- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਰਾਮਬਾੜਾ ਬਾਜ਼ਾਰ 'ਚ ਫੁੱਟਪਾਥ 'ਤੇ ਮਹਿੰਦੀ ਦੇ ਅੱਡਿਆਂ ਤੋਂ ਵਧੀ ਪ੍ਰੇ਼ਸ਼ਾਨੀ

ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ
ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਦੇ ਰਾਮਬਾੜਾ ਬਾਜ਼ਾਰ 'ਚ ਫੁੱਟਪਾਥਾਂ ਅਤੇ ਦੁਕਾਨਾਂ ਦੇ ਸਾਹਮਣੇ ਲੱਗਣ ਵਾਲੇ ਮਹਿੰਦੀ ਦੇ ਅੱਡਿਆਂ ਨੂੰ ਲੈ ਕੇ ਸਥਾਨਕ ਲੋਕਾਂ ਅਤੇ ਰਾਹਗੀਰਾਂ ਨੇ ਸਵਾਲ ਚੁੱਕੇ ਹਨ। ਲੋਕਾਂ ਦਾ ਕਹਿਣਾ ਹੈ ਕਿ ਕਈ ਥਾਵਾਂ 'ਤੇ ਫੁੱਟਪਾਥ ਘਿਰ ਜਾਣ ਕਾਰਨ ਪੈਦਲ ਚੱਲਣ ਵਾਲਿਆਂ ਨੂੰ ਸੜਕ ’ਤੇ ਉੱਤਰ ਕੇ ਚੱਲਣਾ ਪੈਂਦਾ ਹੈ, ਜਿਸ ਨਾਲ ਆਵਾਜਾਈ ਪ੍ਰਭਾਵਿਤ ਹੁੰਦੀ ਹੈ ਅਤੇ ਕਈ ਵਾਰ ਟ੍ਰੈਫਿਕ ਜਾਮ ਵਰਗੀ ਸਥਿਤੀ ਬਣ ਜਾਂਦੀ ਹੈ। ਸਥਾਨਕ ਲੋਕਾਂ ਅਨੁਸਾਰ ਵਿਆਹਾਂ ਅਤੇ ਤਿਉਹਾਰਾਂ ਦੇ ਸੀਜ਼ਨ 'ਚ ਮਹਿੰਦੀ ਲਗਵਾਉਣ ਵਾਲਿਆਂ ਦੀ ਗਿਣਤੀ ਵਧਣ ਨਾਲ ਬਾਜ਼ਾਰ 'ਚ ਭੀੜ ਹੋਰ ਜ਼ਿਆਦਾ ਹੋ ਜਾਂਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਫੁੱਟਪਾਥਾਂ ਦੀ ਵਰਤੋਂ ਰਾਹਗੀਰਾਂ ਦੀ ਸਹੂਲਤ ਲਈ ਹੋਣੀ ਚਾਹੀਦੀ ਹੈ, ਪਰ ਵਪਾਰਕ ਗਤੀਵਿਧੀਆਂ ਕਾਰਨ ਆਮ ਲੋਕਾਂ ਨੂੰ ਪਰੇਸ਼ਾਨੀ ਉਠਾਉਣੀ ਪੈ ਰਹੀ ਹੈ। ਲੋਕਾਂ ਨੇ ਨਗਰ ਕੌਂਸਲ ਅਤੇ ਟ੍ਰੈਫਿਕ ਵਿਭਾਗ ਤੋਂ ਮੌਕੇ ਦਾ ਨਿਰੀਖਣ ਕਰਕੇ ਵਿਵਸਥਾ ਦਰੁਸਤ ਕਰਨ ਦੀ ਮੰਗ ਕੀਤੀ ਹੈ। ਲੋਕਾਂ ਦਾ ਦੋਸ਼ ਹੈ ਕਿ ਬਾਜ਼ਾਰ 'ਚ ਇਹ ਵੀ ਚਰਚਾ ਹੈ ਕਿ ਕੁਝ ਮਹਿੰਦੀ ਲਗਾਉਣ ਵਾਲੇ ਦੁਕਾਨਾਂ ਦੇ ਅੱਗੇ ਫੁੱਟਪਾਥ 'ਤੇ ਬੈਠ ਕੇ ਕੰਮ ਕਰਦੇ ਹਨ ਅਤੇ ਇਸ ਦੇ ਬਦਲੇ ਦੁਕਾਨਦਾਰਾਂ ਨੂੰ ਕਥਿਤ ਤੌਰ 'ਤੇ ਲਗਭਗ ਚਾਰ ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੰਦੇ ਹਨ। ਇਸਤੋਂ ਇਲਾਵਾ ਗਾਹਕਾਂ ਤੋਂ ਮਹਿੰਦੀ ਲਗਾਉਣ ਲਈ ਕਥਿਤ ਤੌਰ ’ਤੇ ਦੋ ਹਜ਼ਾਰ ਰੁਪਏ ਤੱਕ ਦੀ ਰਕਮ ਵਸੂਲੇ ਜਾਣ ਦੀਆਂ ਗੱਲਾਂ ਵੀ ਸਾਹਮਣੇ ਆ ਰਹੀਆਂ ਹਨ। ਲੋਕਾਂ ਨੇ ਸਬੰਧਤ ਵਿਭਾਗਾਂ ਤੋਂ ਇਨ੍ਹਾਂ ਦੋਸ਼ਾਂ ਦੀ ਨਿਸ਼ਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਬਿਨਾਂ ਇਜਾਜ਼ਤ ਫੁੱਟਪਾਥ 'ਤੇ ਕਾਰੋਬਾਰ ਕਰ ਰਿਹਾ ਹੈ ਜਾਂ ਜੀਐੱਸਟੀ ਸਮੇਤ ਹੋਰ ਨਿਯਮਾਂ ਦੀ ਪਾਲਣਾ ਨਹੀਂ ਕਰ ਰਿਹਾ ਤਾਂ ਸਬੰਧਤ ਵਿਭਾਗ ਇਸ ਦੀ ਜਾਂਚ ਕਰੇ। ਉਨ੍ਹਾਂ ਪ੍ਰਸ਼ਾਸਨ ਤੋਂ ਬਾਜ਼ਾਰ 'ਚ ਫੁੱਟਪਾਥ ਅਤੇ ਸੜਕ ਦੀ ਸਥਿਤੀ ਦਾ ਜਾਇਜ਼ਾ ਲੈ ਕੇ ਨਿਯਮਾਂ ਅਨੁਸਾਰ ਕਾਰਵਾਈ ਕਰਨ ਦੀ ਮੰਗ ਕੀਤੀ ਹੈ, ਤਾਂ ਜੋ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਰਾਹਤ ਮਿਲ ਸਕੇ। ਇਸ ਸਬੰਧੀ ਜਦੋਂ ਈਓ ਨਗਰ ਕੌਂਸਲ ਵਰੁਣ ਸਹੋਤਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਦੀ ਜਾਂਚ ਕਰਵਾਉਣਗੇ ਅਤੇ ਅਣਅਧਿਕਾਰਤ ਕਬਜ਼ਿਆਂ ਖ਼ਿਲਾਫ਼ ਪੁਲਿਸ ਨੂੰ ਨਾਲ ਲੈ ਕੇ ਮੁਹਿੰਮ ਚਲਾਈ ਜਾਵੇਗੀ।