ਸ਼ਹਿਰ ’ਚ ਬੰਦ ਪਈਆਂ ਸਟਰੀਟ ਲਾਈਟਾਂ ਲੋਕਾਂ ਲਈ ਬਣੀਆਂ ਪ੍ਰੇਸ਼ਾਨੀ ਸ਼ਹਿਰ ’ਚ ਬੰਦ ਪਈਆਂ ਸਟਰੀਟ ਲਾਈਟਾਂ ਲੋਕਾਂ ਲਈ ਬਣੀਆਂ ਪ੍ਰੇਸ਼ਾਨੀ
Publish Date: Tue, 01 Sep 2026 05:39 PM (IST)
Updated Date: Tue, 01 Sep 2026 05:40 PM (IST)
ਜਤਿੰਦਰ ਸਿੰਘ ਭੰਵਰਾ. ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਦੇ ਕੋਟਕਪੂਰਾ ਚੌਂਕ ਤੇ ਮਸੀਤ ਚੌਂਕ ਦੇ ਏਰੀਏ ’ਚ ਬੰਦ ਪਈਆਂ ਸਟਰੀਟ ਲਾਈਟਾਂ ਸਥਾਨਕ ਲੋਕਾਂ ਲਈ ਵੱਡੀ ਪਰੇਸ਼ਾਨੀ ਬਣ ਗਈਆਂ ਹਨ। ਬੰਦ ਪਈਆਂ ਲਾਈਟਾਂ ਕਾਰਨ ਰਾਤ ਨੂੰ ਸਬੰਧਿਤ ਏਰੀਏ ਹਨੇਰੇ ’ਚ ਡੁੱਬ ਜਾਂਦੇ ਹਨ ਜਿਸ ਨਾਲ ਪੈਦਲ ਚੱਲਣ ਵਾਲਿਆਂ ’ਚ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਗਈ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਇਹ ਸਮੱਸਿਆ ਸਿਰਫ਼ ਇੱਕ ਅਸੁਵਿਧਾ ਨਹੀਂ ਹੈ ਸਗੋਂ ਇੱਕ ਗੰਭੀਰ ਸੁਰੱਖਿਆ ਮੁੱਦਾ ਬਣ ਗਈ ਹੈ। ਸਥਾਨਕ ਵਾਸੀਆਂ ਦੇ ਅਨੁਸਾਰ ਕੋਟਕਪੂਰਾ ਚੌਕ ਸ਼ਹਿਰ ਦਾ ਇੱਕ ਵੱਡਾ ਟ੍ਰੈਫਿਕ ਹੱਬ ਹੈ ਜਿੱਥੋਂ ਲੰਮੇ ਰੂਟ ਦੀਆਂ ਬੱਸਾਂ ਸਵੇਰੇ 4 ਵਜੇ ਹੀ ਲੰਘਣੀਆਂ ਸ਼ੁਰੂ ਹੋ ਜਾਂਦੀਆਂ ਹਨ। ਬੱਸ ਯਾਤਰੀ ਸਵੇਰੇ 4 ਵਜੇ ਹੀ ਇੱਥੇ ਪਹੁੰਚ ਜਾਂਦੇ ਹਨ। ਇਸ ਸਮੇਂ ਦੌਰਾਨ ਲੋੜੀਂਦੀ ਰੋਸ਼ਨੀ ਦੀ ਘਾਟ ਕਾਰਨ ਯਾਤਰੀਆਂ, ਖਾਸ ਕਰਕੇ ਔਰਤਾਂ, ਬਜ਼ੁਰਗਾਂ ਤੇ ਵਿਦਿਆਰਥੀਆਂ ਨੂੰ ਬੱਸਾਂ ਦੀ ਉਡੀਕ ਕਰਦੇ ਸਮੇਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਨੇਰੇ ਕਾਰਨ ਸੜਕ ਪਾਰ ਕਰਨ ਤੇ ਡਰਾਈਵਰਾਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਮਸੀਤ ਚੌਂਕ ’ਚ ਅੱਧੇ ਤੋਂ ਵੱਧ ਸਟਰੀਟ ਲਾਈਟਾਂ ਬੰਦ ਇਸੇ ਤਰ੍ਹਾਂ ਮਸੀਤ ਚੌਂਕ ਏਰੀਏ ’ਚ ਅੱਧੇ ਤੋਂ ਵੱਧ ਸਟਰੀਟ ਲਾਈਟਾਂ ਬੰਦ ਹਨ। ਰਾਤ ਨੂੰ ਇਸ ਰਸਤੇ ਤੋਂ ਲੰਘਣ ਵਾਲੇ ਲੋਕ ਸਾਫ਼-ਸਾਫ਼ ਨਹੀਂ ਦੇਖ ਸਕਦੇ ਜਿਸ ਨਾਲ ਹਾਦਸਿਆਂ ਦਾ ਖ਼ਤਰਾ ਵੱਧ ਜਾਂਦਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਸਮੱਸਿਆ ਨੂੰ ਵਾਰ-ਵਾਰ ਸਬੰਧਿਤ ਅਧਿਕਾਰੀਆਂ ਦੇ ਧਿਆਨ ’ਚ ਲਿਆਂਦਾ ਹੈ ਪਰ ਅਜੇ ਤੱਕ ਕੋਈ ਸਥਾਈ ਹੱਲ ਨਹੀਂ ਲੱਭਿਆ ਗਿਆ। ਸ਼ਹਿਰ ’ਚ ਪਹਿਲਾਂ ਹੀ ਚੋਰੀਆਂ ਤੇ ਹੋਰ ਅਪਰਾਧਿਕ ਘਟਨਾਵਾਂ ਬਾਰੇ ਲੋਕ ਚਿੰਤਾਵਾਂ ਦਾ ਸਾਹਮਣਾ ਕਰ ਰਹੇ ਹਨ ਅਜਿਹੀ ਸਥਿਤੀ ’ਚ ਮੁੱਖ ਚੌਕਾਂ ਤੇ ਗਲੀਆਂ ’ਚ ਹਨੇਰੇ ਨੇ ਲੋਕਾਂ ਦੇ ਡਰ ਨੂੰ ਹੋਰ ਵਧਾ ਦਿੱਤਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਸਟਰੀਟ ਲਾਈਟਾਂ ਨਿਯਮਿਤ ਤੌਰ ਤੇ ਜਗਾਈਆਂ ਜਾਣ ਤਾਂ ਅਪਰਾਧ ਦੀ ਸੰਭਾਵਨਾ ਘੱਟ ਜਾਵੇਗੀ ਤੇ ਲੋਕ ਰਾਤ ਨੂੰ ਸੁਰੱਖਿਅਤ ਮਹਿਸੂਸ ਕਰਨਗੇ। ਦੁਕਾਨਦਾਰਾਂ ਨੂੰ ਵੀ ਕਰਨਾ ਪੈ ਰਿਹਾ ਮੁਸ਼ਕਲਾਂ ਦਾ ਸਾਹਮਣਾ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸ਼ਾਮ ਨੂੰ ਬਾਜ਼ਾਰ ਤੋਂ ਘਰ ਪਰਤਣ ਵੇਲੇ ਲੋਕਾਂ ਨੂੰ ਵੀ ਰੋਸ਼ਨੀ ਦੀ ਘਾਟ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਦੁਕਾਨਦਾਰਾਂ ਨੂੰ ਵੀ ਪ੍ਰੇਸ਼ਾਨੀ ਹੁੰਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੋਟਕਪੂਰਾ ਚੌਕ ਸ਼ਹਿਰ ਦੇ ਸਭ ਤੋਂ ਵਿਅਸਤ ਸਥਾਨਾਂ ’ਚੋਂ ਇੱਕ ਹੈ, ਇਸ ਲਈ ਇੱਥੇ ਸਟਰੀਟ ਲਾਈਟਾਂ ਦਾ ਕੰਮ ਕਰਨਾ ਬਹੁਤ ਜ਼ਰੂਰੀ ਹੈ। ਸ਼ਹਿਰ ਵਾਸੀਆਂ ਨੇ ਮੰਗ ਕੀਤੀ ਹੈ ਕਿ ਨਗਰ ਕੌਂਸਲ ਤੇ ਸਬੰਧਿਤ ਪ੍ਰਸ਼ਾਸਨ ਕੋਟਕਪੂਰਾ ਚੌਂਕ ਤੇ ਮਸੀਤ ਚੌਂਕ ’ਚ ਬੰਦ ਪਈਆਂ ਸਟਰੀਟ ਲਾਈਟਾਂ ਦਾ ਤੁਰੰਤ ਮੁਆਇਨਾ ਕਰੇ ਤੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਚਾਲੂ ਕਰੇ। ਪ੍ਰਸ਼ਾਸਨ ਦੀ ਮੁੱਢਲੀ ਜਿੰਮਵਾਰੀ ਲੋਕਾਂ ਦੀ ਸੁਰੱਖਿਆ : ਡੀਸੀ ਪੰਚਾਲ ਸ੍ਰੀ ਮੁਕਤਸਰ ਸਾਹਿਬ ਦੇ ਡੀਸੀ ਅਮਿਤ ਕੁਮਾਰ ਪੰਚਾਲ ਨੇ ਕਿਹਾ ਕਿ ਉਹ ਇਸਦੀ ਜਾਂਚ ਕਰਵਾਉਣਗੇ ਤੇ ਜੇਕਰ ਸਟਰੀਟ ਲਾਈਟਾਂ ਬੰਦ ਹਨ ਤਾਂ ਇਸਦੀ ਜਲਦ ਹੀ ਮੁਰੰਮਤ ਕੀਤੀ ਜਾਵੇਗੀ। ਪ੍ਰਸ਼ਾਸਨ ਦੀ ਮੁੱਢਲੀ ਜ਼ਿੰਮੇਵਾਰੀ ਲੋਕਾਂ ਦੀ ਸੁਰੱਖਿਆ ਹੈ।