ਨਗਰ ਕੌਂਸਲ ਦੇ ਸਫ਼ਾਈ ਕਰਮਚਾਰੀਆਂ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ ਨਗਰ ਕੌਂਸਲ ਦੇ ਸਫਾਈ ਕਰਮਚਾਰੀਆਂ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ
Publish Date: Fri, 17 Jul 2026 06:34 PM (IST)
Updated Date: Fri, 17 Jul 2026 06:37 PM (IST)
ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਆਪਣੀਆਂ ਹੱਕੀ ਮੰਗਾ ਅਤੇ ਸਰਕਾਰ ਦੀਆਂ ਮੁਲਾਜਮ ਮਾਰੂ ਨੀਤੀਆਂ ਦੇ ਖਿਲਾਫ ਬੀਤੀ 8 ਜੁਲਾਈ ਤੋਂ ਲਗਾਤਾਰ ਹੜ੍ਹਤਾਲ ਤੇ ਚੱਲ ਰਹੇ ਨਗਰ ਕੌਂਸਲ ਦੇ ਸਫਾਈ ਕਰਮਚਾਰੀਆਂ ਨੇ ਅੱਜ ਗਿੱਦੜਬਾਹਾ ਦੇ ਗਾਂਧੀ ਚੌਂਕ ਵਿਖੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਅਤੇ ਸਰਕਾਰ ਖਿਲਾਫ ਜੋਰਦਾਰ ਨਾਰੇਬਾਜੀ ਕੀਤੀ। ਇਸਤੋਂ ਇਲਾਵਾ ਸ੍ਰੀ ਮੁਕਤਸਰ ਸਾਹਿਬ ਵਿਖੇ ਸਫਾ਼ਈ ਕਰਮਚਾਰੀਆਂ ਵੱਲੋਂ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਵਰਣਨਯੋਗ ਹੈ ਕਿ ਸਫਾਈ ਕਰਮਚਾਰੀਆਂ ਦੇ ਲਗਾਤਾਰ ਹੜਤਾਲ ਤੇ ਰਹਿਣ ਦੇ ਚੱਲਦਿਆਂ ਗਿੱਦੜਬਾਹਾ ਸ਼ਹਿਰ ’ਚ ਜਗ੍ਹਾ ਜਗ੍ਹਾ ਕੂੜੇ ਦੇ ਢੇਰ ਲੱਗ ਗਏ ਹਨ ਚਾਰੇ ਪਾਸੇ ਗੰਦਗੀ ਦਾ ਆਲਮ ਹੈ। ਇਸ ਗੰਦਗੀ ਵਿਚ ਜਿੱਥੇ ਬੇਸਹਾਰਾ ਪਸ਼ੂ ਮੂੰਹ ਮਾਰਦੇ ਹਨ, ਉਥੇ ਹੀ ਇਸ ਤੋਂ ਉਠਦੀ ਭੈੜੀ ਬਦਬੂ ਕਾਰਨ ਲੋਕਾਂ ਦਾ ਜਿਉਣਾ ਵੀ ਦੁੱਭਰ ਹੋ ਗਿਆ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਫਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਰਾਜੇਸ਼ ਕੁਮਾਰ ਟਾਂਕ ਬੌਬੀ ਨੇ ਦੱਸਿਆ ਕਿ ਪੂਰੇ ਪੰਜਾਬ ਵਿਚ ਸਫਾਈ ਕਰਮਚਾਰੀ ਆਪਣੀਆਂ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਹੜਤਾਲ ਤੇ ਚੱਲ ਰਹੇ ਹਨ ਪਰੰਤੂ ਬੀਤੇ ਦਿਨ ਸੰਗਰੂਰ ਵਿਖੇ ਸਫਾਈ ਸੇਵਕਾਂ ਦੀ ਹੜਤਾਲ ਨੂੰ ਨਾਕਾਮ ਕਰਨ ਲਈ ਪ੍ਰਸ਼ਾਸਨ ਵੱਲੋਂ ਪ੍ਰਾਈਵੇਟ ਕਰਮਚਾਰੀਆ ਨੂੰ ਬੁਲਾ ਕੇ ਜਬਰਨ ਸ਼ਹਿਰ ਦਾ ਕੂੜਾ ਚੁਕਵਾਇਆ ਜਾ ਰਿਹਾ ਸੀ ਪਰੰਤੂ ਪ੍ਰਦਰਸ਼ਨ ਕਰ ਰਹੇ ਸਫਾਈ ਕਰਮਚਾਰੀਆਂ ਨੇ ਜਦੋਂ ਪ੍ਰਾਈਵੇਟ ਕਰਮਚਾਰੀਆ ਨੂੰ ਇਯ ਕੰਮ ਤੋਂ ਰੋਕਿਆ ਤਾਂ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਦੇ ਇਸ਼ਾਰੇ ਤੇ ਪੁਲਿਸ ਬਲ ਦਾ ਪ੍ਰਯੋਗ ਕਰਦਿਆਂ ਲਾਠੀਚਾਰ ਕੀਤਾ ਗਿਆ ਅਤੇ ਸਫਾਈ ਸੇਵਕਾਂ ਨੂੰ ਹਿਰਾਸਤ ਵਿਚ ਲਿਆ ਗਿਆ। ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨ ਅਤੇ ਸਰਕਾਰ ਦੀ ਇਸ ਮੰਦਭਾਗੀ ਕਾਰਵਾਈ ਦੇ ਵਿਰੋਧ ਵਿਚ ਅੱਜ ਗਿੱਦੜਬਾਹਾ ਵਿਖੇ ਪੰਜਾਬ ਸਰਕਾਰ ਦੇ ਖਿਲਾਫ ਨਾਰੇਬਾਜੀ ਕਰਦੇ ਹੋਏ ਸਰਕਾਰ ਦਾ ਪੁਤਲਾ ਫੂਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਪ੍ਰਾਈਵੇਟ ਤੌਰ ਤੇ ਸਫਾਈ ਕਰਮਚਾਰੀ ਮੁਹੱਈਆਂ ਕਰਵਾਉਣ ਵਾਲੀ ਇਕ ਕੰਪਨੀ ਨੂੰ ਪੰਜਾਬ ਵਿਚ ਵੀ ਇਸੇ ਕੰਮ ਲਈ ਲਿਆਂਦਾ ਜਾ ਰਿਹਾ ਹੈ, ਜਿਸਨੂੰ ਸਫਾਈ ਕਰਮਚਾਰੀ ਹਰਗਿਸ ਬਰਦਾਸ਼ਤ ਨਹੀਂ ਕਰਨਗੇ। ਦੂਜੇ ਪਾਸੇ ਹੜਤਾਲ ਸੰਬੰਧੀ ਉਨ੍ਹਾਂ ਕਿਹਾ ਕਿ ਠੇਕੇਦਾਰੀ ਸਿਸਟਮ ਬੰਦ ਕਰਕੇ ਪੱਕੇ ਸਫਾਈ ਸੇਵਕਾਂ ਦੀ ਭਰਤੀ ਕਰਨਾ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ, 18 ਫੀਸਦੀ ਡੀ.ਏ. ਲਾਗੂ ਕਰਨਾ, ਕੱਚੇ ਅਤੇ ਪੱਕੇ ਸਫਾਈ ਕਰਮਚਾਰੀਆਂ ਦਾ ਪੀ.ਐਫ ਜਮਾ ਕਰਨਾ, ਸ਼ਹਿਰ ਦੇ ਨਜਦੀਕ ਕੂੜਾ ਡੰਪ ਕਰਨ ਦਾ ਪ੍ਰਬੰਧ ਕਰਨਾ ਆਦਿ ਵਰਗੀਆ ਉਨ੍ਹਾਂ ਦੀਆਂ ਹੱਕੀ ਮੰਗਾਂ ਤੋਂ ਸਰਕਾਰ ਲਗਾਤਾਰ ਕਿਨਾਰਾ ਕਰ ਰਹੀ ਹੈ, ਜਿਸ ਕਾਰਨ ਸਮੂਹ ਸਫਾਈ ਕਰਮਚਾਰੀਆਂ ਵਿਚ ਨਿਰਾਸ਼ਾ ਦਾ ਆਲਮ ਹੈ। ਉਨ੍ਹਾਂ ਕਿਹਾ ਕਿ ਮੰਗਾਂ ਨਾ ਮੰਨੇ ਜਾਣ ਤੱਕ ਹੜਤਾਲ ਇਸੇ ਤਰ੍ਹਾਂ ਜਾਰੀ ਰਹੇਗੀ। ਇਸ ਮੌਕੇ ਵੱਡੀ ਗਿਣਤੀ ਵਿਚ ਨਗਰ ਕੌਂਸਲ ਦੇ ਸਫਾਈ ਕਰਮਚਾਰੀ ਮੌਜੂਦ ਸਨ।