ਨਗਰ ਕੌਂਸਲ ਦੇ ਪ੍ਰਧਾਨ ਗੌਰਵ ਜੈਨ ਚੀਨੂੰ ਨੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਨਕਾਰਿਆ ਨਗਰ ਕੌਂਸਲ ਦੇ ਪ੍ਰਧਾਨ ਗੌਰਵ ਜੈਨ ਚੀਨੂੰ ਨੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਨਕਾਰਿਆ
Publish Date: Thu, 24 Sep 2026 07:47 PM (IST)
Updated Date: Fri, 25 Sep 2026 04:10 AM (IST)
ਜਗਸੀਰ ਸਿੰਘ ਛੱਤਿਆਣਾ, ਪੰਜਬੀ ਜਾਗਰਣ ਗਿੱਦੜਬਾਹਾ : ਆਪਣੇ ਚਚੇਰੇ ਭਰਾ ਵੱਲੋਂ ਪੁਲਿਸ ਕੋਲ 2 ਮਾਮਲੇ ਦਰਜ ਕਰਵਾਉਣ ਉਪਰੰਤ ਬੀਤੇ ਦਿਨੀਂ ਚੰਡੀਗੜ੍ਹ ਵਿਖੇ ਇੰਨਾਂ ਮਾਮਲਿਆ ’ਚ ਨਾਮਜਦ ਵਿਅਕਤੀਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਕੀਤੀ ਗਈ ਪ੍ਰੈੱਸ ਕਾਨਫਰੰਸ ਤੋਂ ਬਾਅਦ ਅੱਜ ਨਗਰ ਕੌਂਸਲ ਦੇ ਪ੍ਰਧਾਨ ਗੌਰਵ ਜੈਨ ਚੀਨੂੰ ਵੱਲੋਂ ਵੀ ਗਿੱਦੜਬਾਹਾ ਵਿਖੇ ਪ੍ਰੈੱਸ ਕਾਨਫਰੰਸ ਕੀਤੀ ਗਈ। ਵਰਨਣਯੋਗ ਹੈ ਕਿ ਗੌਰਵ ਜੈਨ ਚੀਨੂੰ ਦੇ ਚਚੇਰੇ ਭਰਾ ਸੰਜੀਵ ਜੈਨ ਨੇ ਆਪਣੇ ਚਾਚਾ ਸੁਭਾਸ਼ ਜੈਨ ਲਿੱਲੀ, ਚਚੇਰੇ ਭਰਾ ਗੌਰਵ ਜੈਨ ਚੀਨੂੰ ਅਤੇ ਇੰਨਾਂ ਦੇ ਇਕ ਰਿਸ਼ਤੇਦਾਰ ਰਾਕੇਸ਼ ਕੁਮਾਰ ਬਬਲੂ ਦੇ ਖਿਲਾਫ ਉਸ ਨਾਲ ਕਰੋੜਾਂ ਰੁਪਏ ਦੀ ਧੋਖਾਧੜੀ ਕਰਨ ਦੇ ਮਾਮਲੇ ਦਰਜ ਕਰਵਾਏ ਸਨ। ਅੱਜ ਗਿੱਦੜਬਾਹਾ ਵਿਖੇ ਗੌਰਵ ਜੈਨ ਚੀਨੂੰ ਨੇ ਕਿਹਾ ਕਿ ਜਿਸ ਆਈਸੀਆਈਸੀਆਈ ਬੈਂਕ ਦੇ ਚੈੱਕਾਂ ਰਾਹੀਂ ਧੋਖਾਧੜੀ ਦੇ ਇਲਜਾਮ ਮੁਕੱਦਮੇ ’ਚ ਲਗਾਏ ਗਏ ਹਨ ਉਹ ਪੂਰੀ ਤਰ੍ਹਾਂ ਬੇਬੁਨਿਆਦ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਬੰਧੀ ਸੰਜੀਵ ਜੈਨ ਨੇ ਕਰੀਬ 6 ਮਹੀਨੇ ਪਹਿਲਾਂ ਐੱਸਐੱਸਪੀ ਨੂੰ ਇਕ ਦਰਖਾਸਤ ਦਿੱਤੀ ਸੀ, ਜਿਸ ਵਿਚ ਉਨ੍ਹਾਂ ਨੂੰ ਪੁਲਿਸ ਵੱਲੋਂ ਕਲੀਨ ਚਿੱਟ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਆਈਸੀਆਈਸੀਆਈ ਬੈਂਕ ਦੀ ਪਾਵਰ ਆਫ ਅਟਾਰਨੀ ਮੇਰੇ ਨਾਮ ਤੇ ਸੀ, ਤਾਂ ਫਿਰ ਮੈਨੂੰ ਬਿਆਨਕਰਤਾ ਚੈੱਕਾਂ ਤੇ ਆਪਣੇ ਜਾਅਲੀ ਫਰਜੀ ਹਸਤਾਖਰ ਕਰਨ ਦੀ ਕੀ ਜ਼ਰੂਰਤ ਸੀ। ਉਨ੍ਹਾਂ ਕਿਹਾ ਕਿ ਐਫਆਈਆਰ ਵਿਚ ਜਿਸ ਕਰੇਟਾ ਕਾਰ ਦਾ ਜਿਕਰ ਕੀਤਾ ਗਿਆ ਹੈ, ਉਹ ਤਾਂ ਪਹਿਲਾਂ ਹੀ ਪਰਿਵਾਰ ਵੰਡ ਦੌਰਾਨ ਸੰਜੀਵ ਜੈਨ ਪਾਸ ਚਲੀ ਗਈ ਸੀ। ਉਨ੍ਹਾਂ ਦੱਸਿਆ ਕਿ ਉਕਤ ਮੁਕਦਮਿਆਂ ਨੂੰ ਦਰਜ ਕਰਨ ਤੋਂ ਪਹਿਲਾਂ ਉਨ੍ਹਾਂ ਦਾ ਕੋਈ ਵੀ ਬਿਆਨ ਪੁਲਿਸ ਵੱਲੋਂ ਦਰਜ ਨਹੀਂ ਕੀਤਾ ਗਿਆ ਸਗੋਂ ਸਿੱਧੇ ਹੀ ਝੂਠੇ ਮੁਕੱਦਮੇ ਦਰਜ ਕਰ ਦਿੱਤੇ। ਇਸੇ ਤਰ੍ਹਾਂ ਮੁਕੱਦਮਾ ਨੰਬਰ 38 ਵਿਚ ਉਨ੍ਹਾਂ ਦੇ ਰਿਸ਼ਤੇਦਾਰ ਰਾਕੇਸ਼ ਕੁਮਾਰ ਬਬਲੂ ਨੂੰ ਸੰਜੀਵ ਜੈਨ ਨੇ ਪਾਵਰ ਆਫ ਅਟਾਰਨੀ ਦਿੱਤੀ ਹੋਈ ਸੀ ਅਤੇ ਜਿੰਨਾਂ ਤਿੰਨ ਚੈਕਾਂ ਦਾ ਜਿਕਰ ਕੀਤਾ ਗਿਆ ਹੈ, ਉਸ ਵਿਚੋਂ 65 ਹਜਾਰ ਰੁਪਏ ਦਾ ਚੈਕ ਸੰਜੀਵ ਜੈਨ ਦੀ ਫਰਮ ਵਿਚੋਂ ਉਨ੍ਹਾਂ ਦੇ ਪਿਤਾ ਦੀ ਫਰਮ ਵਿਚ ਟਰਾਂਸਫਰ ਹੋਏ ਹਨ, ਜਦੋਂਕਿ ਦੂਜੇ ਚੈਕ ਰਾਹੀਂ 14 ਲੱਖ 65 ਹਜਾਰ ਰੁਪਏ ਸੰਜੀਵ ਜੈਨ ਦੀ ਦੂਜੀ ਫਰਮ ਵਿਚ ਟਰਾਂਸਫਰ ਹੋਏ ਹਨ। ਉਨ੍ਹਾਂ ਕਿਹਾ ਕਿ ਜਿੰਨਾਂ 35 ਚੈੱਕਾਂ ਰਾਹੀਂ ਧੋਖਾਧੜੀ ਕਰਨ ਦੇ ਦੋਸ਼ ਹਨ, ਉਸ ਸੰਬੰਧੀ ਬੇਨਤੀ ਹੈ ਕਿ ਇਹ ਸਾਰੇ ਚੈਕ ਸੰਜੀਵ ਜੈਨ ਦੇ ਆੜ੍ਹਤੀ ਕਿਸਾਨਾਂ ਅਤੇ ਇਸ ਦੀਆਂ ਖੁਦ ਦੀਆਂ ਫਰਮਾਂ ਨੂੰ ਜਾਰੀ ਹੋਏ ਹਨ ਤੇ ਇਸ ਸੰਬੰਧੀ ਜਿਸਨੇ ਵੀ ਰਿਕਾਰਡ ਦੇਖਣਾ ਹੋਵੇ ਉਹ ਦੇਖ ਸਕਦਾ ਹੈ। ਉਨ੍ਹਾਂ ਦੱਸਿਆ ਕਿ ਉਕਤ ਦੋਵੇਂ ਮੁਕੱਦਮਿਆਂ ’ਚ ਨਿਰਪੱਖ ਇਨਕੁਆਰੀ ਲਈ ਉਨ੍ਹਾਂ ਪੁਲਿਸ ਦੇ ਆਲ੍ਹਾ ਅਧਿਅਕਾਰੀਆਂ ਨੂੰ ਦਰਖਾਸਤਾਂ ਦਾਇਰ ਕੀਤੀਆਂ ਹੋਈਆਂ ਹਨ। ਦੂਜੇ ਪਾਸੇ ਸੰਜੀਵ ਜੈਨ ਦੇ ਪਿਤਾ ਸੁਖਦੇਵ ਰਾਜ ਜੈਨ ਅਤੇ ਮਾਮਾ ਸੁਰਿੰਦਰ ਜੈਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸੰਜੀਵ ਜੈਨ ਨੂੰ ਪਰਿਵਾਰਕ ਵੰਡ ਵਿਚ ਸਾਰਾ ਹਿੱਸਾ ਦੇਣ ਤੋਂ ਇਲਾਵਾ ਇਕ ਕਰੋੜ ਰੁਪਏ ਵੱਖਰੇ ਦਿੱਤੇ ਗਏ ਸਨ ਪਰੰਤੂ ਫਿਰ ਵੀ ਸੰਜੀਵ ਜੈਨ ਆਪਣੇ ਹੀ ਪਰਿਵਾਰਕ ਮੈਂਬਰਾਂ ਨੂੰ ਪ੍ਰੇਸ਼ਾਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਬਜੁਰਗ ਮਾਤਾ ਪਿਤਾ ਦੀ ਦੇਖਭਾਲ ਤੇ ਸੇਵਾ ਸੰਭਾਲ ਵੀ ਨਹੀਂ ਕਰਦਾ ਜਦੋਂਕਿ ਉਨ੍ਹਾਂ ਦੀ ਸੇਵਾ ਸੁਭਾਸ਼ ਜੈਨ ਅਤੇ ਇਸਦਾ ਲੜਕਾ ਗੌਰਵ ਜੈਨ ਕਰਦੇ ਹਨ। ਬਾਕਸ- ਕੀ ਕਹਿੰਦੇ ਹਨ ਸੰਜੀਵ ਜੈਨ ਸੰਜੂ- ਜਦੋਂ ਇਸ ਸੰਬੰਧੀ ਸੰਜੀਵ ਜੈਨ ਸੰਜੂ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਨਾਂ ਕਿਹਾ ਕਿ ਦੋਵੇਂ ਮੁਕੱਦਮੇ ਪੁਲਿਸ ਦੇ ਆਲ੍ਹਾ ਅਧਿਕਾਰੀਆਂ ਨੇ ਜਾਂਚ ਤੋਂ ਬਾਅਦ ਦਰਜ ਕੀਤੇ ਹਨ ਅਤੇ ਉਨ੍ਹਾਂ ਪਾਸ ਉਕਤਾਨ ਵਿਅਕਤੀਆਂ ਵੱਲੋਂ ਧੋਖਾਧੜੀ ਕਰਨ ਦੇ ਸਾਰੇ ਸਬੂਤ ਮੌਜੂਦ ਸਨ, ਜਿੱਥੋਂ ਤੱਕ ਹਿੱਸਾ ਮੰਗਣ ਦੀ ਗੱਲ ਉਨ੍ਹਾਂ ਕਿਸੇ ਪਾਸੋਂ ਕੋਈ ਹਿੱਸਾ ਨਹੀਂ ਮੰਗਿਆ। ਮਾਤਾ ਪਿਤਾ ਦੀ ਦੇਖਭਾਲ ਸੰਬੰਧੀ ਸੰਜੂ ਜੈਨ ਨੇ ਕਿਹਾ ਕਿ ਉਹ ਖੁਦ ਅਤੇ ਉਨ੍ਹਾਂ ਲੜਕਾ ਬਿਮਾਰ ਰਹਿੰਦੇ ਹਨ ਅਤੇ ਡਾਕਟਰਾਂ ਨੇ ਉਨ੍ਹਾਂ ਨੂੰ ਗਿੱਦੜਬਾਹਾ ਵਰਗੇ ਸ਼ਹਿਰ ਵਿਚ ਰਹਿਣ ਤੋਂ ਮਨਾ ਕੀਤਾ ਹੋਇਆ ਹੈ, ਜਿਸਦੇ ਚੱਲਦਿਆਂ ਉਹ ਚੰਡੀਗੜ੍ਹ ਵਿਖੇ ਰਹਿ ਰਹੇ ਹਨ। ਉਹ ਅੱਜ ਵੀ ਆਪਣੇ ਮਾਤਾ ਪਿਤਾ ਨੂੰ ਉਨਾ ਹੀ ਪਿਆਰ ਕਰਦੇ ਹਨ ਅਤੇ ਉਨ੍ਹਾਂ ਕਈ ਵਾਰ ਆਪਣੇ ਮਾਤਾ ਪਿਤਾ ਨੂੰ ਆਪਣੇ ਪਾਸ ਚੰਡੀਗੜ੍ਹ ਆ ਕੇ ਰਹਿਣ ਲਈ ਕਿਹਾ ਪਰੰਤੂ ਆਪਣੇ ਭਰਾਵਾਂ ਪਾਸ ਹੀ ਰਹਿਣਾ ਚਾਹੁੰਦੇ ਹਨ ਤਾਂ ਇਸ ਵਿਚ ਉਨ੍ਹਾਂ (ਸੰਜੂ ਜੈਨ) ਦਾ ਕੀ ਕਸੂਰ ਹੈ ?