ਥਾਂਦੇਵਾਲਾ-ਭੁੱਟੀਵਾਲਾ ਸੜਕ ’ਤੇ ਜੋੜੀਆਂ ਨਹਿਰਾਂ ਦਾ ਪੁੱਲ ਬਣਿਆ, ਸੜਕ ਨਹੀਂ ਥਾਂਦੇਵਾਲਾ-ਭੁੱਟੀਵਾਲਾ ਸੜਕ ’ਤੇ ਜੋੜੀਆਂ ਨਹਿਰਾਂ ਦਾ ਪੁੱਲ ਬਣਿਆ ਸੜਕ ਨਹੀਂ ਬਣੀ
Publish Date: Tue, 27 Oct 2026 05:13 PM (IST)
Updated Date: Tue, 27 Oct 2026 05:16 PM (IST)
ਭੰਵਰਾ/ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਮੁਕਤਸਰ ਲਾਗਲੇ ਪਿੰਡ ਥਾਂਦੇਵਾਲਾ ਤੋਂ ਭੁੱਟੀਵਾਲਾ ਰੋਡ ਉਪਰ ਪੈਂਦੀਆਂ ਰਾਜਸਥਾਨ ਫੀਡਰ ਅਤੇ ਸਰਹੰਦ ਕੈਨਾਲ ਨਹਿਰਾਂ ਉਤੇ ਮਹਿਕਮੇ ਨੇ ਪੁਲ ਤਾਂ ਬਣਾ ਦਿੱਤਾ ਹੈ ਪਰ ਪੁੱਲ ’ਤੇ ਚੜ੍ਹਣ ਵਾਲੀ ਸੜਕ ਨੂੰ ਕੱਚਾ ਅਤੇ ਬੇਹੱਦ ਢਲਾਨਦਾਰ ਛੱਡ ਦਿੱਤਾ ਗਿਆ ਹੈ, ਜਿਸ ਕਾਰਨ ਉੱਥੋਂ ਲੰਘਣ ਵਾਲੇ ਕਾਰਾਂ, ਮੋਟਰਸਾਈਕਲਾਂ ਅਤੇ ਟਰੈਕਟਰ-ਟਰਾਲੀਆਂ ਵਾਲਿਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਪੁੱਲ ਤੋਂ ਦਰਜਨਾਂ ਸਕੂਲਾਂ ਦੇ ਵਿਦਿਆਰਥੀ, ਭੱਠਿਆਂ ਦੀਆਂ ਟਰਾਲੀਆਂ, ਮੰਡੀਆਂ ਦਾ ਅਨਾਜ ਅਤੇ ਸਵਾਰੀਆਂ ਵਾਲੇ ਵਾਹਨ ਲੰਘਦੇ ਹਨ। ਲਗਭਗ ਦੋ ਸਾਲ ਪਹਿਲਾਂ ਬਣੇ ਇਸ ਪੁਲ ਦੇ ਦੋਵੇਂ ਪਾਸੇ ਸੜਕਾਂ ਕੱਚੀਆਂ ਹੋਣ ਕਾਰਨ ਮੀਂਹ ਦੇ ਦਿਨਾਂ ’ਚ ਮਿੱਟੀ ਦਲਦਲ ਬਣ ਜਾਂਦੀ ਹੈ ਅਤੇ ਤਿਲਕਣ ਕਾਰਨ ਹਾਦਸਿਆਂ ਦਾ ਡਰ ਬਣਿਆ ਰਹਿੰਦਾ ਹੈ। ਇਹ ਰਸਤਾ ਥਾਂਦੇਵਾਲਾ, ਭੁੱਟੀਵਾਲਾ, ਖਿੜਕੀਆਂਵਾਲਾ, ਦੋਦਾ, ਕਾਉਣੀ, ਹਰਾਜ, ਵੜਿੰਗ, ਮੁਕਤਸਰ ਅਤੇ ਸਰਾਏਨਾਗਾ ਆਦਿ ਕਈ ਪਿੰਡਾਂ ਨੂੰ ਆਪਸ ’ਚ ਜੋੜਦਾ ਹੈ ਅਤੇ ਇੱਥੋਂ ਸਕੂਲੀ ਬੱਚੇ ਤੇ ਕਿਸਾਨ ਮੰਡੀ ਜਾਣ ਵਾਲੇ ਲੋਕ ਵੀ ਵੱਡੀ ਗਿਣਤੀ ’ਚ ਗੁਜ਼ਰਦੇ ਹਨ। ਸਥਾਨਕ ਲੋਕਾਂ ਅਤੇ ਰਾਹਗੀਰਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਗੁਹਾਰ ਲਗਾਈ ਹੈ ਕਿ ਲਗਭਗ ਲੱਖਾਂ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਅਜਿਹੇ ਪ੍ਰੋਜੈਕਟਾਂ ’ਚ ਪੁਲ ਦੇ ਨਾਲ-ਨਾਲ ਸੜਕਾਂ ਦਾ ਕੰਮ ਵੀ ਪੂਰੀ ਤਾਲਮੇਲ ਨਾਲ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਇਨ੍ਹਾਂ ਵੱਡੀਆਂ ਨਹਿਰਾਂ ਉੱਤੇ ਬਣੇ ਖਤਰਨਾਕ ਰਸਤਿਆਂ ਦੀ ਢਲਾਨ ਨੂੰ ਸਹੀ ਕਰਕੇ ਪੱਕੀਆਂ ਸੜਕਾਂ ਬਣਾਈਆਂ ਜਾਣ ਅਤੇ ਆਮ ਲੋਕਾਂ ਨੂੰ ਇਸ ਵੱਡੀ ਸਮੱਸਿਆ ਤੋਂ ਨਿਜਾਤ ਮਿਲ ਸਕੇ। ਨਿੱਤ ਲੰਘਣ ਵਾਲੇ ਸਕੂਲ ਮੁਖੀ ਨਵਦੀਪ ਸਿੰਘ ਸੁੱਖੀ ਨੇ ਦੱਸਿਆ ਕਿ ਸਿੱਤਮ ਦੀ ਗੱਲ ਹੈ ਕਿ ਦੋਹਾਂ ਨਹਿਰਾਂ ’ਤੇ ਬਣੇ ਪੁਲਾਂ ਦੇ ਵਿਚਕਾਰਲੀ ਪਟੜੀ ਵੀ ਬਿਲਕੁਲ ਕੱਚੀ ਹੈ, ਇਸਤੇ ਵੀ ਸੜਕ ਨਹੀਂ ਬਣਾਈ। ਇਸ ਰਾਹ ਤੋਂ ਸੈਂਕੜੇ ਬੱਚੇ ਲੰਘਦੇ ਹਨ ਤੇ ਹਰ ਵੇਲੇ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ। ਧੂੜ ਬਹੁਤ ਜ਼ਿਆਦਾ ਉਡਦੀ ਹੈ। ਖੱਡਿਆਂ ’ਚ ਵਾਹਨ ਡੋਲਦੇ ਹਨ। ਪੁੱਲ ਦਾ ਮਲਬਾ ਵੀ ਸੜਕ ਉਪਰ ਹੀ ਸੁੱਟਿਆ ਹੋਇਆ ਹੈ। ਕਿਸਾਨ ਮਹਿੰਦਰ ਸਿੰਘ, ਗੁਲਜ਼ਾਰ ਸਿੰਘ ਦੇ ਹਰਦੇਵ ਸਿੰਘ ਹੋਰਾਂ ਨੇ ਦੱਸਿਆ ਕਿ ਨਵਾਂ ਪੁੱਲ ਉਚਾ ਹੈ ਇਸ ਲਈ ਉਸਨੂੰ ਜੋੜਣ ਵਾਲੀ ਸੜਕ ਵੀ ਸਿੱਧੀ ਚੜ੍ਹਾਈ ’ਚ ਬਣਾ ਦਿੱਤੀ, ਸੜਕ ਦਾ ਲੈਵਲ ਸਹੀ ਨਹੀਂ ਕੀਤਾ ਜਿਸ ਕਰਕੇ ਭਾਰੇ ਵਾਹਨਾਂ ਅਤੇ ਅਨਾਜ ਵਾਲੀ ਟਰੈਕਟਰ-ਟਰਾਲੀਆਂ ਨੂੰ ਭਾਰੀ ਦਿੱਕਤ ਆਉਂਦੀ ਹੈ ਅਤੇ ਕਿਸੇ ਵੇਲੇ ਵੀ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ। ਲੋਕਾਂ ਦੀ ਮੰਗ ਹੈ ਕਿ ਪੁੱਲ ਤੱਕ ਸੜਕ ਪੱਕੀ ਅਤੇ ਸਹਿਜ ਚੜ੍ਹਾਈ ਵਾਲੀ ਬਣਾਈ ਜਾਵੇ ਤਾਂ ਜੋ ਵਾਹਨ ਚਾਲਕਾਂ ਨੂੰ ਅਰਾਮਦਾਰੀ ਹੋ ਸਕੇ। ਵਿਭਾਗ ਲੋਕਾਂ ਦੀਆਂ ਮੁਸ਼ਕਲਾਂ ਤੇ ਸੁਰੱਖਿਆ ਪ੍ਰਤੀ ਗੰਭੀਰ ਇਸ ਦੌਰਾਨ ਪੁੱਲ ਨਿਰਮਾਣ ਅਧਿਕਾਰੀਆਂ ਨੇ ਦੱਸਿਆ ਇਹ ਪੁੱਲ ਪੰਜਾਬ ਅਤੇ ਰਾਜਸਥਾਨ ਸਰਕਾਰਾਂ ਦਾ ਸਾਂਝੇ ਪ੍ਰੋਜੈਕਟ ਅਧੀਨ ਬਣਿਆ ਹੈ। ਪੁਲ ਨਿਰਮਾਣ ਦਾ ਪ੍ਰੋਜੈਕਟ ਤੈਅ ਯੋਜਨਾ ਤਹਿਤ ਮੁਕੰਮਲ ਕਰ ਦਿੱਤਾ ਗਿਆ ਹੈ। ਵਿਭਾਗ ਦੇ ਅਧਿਕਾਰੀਆਂ ਮੁਤਾਬਕ ਪੁਲ ਬਣਾਉਣ ਦਾ ਕੰਮ ਮੁੱਖ ਤੌਰ ’ਤੇ ਨਹਿਰਾਂ ਉੱਤੇ ਆਵਾਜਾਈ ਨੂੰ ਸੌਖਾ ਬਣਾਉਣ ਲਈ ਕੀਤਾ ਗਿਆ ਹੈ ਅਤੇ ਇਸ ਨਾਲ ਜੁੜੇ ਅਗਲੇ ਪੜਾਅ ’ਚ ਸੜਕਾਂ ਨੂੰ ਪੱਕਾ ਕਰਕੇ ਢਲਾਨ ਨੂੰ ਦਰੁਸਤ ਕਰਨ ਦੇ ਕੰਮ ਨੂੰ ਵੀ ਜਲਦ ਹੀ ਪ੍ਰਸ਼ਾਸਨਿਕ ਮਨਜ਼ੂਰੀ ਲੈ ਕੇ ਪੜਾਅਵਾਰ ਤਰੀਕੇ ਨਾਲ ਪੂਰਾ ਕੀਤਾ ਜਾਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਵਿਭਾਗ ਲੋਕਾਂ ਦੀਆਂ ਮੁਸ਼ਕਲਾਂ ਅਤੇ ਸੁਰੱਖਿਆ ਪ੍ਰਤੀ ਪੂਰੀ ਤਰ੍ਹਾਂ ਗੰਭੀਰ ਹੈ ਅਤੇ ਫੰਡਾਂ ਦੀ ਉਪਲਬਧਤਾ ਤੇ ਤਾਲਮੇਲ ਬਿਠਾ ਕੇ ਇਨ੍ਹਾਂ ਰਸਤਿਆਂ ਦੀ ਹਾਲਤ ਨੂੰ ਜਲਦੀ ਸੁਧਾਰ ਦਿੱਤਾ ਜਾਵੇਗਾ।