ਡੀਸੀ ਦਫ਼ਤਰਾਂ ’ਚ 9 ਤੋਂ 12 ਤੱਕ ਦਫ਼ਤਰੀ ਕੰਮ ਠੱਪ ਡੀਸੀ ਦਫ਼ਤਰਾਂ ’ਚ 9 ਤੋਂ 12 ਤੱਕ ਦਫ਼ਤਰੀ ਕੰਮ ਠੱਪ
Publish Date: Tue, 07 Jul 2026 03:40 PM (IST)
Updated Date: Tue, 07 Jul 2026 03:42 PM (IST)
ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਪੰਜਾਬ ਰਾਜ ਜਿਲ੍ਹਾ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਦੀਆਂ ਚਿਰੋਕੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਦੀ ਸਰਕਾਰ ਵੱਲੋਂ ਪੂਰਤੀ ਨਾ ਕਰਨ ਦੇ ਰੋਸ ਵਜੋਂ ਡੀਸੀ ਦਫ਼ਤਰ ਕਰਮਚਾਰੀਆਂ ਵੱਲੋਂ ਮੁੜ ਸੰਘਰਸ਼ ਦਾ ਰਾਹ ਉਲੀਕ ਲਿਆ ਹੈ, ਜਿਸਦੇ ਚਲਦਿਆਂ ਸੂਬੇ ਭਰ ਦੇ ਡੀਸੀ ਦਫ਼ਤਰਾਂ, ਸਬ ਡਵੀਜ਼ਨ ਦਫ਼ਤਰਾਂ, ਤਹਿਸੀਲਾਂ ਅਤੇ ਸਬ ਤਹਿਸੀਲਾਂ ’ਚ 9 ਜੁਲਾਈ ਤੋਂ 12 ਜੁਲਾਈ ਤੱਕ ਮੁਕੰਮਲ ਕਲਮਛੋੜ ਹੜਤਾਲ ਅਤੇ ਕੰਪਿਊਟਰ ਬੰਦ ਕਰਕੇ ਸਰਕਾਰ ਵਿਰੁੱਧ ਆਪਣਾ ਰੋਸ ਜਾਹਿਰ ਕਰਨ ਦਾ ਫੈਸਲਾ ਲਿਆ ਗਿਆ ਹੈ। ਆਗੂਆਂ ਨੇ ਇਹ ਜਾਣਕਾਰੀ ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਸਿੱਧੂ ਅਤੇ ਜਨਰਲ ਸਕੱਤਰ ਪੁਸ਼ਪਿੰਦਰ ਸਿੰਘ ਵੱਲੋਂ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੂੰ ਮੰਗ ਪੱਤਰ ਦੇਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਜਥੇਬੰਦੀ ਦੀਆਂ ਮੰਗਾਂ ਤੇ ਵਿਚਾਰ ਕਰਨ ਲਈ ਕ੍ਰਮਵਾਰ 7 ਮਈ ਅਤੇ 30 ਜੂਨ ਨੂੰ ਜਥੇਬੰਦੀ ਦੀ ਸੂਬਾ ਬਾਡੀ ਨਾਲ ਮੀਟਿੰਗ ਕੀਤੀ ਗਈ ਸੀ, ਪ੍ਰੰਤੂ ਹਰ ਵਾਰ ਦੀ ਤਰ੍ਹਾਂ ਜਥੇਬੰਦੀ ਨੂੰ ਕੇਵਲ ਲਾਰੇ ਲਗਾ ਕੇ ਹੀ ਤੋਰ ਦਿੱਤਾ ਗਿਆ, ਜਿਸਦੇ ਰੋਸ ਵਜੋਂ 4 ਜੁਲਾਈ ਨੂੰ ਮੋਗਾ ਵਿਖੇ ਸੂਬਾ ਪੱਧਰੀ ਮੀਟਿੰਗ ਕਰਦਿਆਂ ਜਥੇਬੰਦੀ ਨੇ 9 ਤੋਂ 12 ਜੁਲਾਈ ਤੱਕ ਕਲਮਛੋੜ ਹੜਤਾਲ ਕਰਨ ਦਾ ਐਲਾਨ ਕੀਤਾ ਹੈ। ਆਗੂਆਂ ਨੇ ਇਹ ਵੀ ਦੱਸਿਆ ਕਿ ਜੇਕਰ ਸਰਕਾਰ ਵੱਲੋਂ 12 ਜੁਲਾਈ ਤੱਕ ਕਰਮਚਾਰੀਆਂ ਦੀਆਂ ਮੰਗਾਂ ਨੂੰ ਸਾਕਾਰਾਤਮਕ ਢੰਗ ਨਾਲ ਲੈਂਦੇ ਹੋਏ ਪੂਰਾ ਨਾ ਕੀਤਾ ਤਾਂ 12 ਜੁਲਾਈ ਨੂੰ ਹੀ ਵਰਚੂਅਲ ਮੀਟਿੰਗ ਕਰਕੇ ਤਿੱਖੇ ਸੰਘਰਸ਼ ਦਾ ਐਲਾਨ ਕਰ ਦਿੱਤਾ ਜਾਵੇਗਾ। ਆਗੂਆਂ ਨੇ ਦੱਸਿਆ ਕਿ ਯੂਨੀਅਨ ਵੱਲੋਂ ਆਪਣੀਆਂ ਹੱਕੀ ਮੰਗਾਂ ਜਿਵੇਂ ਸੀਨੀਅਰ ਸਹਾਇਕ ਦੀ ਤਰੱਕੀ ਦਾ ਕੋਟਾ 100 ਪ੍ਰਤੀਸ਼ਤ ਕਰਨ, ਸੁਪਰਡੰਟ ਗ੍ਰੇਡ-2 (ਮਾਲ ਤੇ ਰਿਕਾਰਡ) ਤੋਂ ਤਹਿਸੀਲਦਾਰ ਤਰੱਕੀ ਲਈ ਤਜਰਬੇ ਦੀ ਸ਼ਰਤ 4 ਸਾਲ ਤੋਂ ਘਟਾ ਕੇ 2 ਸਾਲ ਕਰਨ, ਸੀਨੀਅਰ ਸਹਾਇਕ ਤੋਂ ਨਾਇਬ ਤਹਿਸੀਲਦਾਰ ਦੀ ਪ੍ਰਮੋਸ਼ਨ ਦਾ ਕੋਟਾ ਵਧਾਉਣ, ਨਾਰਮਜ਼ ਅਨੁਸਾਰ ਪੋਸਟਾਂ ਦੀ ਰਚਨਾ ਕਰਨ, ਡੀ.ਸੀ. ਦਫ਼ਤਰ, ਐਸਡੀਐਮ ਦਫ਼ਤਰਾਂ, ਤਹਿਸੀਲਾਂ ਤੇ ਸਬ ਤਹਿਸੀਲਾਂ ਦੇ ਕਰਮਚਾਰੀਆਂ ਨੂੰ 5 ਪ੍ਰਤੀਸ਼ਤ ਪ੍ਰਸ਼ਾਸ਼ਕੀ ਭੱਤਾ ਦੇਣ, ਸਟੈਨੋ ਕਾਡਰ ਦੀ ਪਦਉਨਤੀ ਦੇ ਮੌਕੇ ਵਧਾਉਣ ਆਦਿ ਵੱਖ-ਵੱਖ ਮੰਗਾਂ ਦੀ ਪੂਰਤੀ ਲਈ ਸੰਘਰਸ਼ ਕੀਤਾ ਜਾ ਰਿਹਾ ਹੈ ਪ੍ਰੰਤੂ ਸਰਕਾਰ ਦੇ 4 ਸਾਲ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਵੀ ਉਨ੍ਹਾਂ ਦੀਆਂ ਮੰਗਾਂ ਦੀ ਪੂਰਤੀ ਨਹੀਂ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਕੇਸ਼ ਕੁਮਾਰ ਸੁਪਰਡੰਟ, ਗੁਰਮੀਤ ਪਾਲ ਰੀਡਰ ਟੂ ਡੀ.ਸੀ., ਰੁਪਿੰਦਰ ਸਿੰਘ ਬਾਠ, ਜਸਵੀਰ ਕੌਰ, ਕੁਲਵੰਤ ਕੌਰ ਅਤੇ ਜਗਪ੍ਰੀਤ ਸਿੰਘ ਸਟੈਨੋ ਮੌਜੂਦ ਸਨ।