ਵਿਕਾਸ ਕਾਰਜਾਂ ਦੀ ਆੜ ’ਚ ਗਰੀਬ ਦਾ ਵਿਨਾਸ਼ ਕਰਨ ’ਤੇ ਤੁਲੇ ਅਧਿਕਾਰੀ ਵਿਕਾਸ ਕਾਰਜਾਂ ਦੀ ਆੜ ’ਚ ਗਰੀਬ ਦਾ ਵਿਨਾਸ਼ ਕਰਨ ’ਤੇ ਤੁਲੇ ਅਧਿਕਾਰੀ
Publish Date: Sun, 12 Jul 2026 03:58 PM (IST)
Updated Date: Sun, 12 Jul 2026 04:00 PM (IST)
ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਪਿੰਡ ਕੋਟਲੀ ਸੰਘਰ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦੌਰਾਨ ਨਿਯਮਾਂ ਨੂੰ ਛਿੱਕੇ ਟੰਗ ਕੇ ਇੱਕ ਗਰੀਬ ਨਿਵਾਸੀ ਦੇ ਘਰ ਅੱਗੇ ਗੰਦੇ ਪਾਣੀ ਦਾ ਵੱਡਾ ਚੈਂਬਰ (ਹੌਦੀ) ਬਣਾਉਣ ਦੀ ਯੋਜਨਾ ਦਾ ਮਾਮਲਾ ਗਰਮਾ ਗਿਆ ਹੈ। ਪਿੰਡ ਦੇ ਪੀੜਤ ਨਿਵਾਸੀ ਓਮਕਾਰ ਸਿੰਘ ਪੁੱਤਰ ਫਕੀਰ ਸਿੰਘ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਗੁਹਾਰ ਲਗਾਉਂਦਿਆਂ ਦੋਸ਼ ਲਾਇਆ ਹੈ ਕਿ ਪਿੰਡ ਦੇ ਕੁਝ ਰਸੂਖਦਾਰ (ਧਨਾਢ) ਵਿਅਕਤੀਆਂ ਵੱਲੋਂ ਆਪਣੇ ਨਿੱਜੀ ਹਿੱਤਾਂ ਲਈ ਗਲਤ ਯੋਜਨਾ ਤਹਿਤ ਉਨ੍ਹਾਂ ਦੇ ਮਕਾਨ ਨੂੰ ਖ਼ਤਰੇ ’ਚ ਪਾਇਆ ਜਾ ਰਿਹਾ ਹੈ। ਓਮਕਾਰ ਸਿੰਘ ਨੇ ਦੱਸਿਆ ਕਿ ਅੱਜ-ਕੱਲ੍ਹ ਪਿੰਡ ’ਚ ਗਲੀਆਂ ਅਤੇ ਨਾਲੀਆਂ ਨੂੰ ਪੱਕਾ ਕਰਨ ਦਾ ਕੰਮ ਚੱਲ ਰਿਹਾ ਹੈ। ਉਸਨੇ ਦੱਸਿਆ ਕਿ ਸ: ਕਿੱਕਰ ਸਿੰਘ ਬਰਾੜ ਦੇ ਘਰ ਤੋਂ ਸ਼ੁਰੂ ਹੋ ਕੇ ਉਨ੍ਹਾਂ ਦੇ (ਓਮਕਾਰ ਸਿੰਘ) ਘਰ ਤੱਕ ਆਉਣ ਵਾਲੀ ਗਲੀ ਦਾ ਕੁਝ ਹਿੱਸਾ ਅਜੇ ਕੱਚਾ ਹੈ, ਜਿੱਥੇ ਪਾਣੀ ਦੇ ਨਿਕਾਸ ਲਈ ਪੁਲੀ ਬਣਾਈ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਿੰਡ ਦੇ ਕੁਝ ਪ੍ਰਭਾਵਸ਼ਾਲੀ ਲੋਕਾਂ ਦੇ ਦਬਾਅ ਹੇਠ ਗਲੀ ਦੇ ਦੋਵਾਂ ਪਾਸਿਆਂ ਦੀਆਂ ਨਾਲੀਆਂ ਦਾ ਪਾਣੀ ਵੱਖੋ-ਵੱਖਰਾ ਲਿਜਾਣ ਦੀ ਬਜਾਏ, ਇੱਕ ਪਾਸੇ ਦੀ ਨਾਲੀ ਦਾ ਰੁਖ਼ ਮੋੜ ਕੇ ਉਨ੍ਹਾਂ ਦੇ ਘਰ ਦੇ ਬਿਲਕੁਲ ਅੱਗੇ ਇੱਕ ਵੱਡਾ ਚੈਂਬਰ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ, ਤਾਂ ਜੋ ਸਾਰੀ ਗਲੀ ਦਾ ਪਾਣੀ ਉੱਥੇ ਇਕੱਠਾ ਕਰਕੇ ਅੱਗੇ ਛੱਪੜ ’ਚ ਸੁੱਟਿਆ ਜਾ ਸਕੇ। ਪੀੜਤ ਮੁਤਾਬਕ ਜੇਕਰ ਘਰ ਦੇ ਅੱਗੇ ਇਹ ਚੈਂਬਰ ਬਣਦਾ ਹੈ ਤਾਂ ਉੱਥੇ ਹਰ ਵੇਲੇ ਭਾਰੀ ਮਾਤਰਾ ’ਚ ਗੰਦਾ ਪਾਣੀ ਜਮ੍ਹਾਂ ਰਹੇਗਾ। ਇਸ ਪਾਣੀ ਦੇ ਰਿਸਾਅ (ਸੀਪੇਜ) ਕਾਰਨ ਉਨ੍ਹਾਂ ਦੇ ਮਕਾਨ ਦੀਆਂ ਨੀਂਹਾਂ ਕਮਜ਼ੋਰ ਹੋ ਜਾਣਗੀਆਂ, ਜਿਸ ਨਾਲ ਭਵਿੱਖ ’ਚ ਮਕਾਨ ਡਿੱਗਣ ਅਤੇ ਕੋਈ ਵੱਡਾ ਜਾਨੀ-ਮਾਲੀ ਨੁਕਸਾਨ ਹੋਣ ਦਾ ਗੰਭੀਰ ਖ਼ਤਰਾ ਬਣਿਆ ਹੋਇਆ ਹੈ। ਉਸਨੇ ਦੱਸਿਆ ਕਿ ਉਸ ਵੱਲੋਂ ਇਹ ਮਾਮਲਾ ਲਿਖਤੀ ਤੌਰ ’ਤੇ ਬੀਡੀਪੀਓ ਦੇ ਧਿਆਨ ’ਚ ਵੀ ਲਿਆਂਦਾ ਗਿਆ ਹੈ ਪਰ ਕੋਈ ਸੁਣਵਾਈ ਨਹੀਂ ਹੋਈ। ਪੀੜਤ ਨੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਅੱਗੇ ਪੁਰਜ਼ੋਰ ਅਪੀਲ ਹੈ ਕਿ ਇਸ ਮਾਮਲੇ ’ਚ ਨਿੱਜੀ ਦਖ਼ਲਅੰਦਾਜ਼ੀ ਕਰਕੇ ਸਬੰਧਤ ਵਿਭਾਗ ਨੂੰ ਹਦਾਇਤ ਕੀਤੀ ਜਾਵੇ ਕਿ ਦੋਵਾਂ ਨਾਲੀਆਂ ਦਾ ਪਾਣੀ ਵੱਖ-ਵੱਖ (ਵੰਡ ਕੇ) ਸਿੱਧਾ ਛੱਪੜ ’ਚ ਪਾਇਆ ਜਾਵੇ ਅਤੇ ਮੇਰੇ ਘਰ ਅੱਗੇ ਕੋਈ ਚੈਂਬਰ ਨਾ ਬਣਾਇਆ ਜਾਵੇ। ਜੇਕਰ ਮੇਰੀ ਇਸ ਜਾਇਜ਼ ਮੰਗ ਵੱਲ ਧਿਆਨ ਨਾ ਦਿੱਤਾ ਗਿਆ ਅਤੇ ਮੇਰੇ ਨਾਲ ਧੱਕੇਸ਼ਾਹੀ ਹੋਈ, ਤਾਂ ਮੈਂ ਇਨਸਾਫ਼ ਲਈ ਮਾਨਯੋਗ ਅਦਾਲਤ (ਕੋਰਟ) ਦਾ ਦਰਵਾਜ਼ਾ ਖੜਕਾਉਣ ਲਈ ਮਜਬੂਰ ਹੋਵਾਂਗਾ। ਚੈਂਬਰ ਨਾਲ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ : ਬੀਡੀਪੀਓ ਮਾਨ ਉਧਰ ਜਦੋਂ ਇਸ ਸਬੰਧੀ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ ਸਵਰਨ ਸਿੰਘ ਮਾਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਚੈਂਬਰ ਦਾ ਨਿਰਮਾਣ ਪੂਰੀ ਤਰ੍ਹਾਂ ਨਿਯਮਾਂ ਅਨੁਸਾਰ ਕੀਤਾ ਜਾਵੇਗਾ। ਇਸ ਨਿਰਮਾਣ ਕਾਰਜ ਨਾਲ ਕਿਸੇ ਵੀ ਪਿੰਡ ਵਾਸੀ ਨੂੰ ਕੋਈ ਪ੍ਰੇਸ਼ਾਨੀ ਜਾਂ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ।