲਜ ਦੇ ਪ੍ਰਿੰਸੀਪਲ ਪ੍ਰੋਫੈਸਰ ਰਾਜੇਸ਼ ਮਹਾਜਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅਤੇ ਐੱਨਐੱਸਐੱਸ ਯੂਨਿਟ ਦੇ ਪ੍ਰੋਗਰਾਮ ਅਫ਼ਸਰ ਪ੍ਰੋਫੈਸਰ ਅੰਜਲੀ ਅਤੇ ਡਾਕਟਰ ਜਸਵਿੰਦਰ ਬਾਘਲਾ ਦੀ ਅਗਵਾਈ ਹੇਠ ਵਲੰਟੀਅਰਾਂ ਲਈ ਪੋਕਸੋ ਐਕਟ ਅਤੇ ਸਾਈਬਰ ਕ੍ਰਾਈਮ ਸੰਬੰਧੀ ਇੱਕ ਰੋਜ਼ਾ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਬੱਚਿਆਂ ਦੀ ਸੁਰੱਖਿਆ ਨਾਲ ਸਬੰਧਤ ਕਾਨੂੰਨੀ ਅਧਿਕਾਰਾਂ, ਸਮਾਜਿਕ ਜ਼ਿੰਮੇਵਾਰੀਆਂ ਅਤੇ ਇੰਟਰਨੈੱਟ ਦੀ ਸੁਰੱਖਿਅਤ ਵਰਤੋਂ ਬਾਰੇ ਜਾਗਰੂਕ ਕਰਨਾ ਸੀ। ਸੈਮੀਨਾਰ ’ਚ ਪੁਲਿਸ ਵਿਭਾਗ ਤੋਂ ਏਐੱਸਆਈ ਪਰਮਿੰਦਰ ਕੌਰ, ਹੈੱਡ ਕਾਂਸਟੇਬਲ ਅਮਰਜੀਤ ਕੌਰ ਅਤੇ ਹੈੱਡ ਕਾਂਸਟੇਬਲ ਲਵਪ੍ਰੀਤ ਕੌਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸੈਮੀਨਾਰ ਦੌਰਾਨ ਏਐੱਸਆਈ ਪਰਮਿੰਦਰ ਕੌਰ ਨੇ ਪੋਕਸੋ ਐਕਟ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕਾਨੂੰਨ ਬੱਚਿਆਂ ਨੂੰ ਜਿਨਸੀ ਸ਼ੋਸ਼ਣ ਤੋਂ ਸੁਰੱਖਿਆ ਪ੍ਰਦਾਨ ਕਰਨ ਲਈ ਬਣਾਇਆ ਗਿਆ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਬੱਚਿਆਂ ਦੇ ਅਧਿਕਾਰਾਂ, ਉਨ੍ਹਾਂ ਦੀ ਸੁਰੱਖਿਆ ਅਤੇ ਅਜਿਹੀਆਂ ਘਟਨਾਵਾਂ ਪ੍ਰਤੀ ਸੁਚੇਤ ਰਹਿਣ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਬੱਚਿਆਂ ਨਾਲ ਹੋਣ ਵਾਲੇ ਕਿਸੇ ਵੀ ਤਰ੍ਹਾਂ ਦੇ ਸ਼ੋਸ਼ਣ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ, ਸਗੋਂ ਅਜਿਹੀ ਸਥਿਤੀ ਸਾਹਮਣੇ ਆਉਣ ’ਤੇ ਸਬੰਧਤ ਅਧਿਕਾਰੀਆਂ ਨੂੰ ਸੂਚਿਤ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਾਨੂੰਨੀ ਜਾਣਕਾਰੀ ਹਾਸਲ ਕਰਨ ਦੇ ਨਾਲ-ਨਾਲ ਸਮਾਜ ਵਿੱਚ ਬੱਚਿਆਂ ਦੀ ਸੁਰੱਖਿਆ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਵੀ ਪ੍ਰੇਰਿਤ ਕੀਤਾ। ਇਸ ਮੌਕੇ ਹੈੱਡ ਕਾਂਸਟੇਬਲ ਅਮਰਜੀਤ ਕੌਰ ਨੇ ਸਾਈਬਰ ਕ੍ਰਾਈਮ ਦੇ ਵਧ ਰਹੇ ਮਾਮਲਿਆਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਅੱਜ ਦੇ ਡਿਜੀਟਲ ਯੁੱਗ ’ਚ ਮੋਬਾਈਲ ਫੋਨ ਅਤੇ ਇੰਟਰਨੈੱਟ ਦੀ ਵਰਤੋਂ ਦੌਰਾਨ ਸਾਵਧਾਨੀ ਵਰਤਣੀ ਬੇਹੱਦ ਜ਼ਰੂਰੀ ਹੈ। ਉਨ੍ਹਾਂ ਨੇ ਆਨਲਾਈਨ ਧੋਖਾਧੜੀ, ਫਰਜ਼ੀ ਲਿੰਕਾਂ, ਅਣਜਾਣ ਕਾਲਾਂ, ਸੋਸ਼ਲ ਮੀਡੀਆ ਰਾਹੀਂ ਹੋਣ ਵਾਲੀਆਂ ਧੋਖਾਧੜੀਆਂ ਅਤੇ ਨਿੱਜੀ ਜਾਣਕਾਰੀ ਦੀ ਦੁਰਵਰਤੋਂ ਵਰਗੇ ਖ਼ਤਰਿਆਂ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਕਿਸੇ ਵੀ ਅਣਜਾਣ ਵਿਅਕਤੀ ਨਾਲ ਆਪਣਾ ਪਾਸਵਰਡ, ਓਟੀਪੀ ਜਾਂ ਬੈਂਕਿੰਗ ਜਾਣਕਾਰੀ ਸਾਂਝੀ ਨਹੀਂ ਕਰਨੀ ਚਾਹੀਦੀ ਅਤੇ ਸ਼ੱਕੀ ਲਿੰਕਾਂ ’ਤੇ ਕਲਿੱਕ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਸਮੇਂ ਆਪਣੀ ਨਿੱਜਤਾ ਅਤੇ ਸੁਰੱਖਿਆ ਦਾ ਵਿਸ਼ੇਸ਼ ਧਿਆਨ ਰੱਖਣ ਦੀ ਸਲਾਹ ਦਿੱਤੀ। ਇਸ ਦੌਰਾਨ ਕਾਲਜ ਦੇ ਪ੍ਰਿੰਸੀਪਲ ਪ੍ਰੋਫੈਸਰ ਰਾਜੇਸ਼ ਮਹਾਜਨ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕਰਵਾਏ ਗਏ ਇਸ ਸੈਮੀਨਾਰ ’ਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਕਾਲਜ ਦੇ ਸਟਾਫ਼ ਮੈਂਬਰਾਂ ਵਿੱਚ ਪ੍ਰੋਫੈਸਰ ਸਰਿਤਾ, ਰੋਮਨ ਕੁਮਾਰ, ਪ੍ਰੋਫੈਸਰ ਜਸਪ੍ਰੀਤ ਕੌਰ, ਪ੍ਰੋਫੈਸਰ ਏਕਤਾ, ਪ੍ਰੋਫੈਸਰ ਹਰਦੀਪ ਕੌਰ, ਪ੍ਰੋਫੈਸਰ ਸੁਖਪ੍ਰੀਤ ਕੌਰ ਅਤੇ ਪ੍ਰੋਫੈਸਰ ਜਸਵਿੰਦਰ ਸਿੰਘ ਤੋਂ ਇਲਾਵਾ ਰਿੰਕੂ ਆਦੀਵਾਲ ਅਤੇ ਵਿਨੋਦ ਕੁਮਾਰ ਹਾਜ਼ਰ ਸਨ।