ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਸਬੰਧੀ ਸਜਾਇਆ ਨਗਰ ਕੀਰਤਨ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਸਬੰਧੀ ਸਜਾਇਆ ਨਗਰ ਕੀਰਤਨ
Publish Date: Mon, 23 Nov 2026 03:35 PM (IST)
Updated Date: Tue, 24 Nov 2026 04:01 AM (IST)
-ਨਗਰ ਕੀਰਤਨ ਦਾ ਥਾਂ-ਥਾਂ ਨਿੱਘਾ ਸਵਾਗਤ, ਨਿਹੰਗ ਸਿੰਘਾਂ ਨੇ ਦਿਖਾਏ ਗਤਕੇ ਦੇ ਜੌਹਰ ਭੰਵਰਾ\ਗਿੱਲ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਸਬੰਧੀ ਸ੍ਰੀ ਦਰਬਾਰ ਸਾਹਿਬ ਵੱਲੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ਼ਹਿਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ’ਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਸ੍ਰੀ ਦਰਬਾਰ ਸਾਹਿਬ ਦੇ ਨਾਕਾ ਨੰਬਰ 7 ਤੋਂ ਸਵੇਰੇ 9.30 ਵਜੇ ਆਰੰਭ ਹੋਇਆ ਜੋ ਕਿ ਮੰਗੇ ਦਾ ਪੰਪ, ਮਲੋਟ ਰੋਡ, ਬੱਸ ਸਟੈਂਡ, ਅਬੋਹਰ ਰੋਡ, ਘਾਹ ਮੰਡੀ ਚੌਕ, ਮਸੀਤ ਚੌਕ, ਥਾਣਾ ਸਿਟੀ, ਪੁਰਾਣਾ ਸਰਕਾਰੀ ਹਸਪਤਾਲ, ਭਾਈ ਮਹਾਂ ਸਿੰਘ ਚੌਕ ਤੋਂ ਮਲੋਟ ਰੋਡ ਹੁੰਦਾ ਹੋਇਆ ਮੰਗੇ ਦੇ ਪੰਪ ਤੋਂ ਹੁੰਦਾ ਹੋਇਆ ਛੇ ਨੰਬਰ ਨਾਕੇ ਕੋਲੋਂ ਛਾਉਣੀ ਨਿਹੰਗ ਸਿੰਘਾਂ ਕੋਲੋਂ ਹੁੰਦਾ ਹੋਇਆ ਵਾਪਸ 7 ਨੰਬਰ ਗੇਟ ਤੇ ਆ ਕੇ ਸਮਾਪਤ ਹੋਇਆ। ਸ਼ਹਿਰ ’ਚ ਜਗ੍ਹਾ ਜਗ੍ਹਾ ਨਗਰ ਕੀਰਤਨ ਦਾ ਸਵਾਗਤ ਕੀਤਾ ਗਿਆ ਤੇ ਲੰਗਰ ਲਗਾਏ ਗਏ। ਇਸ ਦੌਰਾਨ ਗੱਤਕਾ ਟੀਮ ਨੇ ਗੱਤਕੇ ਦੇ ਜੌਹਰ ਵਿਖਾਏ ਅਤੇ ਸੰਗਤਾਂ ਨੂੰ ਆਪਣੀ ਕਲਾ ਤੇ ਪ੍ਰਦਰਸ਼ਨ ਰਾਹੀਂ ਹੈਰਾਨ ਕੀਤਾ। ਇਸ ਤੋਂ ਇਲਾਵਾ ਫੌਜੀ ਬੈਂਡ ਨੇ ਵੀ ਆਪਣੀਆਂ ਸੰਗੀਤਕ ਧੁਨਾਂ ਬਿਖੇਰੀਆਂ। ਸਕੂਲੀ ਬੱਚਿਆਂ ਨੇ ਸ਼ਬਦ ਗਾਇਣ ਕੀਤੇ। ਇਸ ਮੌਕੇ ਸੇਵਾਦਾਰਾਂ ਨੇ ਉਤਸ਼ਾਹ ਨਾਲ ਸੇਵਾ ਨਿਭਾਈ। ਇਸ ਮੌਕੇ ਸੰਗਤਾਂ ਨੇ ਨਗਰ ਕੀਰਤਨ ਦੇ ਨਾਲ ਚੱਲ ਕੇ ਸਤਿਨਾਮ ਵਾਹਿਗੁਰੂ ਦਾ ਜਾਪ ਕੀਤਾ। ਇਸਤੋਂ ਇਲਾਵਾ ਬੀਬੀਆਂ ਦੀ ਸੰਗਤ ਵੱਲੋਂ ਨਗਰ ਕੀਰਤਨ ਦੇ ਅੱਗੇ ਅੱਗੇ ਚੱਲ ਕੇ ਸਫਾਈ ਦੀ ਸੇਵਾ ਨਿਭਾਈ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਸ੍ਰੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਨੇ ਦੱਸਿਆ ਕਿ 22 ਨਵੰਬਰ ਨੂੰ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋ ਗਏ ਹਨ ਜਿਨ੍ਹਾਂ ਦੇ ਭੋਗ 24 ਨਵੰਬਰ ਨੂੰ ਸਵੇਰੇ 9.30 ਵਜੇ ਪਾਏ ਜਾਣਗੇ। ਇਸਤੋਂ ਉਪਰੰਤ ਸ੍ਰੀ ਦਰਬਾਰ ਸਾਹਿਬ ਵਿਖੇ ਧਾਰਮਿਕ ਦੀਵਾਨ ਸਜਾਏ ਜਾਣਗੇ ਜਿਨਾਂ ’ਚ ਉੱਚ ਕੋਟੀ ਦੇ ਰਾਗੀ ਢਾਡੀ ਤੇ ਕਵੀਸ਼ਰ ਜਥੇ ਸੰਗਤਾਂ ਨੂੰ ਗੁਰ ਇਤਿਹਾਸ ਰਾਹੀਂ ਨਿਹਾਲ ਕਰਨਗੇ। ਪ੍ਰਬੰਧਕਾਂ ਨੇ ਦੱਸਿਆ ਕਿ 24 ਨਵੰਬਰ ਨੂੰ ਗੁਰਦੁਆਰਾ ਤੰਬੂ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਕਰਵਾਇਆ ਜਾਵੇਗਾ। ਉਨ੍ਹਾਂ ਸੰਗਤਾਂ ਨੂੰ ਇਹਨਾਂ ਧਾਰਮਿਕ ਸਮਾਗਮਾਂ ’ਚ ਵੱਧ ਚੜ ਕੇ ਹਾਜ਼ਰੀ ਭਰਨ ਦੀ ਬੇਨਤੀ ਕੀਤੀ।