ਬਾਰ ਦੇ ਸਾਂਝੇ ਹਿੱਤਾਂ ਨਾਲ ਜੁੜੇ ਹਰ ਮਾਮਲੇ ’ਤੇ ਵਿਚਾਰ ਕਰਕੇ ਅੱਗੇ ਵਧਾਂਗੇ : ਐਡਵੋਕੇਟ ਸੰਧੂ ਬਾਰ ਐਸੋਸੀਏਸ਼ਨ ਗਿੱਦੜਬਾਹਾ ਦੀ ਨਵੀਂ ਕਾਰਜਕਾਰਨੀ ਨੇ ਸੰਭਾਲਿਆ ਅਹੁਦਾ
Publish Date: Wed, 16 Sep 2026 06:01 PM (IST)
Updated Date: Wed, 16 Sep 2026 06:02 PM (IST)
ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਬਾਰ ਐਸੋਸੀਏਸ਼ਨ ਗਿੱਦੜਬਾਹਾ ਦੀਆਂ ਹਾਲ ਹੀ ’ਚ ਹੋਈਆਂ ਚੋਣਾਂ ’ਚ ਜਿੱਤ ਹਾਸਲ ਕਰਨ ਉਪਰੰਤ ਐਡਵੋਕੇਟ ਕੁਲਜਿੰਦਰ ਸਿੰਘ ਸੰਧੂ ਦੀ ਅਗਵਾਈ ਵਾਲੀ ਨਵੀਂ ਕਾਰਜਕਾਰਨੀ ਨੇ ਅੱਜ ਤਹਿਸੀਲ ਕੰਪਲੈਕਸ ਸਥਿਤ ਬਾਰ ਰੂਮ ਵਿਖੇ ਹੋਈ ਫੁੱਲ ਹਾਊਸ ਮੀਟਿੰਗ ਦੌਰਾਨ ਆਪਣਾ ਅਹੁਦਾ ਸੰਭਾਲ ਲਿਆ। ਇਸ ਮੌਕੇ ਚੋਣ ਕਮੇਟੀ ਦੇ ਆਰਓ ਐਡਵੋਕੇਟ ਸਨੇਹਪ੍ਰੀਤ ਸਿੰਘ ਮਾਨ ਅਤੇ ਐਡਵੋਕੇਟ ਗੁਰਮੀਤ ਸਿੰਘ ਮਾਨ ਕੋਟਭਾਈ ਵੱਲੋਂ ਨਵੀਂ ਚੁਣੀ ਟੀਮ ਨੂੰ ਵਧਾਈ ਦਿੱਤੀ ਗਈ। ਨਵੀਂ ਕਾਰਜਕਾਰਨੀ ’ਚ ਪ੍ਰਧਾਨ ਐਡਵੋਕੇਟ ਕੁਲਜਿੰਦਰ ਸਿੰਘ ਸੰਧੂ, ਉਪ ਪ੍ਰਧਾਨ ਐਡਵੋਕੇਟ ਤਿਲਕ ਰਾਜ, ਐਡਵੋਕੇਟ ਜਸਵੀਰ ਕੌਰ ਜੱਸੀ (ਵੂਮੈਨ ਰਿਜ਼ਰਵਡ), ਸਕੱਤਰ ਐਡਵੋਕੇਟ ਗਗਨਦੀਪ ਸਿੰਘ ਧਾਲੀਵਾਲ, ਸੰਯੁਕਤ ਸਕੱਤਰ ਐਡਵੋਕੇਟ ਰਮਨਦੀਪ ਕੌਰ, ਕੈਸ਼ੀਅਰ ਐਡਵੋਕੇਟ ਜਨਜਿੰਦਰ ਸਿੰਘ ਧਾਲੀਵਾਲ ਅਤੇ ਲਾਇਬ੍ਰੇਰੀਅਨ ਇੰਚਾਰਜ ਐਡਵੋਕੇਟ ਨੀਤੂ ਸ਼ਰਮਾ ਨੇ ਜ਼ਿੰਮੇਵਾਰੀਆਂ ਸੰਭਾਲੀਆਂ। ਚੋਣ ਕਮੇਟੀ ਵੱਲੋਂ ਆਸ ਪ੍ਰਗਟਾਈ ਗਈ ਕਿ ਨਵੀਂ ਟੀਮ ਵਕੀਲ ਭਾਈਚਾਰੇ ਦੀ ਭਲਾਈ ਲਈ ਸਰਗਰਮੀ ਨਾਲ ਕੰਮ ਕਰੇਗੀ। ਮੀਟਿੰਗ ਦੌਰਾਨ ਐੱਸਡੀਜੇਐੱਮ ਤਰਨਜੀਤ ਸਿੰਘ ਸਿਮਰਾ, ਜੇਐੱਮਆਈਸੀ ਕਿਰਨਦੀਪ ਕੌਰ ਅਤੇ ਜੇਐੱਮਆਈਸੀ ਗੌਰਵ ਮਿੱਤਲ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਨਵੀਂ ਕਾਰਜਕਾਰਨੀ ਨੇ ਪਿਛਲੀ ਟੀਮ ਵੱਲੋਂ ਕੀਤੇ ਕੰਮਾਂ ਲਈ ਧੰਨਵਾਦ ਕਰਦਿਆਂ ਬਾਰ ਦੀਆਂ ਗਤੀਵਿਧੀਆਂ ਨੂੰ ਹੋਰ ਬਿਹਤਰ ਅਤੇ ਵਿਵਸਥਿਤ ਢੰਗ ਨਾਲ ਅੱਗੇ ਵਧਾਉਣ ਦਾ ਭਰੋਸਾ ਦਿੱਤਾ। ਪ੍ਰਧਾਨ ਐਡਵੋਕੇਟ ਕੁਲਜਿੰਦਰ ਸਿੰਘ ਸੰਧੂ ਨੇ ਸਮੂਹ ਵਕੀਲ ਭਾਈਚਾਰੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਬਾਰ ਦੀ ਜ਼ਿੰਮੇਵਾਰੀ ਸੌਂਪਣਾ ਵਕੀਲਾਂ ਦੇ ਭਰੋਸੇ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਉਹ ਸਮੁੱਚੀ ਟੀਮ ਨੂੰ ਨਾਲ ਲੈ ਕੇ ਵਕੀਲਾਂ ਦੀ ਬਿਹਤਰੀ ਲਈ ਕੰਮ ਕਰਨਗੇ ਅਤੇ ਬਾਰ ਤੇ ਬੈਂਚ ਵਿਚਕਾਰ ਬਿਹਤਰ ਤਾਲਮੇਲ ਬਣਾਉਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਾਰ ਦੇ ਸਾਂਝੇ ਹਿੱਤਾਂ ਨਾਲ ਜੁੜੇ ਹਰ ਮਾਮਲੇ ’ਤੇ ਵਿਚਾਰ-ਵਟਾਂਦਰਾ ਕਰਕੇ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਸਮੂਹ ਨਵੇਂ ਅਹੁਦੇਦਾਰਾਂ ਨੇ ਵੀ ਬਾਰ ਦੇ ਮੈਂਬਰਾਂ ਦਾ ਧੰਨਵਾਦ ਕੀਤਾ।