ਮਿੱਡ ਡੇਅ ਮੀਲ ਦੀ ਰਾਸ਼ੀ ਜਾਰੀ ਨਾ ਹੋਣ ਕਾਰਨ ਅਧਿਆਪਕ ਜੱਥੇਬੰਦੀਆਂ ਨੇ ਡੀਈਓ ਨੂੰ ਦਿੱਤਾ ਨੋਟਿਸ ਮਿੱਡ ਡੇ ਮੀਲ ਦੀ ਰਾਸ਼ੀ ਜਾਰੀ ਨਾ ਹੋਣ ਕਾਰਨ ਸਮੂਹ ਅਧਿਆਪਕ ਜੱਥੇਬੰਦੀਆਂ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਦਿੱਤਾ ਨੋਟਿਸ
Publish Date: Tue, 06 Oct 2026 06:26 PM (IST)
Updated Date: Tue, 06 Oct 2026 06:29 PM (IST)
ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਪੀਐੱਮ ਪੋਸ਼ਣ ਸਕੀਮ ਅਧੀਨ ਚੱਲ ਰਹੇ ਮਿੱਡ ਡੇ ਮੀਲ ਦੀ ਰਾਸ਼ੀ ਲੰਮੇ ਸਮੇਂ ਤੋਂ ਜਾਰੀ ਨਾ ਹੋਣ ਕਾਰਨ ਸਕੂਲਾਂ ’ਚ ਆ ਰਹੀਆਂ ਭਾਰੀ ਮੁਸ਼ਕਿਲਾਂ ਨੂੰ ਲੈ ਕੇ ਅੱਜ ਸਮੂਹ ਅਧਿਆਪਕ ਜੱਥੇਬੰਦੀਆਂ ਵੱਲੋਂ ਇੱਕ ਅਹਿਮ ਕਦਮ ਚੁੱਕਿਆ ਗਿਆ। ਅਧਿਆਪਕ ਆਗੂਆਂ ਪਵਨ ਕੁਮਾਰ, ਲਖਵੀਰ ਸਿੰਘ, ਅਮਰਜੀਤ ਸਿੰਘ ਅਤੇ ਕੁਲਬੀਰ ਜੋਸ਼ੀ ਦੀ ਸਾਂਝੀ ਅਗਵਾਈ ਹੇਠ ਇੱਕ ਵਿਸ਼ੇਸ਼ ਵਫ਼ਦ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ (ਡੀਈਓ), ਸ੍ਰੀ ਮੁਕਤਸਰ ਸਾਹਿਬ ਨੂੰ ਇੱਕ ਲਿਖਤੀ ਨੋਟਿਸ ਸੌਂਪਿਆ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਜੱਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਸਰਕਾਰ ਅਤੇ ਵਿਭਾਗ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਮਿੱਡ ਡੇ ਮੀਲ ਦੀ ਬਣਦੀ ਕੁਕਿੰਗ ਕਾਸਟ (ਰਾਸ਼ੀ) ਸਕੂਲਾਂ ਨੂੰ ਜਾਰੀ ਨਹੀਂ ਕੀਤੀ ਗਈ। ਇਸ ਕਾਰਨ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਦੁਕਾਨਦਾਰਾਂ ਦੇ ਉਧਾਰ ਚੁਕਾਉਣੇ ਔਖੇ ਹੋਏ ਪਏ ਹਨ ਅਤੇ ਹੁਣ ਦੁਕਾਨਦਾਰਾਂ ਨੇ ਹੋਰ ਰਾਸ਼ਨ ਦੇਣ ਤੋਂ ਸਾਫ਼ ਮਨ੍ਹਾ ਕਰ ਦਿੱਤਾ ਹੈ। ਅਧਿਆਪਕ ਆਗੂਆਂ ਨੇ ਸਖ਼ਤ ਸ਼ਬਦਾਂ ’ਚ ਅਲਟੀਮੇਟਮ ਦਿੰਦਿਆਂ ਚੇਤਾਵਨੀ ਦਿੱਤੀ ਕਿ ਜੇਕਰ ਮਿਤੀ 11/10/2026 ਤੱਕ ਇਹ ਬਕਾਇਆ ਰਾਸ਼ੀ ਦੁਕਾਨਦਾਰਾਂ ਦੇ ਖਾਤਿਆਂ ਵਿੱਚ ਨਾ ਪਾਈ ਗਈ, ਤਾਂ ਸਮੂਹ ਸਕੂਲਾਂ ਵਿੱਚ ਮਿੱਡ ਡੇ ਮੀਲ ਬਣਾਉਣਾ ਮੁਕੰਮਲ ਤੌਰ ਤੇ ਬੰਦ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਸ ਫੈਸਲੇ ਕਾਰਨ ਕਿਸੇ ਵੀ ਸਕੂਲ ਮੁਖੀ ਜਾਂ ਅਧਿਆਪਕ ਤੇ ਕੋਈ ਨਾਜਾਇਜ਼ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਗਈ, ਤਾਂ ਸਮੂਹ ਜੱਥੇਬੰਦੀਆਂ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੀਆਂ, ਜਿਸ ਦੀ ਜ਼ਿੰਮੇਵਾਰੀ ਵਿਭਾਗ ਦੀ ਹੋਵੇਗੀ। ਆਗੂਆਂ ਨੇ ਸਮੂਹ ਅਧਿਆਪਕਾਂ ਅਤੇ ਸਕੂਲ ਮੁਖੀਆਂ ਨੂੰ ਸਲਾਹ ਦਿੱਤੀ ਹੈ ਕਿ ਕੱਲ੍ਹ ਸਕੂਲਾਂ ਵਿੱਚ ਹੋਣ ਵਾਲੀਆਂ ਸਕੂਲ ਮੈਨੇਜਮੈਂਟ ਕਮੇਟੀਆਂ ਦੀਆਂ ਮੀਟਿੰਗਾਂ ਵਿੱਚ ਇਸ ਗੰਭੀਰ ਮੁੱਦੇ ਨੂੰ ਵਿਸ਼ੇਸ਼ ਤੌਰ ਤੇ ਵਿਚਾਰਿਆ ਜਾਵੇ ਅਤੇ ਇਸ ਸਬੰਧੀ ਬਕਾਇਦਾ ਮਤੇ ਪਾਏ ਜਾਣ। ਉਨ੍ਹਾਂ ਕਿਹਾ ਕਿ ਕਮੇਟੀ ਮੈਂਬਰਾਂ ਅਤੇ ਮਾਪਿਆਂ ਦੇ ਧਿਆਨ ਵਿੱਚ ਲਿਆਂਦਾ ਜਾਵੇ ਕਿ ਪਿਛਲੇ ਕਿੰਨੇ ਸਮੇਂ ਤੋਂ ਮਿੱਡ ਡੇ ਮੀਲ ਦਾ ਪੈਸਾ ਨਹੀਂ ਆਇਆ ਅਤੇ ਕਿੰਨੀ ਰਾਸ਼ੀ ਦੁਕਾਨਦਾਰਾਂ ਦੀ ਉਧਾਰ ਖੜ੍ਹੀ ਹੈ, ਤਾਂ ਜੋ ਸਭ ਨੂੰ ਅਸਲੀਅਤ ਦਾ ਪਤਾ ਲੱਗ ਸਕੇ। ਇੰਨ੍ਹਾਂ ਮੀਟਿੰਗਾਂ ਵਿੱਚ ਸਕੂਲਾਂ ਦੀਆਂ ਹੋਰ ਰਹਿੰਦੀਆਂ ਉਧਾਰੀਆਂ ਜਿਵੇਂ ਵਰਦੀਆਂ ਦੀ ਗ੍ਰਾਂਟ, ਅਰਬਨ ਸਕੂਲਾਂ ਦੇ ਟੁਆਇਲਟ ਸਬੰਧੀ ਗ੍ਰਾਂਟ ਆਦਿ ਦੀ ਵੀ ਚਰਚਾ ਕੀਤੀ ਜਾਵੇ। ਅਧਿਆਪਕ ਜੱਥੇਬੰਦੀਆਂ ਨੇ ਸਕੂਲਾਂ ਨੂੰ ਰੰਗ ਰੋਗਨ (ਵਾਈਟ ਵਾਸ਼) ਲਈ ਹਾਲੇ ਤੱਕ ਜਾਰੀ ਨਾ ਹੋਈ ਰਾਸ਼ੀ ਨੂੰ 25 ਅਕਤੂਬਰ ਤੋਂ ਪਹਿਲਾਂ ਪਹਿਲਾਂ ਖਰਚ ਕਰਨ ਦੇ ਸਿੱਖਿਆ ਸਕੱਤਰ ਦੇ ਹੁਕਮਾਂ ਨੂੰ ਗੈਰ ਜ਼ਰੂਰੀ ਦਬਾਅ ਬਣਾਉਣ ਵਾਲੇ ਹੁਕਮ ਦੱਸਦਿਆਂ ਇਤਰਾਜ਼ ਦਰਜ਼ ਕਰਵਾਇਆ ਕਿ ਜਿਹੜੀ ਰਾਸ਼ੀ ਹਾਲੇ ਤੱਕ ਜਾਰੀ ਹੀ ਨਹੀਂ ਹੋਈ ਉਸਨੂੰ ਖਰਚ ਕਰਨ ਲਈ ਪਹਿਲਾਂ ਤੋਂ ਹੀ ਹੁਕਮ ਜਾਰੀ ਕਿੰਨੇ ਕੁ ਜਾਇਜ਼ ਹਨ। ਆਗੂਆਂ ਨੇ ਮੰਗ ਕੀਤੀ ਕਿ ਸਕੂਲਾਂ ਨੂੰ ਰੰਗ ਰੋਗਨ ਕਰਾਉਣ ਲਈ ਰਾਸ਼ੀ ਜਾਰੀ ਹੋਣ ਤੋਂ ਬਾਅਦ ਰੰਗ ਰੋਗਨ ਲਈ ਢੁੱਕਵਾਂ ਸਮਾਂ ਦਿੰਦਿਆਂ ਕੰਮ ਕਰਵਾਇਆ ਜਾਵੇ, ਜੇਕਰ ਇਸ ਕੰਮ ਵਿੱਚ ਬਿਨਾਂ ਕਾਰਣ ਦਬਾਅ ਬਣਾਇਆ ਗਿਆ ਤਾਂ ਜੱਥੇਬੰਦੀਆਂ ਇਸਦਾ ਵੀ ਬਾਈਕਾਟ ਕਰਨ ਵੱਲ ਵਧਣਗੀਆਂ। ਇਸ ਮੌਕੇ ਕੁਲਵਿੰਦਰ ਸਿੰਘ ਗੋਨੇਆਣਾ, ਮਨਦੀਪ ਸਿੰਘ, ਜਸਵੰਤ ਸਿੰਘ, ਸੁਰਿੰਦਰ ਕੁਮਾਰ, ਕੰਵਲਜੀਤ ਪਾਲ, ਸੁਭਾਸ਼ ਚੰਦਰ, ਕੁਲਵੰਤ ਸਿੰਘ ਹਾਜ਼ਰ ਸਨ।