ਮੁਕਤਸਰ 'ਚ NCB ਦੀ ਦੇਰ ਰਾਤ ਛਾਪੇਮਾਰੀ, ਕੋਰੀਅਰ ਰਾਹੀਂ ਨਸ਼ਾ ਭੇਜਣ ਦੇ ਮਾਮਲੇ 'ਚ ਗੱਡੀ ਕਬਜ਼ੇ 'ਚ; ਦੋ ਜਣਿਆਂ ਨੂੰ ਹਿਰਾਸਤ 'ਚ ਲੈਣ ਦੀ ਚਰਚਾ
ਸ਼ਾ ਤਸਕਰੀ ਨਾਲ ਜੁੜੇ ਮਾਮਲੇ ਦੀ ਜਾਂਚ ਲਈ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਦੀ ਟੀਮ ਨੇ ਸ਼ਨੀਵਾਰ ਦੇਰ ਰਾਤ ਸ੍ਰੀ ਮੁਕਤਸਰ ਸਾਹਿਬ ’ਚ ਦੋ ਥਾਵਾਂ ’ਤੇ ਛਾਪੇ ਮਾਰੇ। ਇਸਤੋਂ ਇਲਾਵਾ ਗਿੱਦੜਬਾਹਾ ’ਚ ਵੀ ਇਕ ਥਾਂ ਜਾਂਚ ਕੀਤੀ ਗਈ।
Publish Date: Sun, 15 Nov 2026 02:59 PM (IST)
Updated Date: Sun, 15 Nov 2026 03:04 PM (IST)
ਭੰਵਰਾ\ਗਿੱਲ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਨਸ਼ਾ ਤਸਕਰੀ ਨਾਲ ਜੁੜੇ ਮਾਮਲੇ ਦੀ ਜਾਂਚ ਲਈ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਦੀ ਟੀਮ ਨੇ ਸ਼ਨੀਵਾਰ ਦੇਰ ਰਾਤ ਸ੍ਰੀ ਮੁਕਤਸਰ ਸਾਹਿਬ ’ਚ ਦੋ ਥਾਵਾਂ ’ਤੇ ਛਾਪੇ ਮਾਰੇ। ਇਸਤੋਂ ਇਲਾਵਾ ਗਿੱਦੜਬਾਹਾ ’ਚ ਵੀ ਇਕ ਥਾਂ ਜਾਂਚ ਕੀਤੀ ਗਈ। ਟੀਮ ਨੇ ਘਰਾਂ ’ਚ ਕਈ ਘੰਟੇ ਜਾਂਚ ਕਰਦਿਆਂ ਰਿਕਾਰਡ ਖੰਗਾਲਿਆ। ਇਹ ਕਾਰਵਾਈ ਚੰਡੀਗੜ੍ਹ ’ਚ ਦਰਜ ਐਨਡੀਪੀਐਸ ਐਕਟ ਦੇ ਮਾਮਲਾ ਨੰਬਰ 22/26 ਦੀ ਜਾਂਚ ਦੇ ਸਿਲਸਿਲੇ ’ਚ ਹੋਈ।
ਮੁੱਢਲੀ ਜਾਣਕਾਰੀ ਮੁਤਾਬਕ, ਮਾਮਲੇ ’ਚ ਹਿਮਾਚਲ ਪ੍ਰਦੇਸ਼ ਦੇ ਊਨਾ ਵਾਸੀ ਮੁਹੰਮਦ ਆਸਿਫ਼ ਯੂਸੁਫ਼ ਦਾ ਨਾਂ ਸਾਹਮਣੇ ਆਇਆ ਹੈ। ਦੱਸਿਆ ਜਾਂਦਾ ਹੈ ਕਿ ਉਹ ਕੁਝ ਦਿਨ ਪਹਿਲਾਂ ਚੰਡੀਗੜ੍ਹ ਤੋਂ ਤਾਮਿਲਨਾਡੂ ਭੇਜਣ ਲਈ ਕੋਰੀਅਰ ਦੇਣ ਗਿਆ ਸੀ। ਜਾਂਚ ਦੌਰਾਨ ਉਸ ਕੋਰੀਅਰ ’ਚੋਂ ਕੋਕੀਨ ਅਤੇ ਹੈਰੋਇਨ ਮਿਲਣ ਦੀ ਗੱਲ ਸਾਹਮਣੇ ਆਈ। ਸੂਤਰਾਂ ਮੁਤਾਬਕ, ਪੁੱਛਗਿੱਛ ਦੌਰਾਨ ਯੂਸੁਫ਼ ਨੇ ਕਥਿਤ ਤੌਰ ’ਤੇ ਮੁਕਤਸਰ ਵਾਸੀ ਕਰਨ ਚੁੱਘ ਦਾ ਨਾਂ ਲਿਆ ਅਤੇ ਕੋਰੀਅਰ ਉਸਦਾ ਹੋਣ ਦੀ ਗੱਲ ਕਹੀ। ਇਸ ਮਗਰੋਂ ਟੀਮ ਨੇ ਚੁੱਘ ਦੇ ਘਰ ਛਾਪਾ ਮਾਰਿਆ ਅਤੇ ਰੂਪਨਗਰ ਨੰਬਰ ਵਾਲੀ ਇਕ ਗੱਡੀ ਕਬਜ਼ੇ ’ਚ ਲਈ। ਬਾਅਦ ’ਚ ਮੋਬਾਈਲ ਫੋਨ ਦੀ ਲੋਕੇਸ਼ਨ ਦੇ ਆਧਾਰ ’ਤੇ ਮੌੜ ਰੋਡ ’ਤੇ ਸਥਿਤ ਇਕ ਹੋਰ ਘਰ ’ਚ ਜਾਂਚ ਕੀਤੀ ਗਈ। ਇਸ ਤੋਂ ਇਲਾਵਾ ਗਿੱਦੜਬਾਹਾ ’ਚ ਦੋ ਜਣਿਆਂ ਨੂੰ ਹਿਰਾਸਤ ’ਚ ਲਏ ਜਾਣ ਦੀ ਗੱਲ ਹੈ ਪਰ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ। ਦੋਵਾਂ ਥਾਵਾਂ ਦੀ ਕਾਰਵਾਈ ਦਾ ਆਪਸੀ ਸਬੰਧ ਵੀ ਸਪੱਸ਼ਟ ਨਹੀਂ ਹੈ।