ਡੀਸੀ ਰਹਾਇਸ਼ੀ ਕੰਪਲੈਕਸ ਦਾ ਸੁੰਦਰੀਕਰਨ ਪ੍ਰਾਜੈਕਟ ਅੱਧ-ਵਿਚਕਾਰ ਲਟਕਿਆ ਡੀਸੀ ਰਹਾਇਸ਼ੀ ਕੰਪਲੈਕਸ (ਜਲ ਘਰ) ਦਾ ਕਰੋੜਾਂ ਰੁਪਏ ਦਾ ਸੁੰਦਰੀਕਰਨ ਪ੍ਰੋਜੈਕਟ ਹੋਇਆ ਬਦਰੰਗ
Publish Date: Sat, 29 Aug 2026 05:09 PM (IST)
Updated Date: Sat, 29 Aug 2026 05:10 PM (IST)
ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਨਗਰ ਕੌਂਸਲ ਵੱਲੋਂ ਡਿਪਟੀ ਕਮਿਸ਼ਨਰ ਰਿਹਾਇਸ਼ੀ ਕੰਪਲੈਕਸ (ਜਲ ਘਰ) ਦੇ ਸੁੰਦਰੀਕਰਨ ਦਾ ਪ੍ਰਾਜੈਕਟ 3 ਨਵੰਬਰ 2025 ਨੂੰ 1 ਕਰੋੜ 3 ਲੱਖ 85 ਹਜ਼ਾਰ 113 ਰੁਪਏ ’ਚ ਅਲਾਟ ਕੀਤਾ ਗਿਆ ਸੀ। ਇਸ ਪ੍ਰਾਜੈਕਟ ’ਚ ਨਵੇਂ ਬੂਟੇ ਲਾਉਣ, ਰੋਸ਼ਨੀ, ਸਾਊਂਡ ਸਿਸਟਮ, ਫੁੱਹਾਰੇ, ਫੁੱਟਪਾਥ, ਅਤੇ ਚਾਰਦੀਵਾਰੀ ਦੇ ਕੰਮ ਸ਼ਾਮਲ ਸਨ। ਮਨਜ਼ੂਰਸ਼ੁਦਾ ਸਾਈਟ ਪਲਾਨ ’ਚ ਜਲ ਘਰ ਅਤੇ ਡੀਸੀ ਕੰਪਲੈਕਸ ਦੇ ਖੇਤਰ ਨੂੰ ਬਹੁਤ ਹੀ ਆਧੁਨਿਕ ਅਤੇ ਖੂਬਸੂਰਤ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ ਹੈ। ਟੈਂਕਾਂ ਅਤੇ ਰਸਤਿਆਂ ਦੇ ਨਾਲ-ਨਾਲ ਹਰੀਆਂ ਪੱਟੀਆਂ, ਰੰਗ-ਬਿਰੰਗੇ ਫੁੱਲਦਾਰ ਬੂਟੇ, ਛਾਂਦਾਰ ਰੁੱਖ ਅਤੇ ਘਾਹ ਲਗਾਉਣ ਲਈ ਜਗ੍ਹਾ ਨਿਸ਼ਾਨਬੱਧ ਕੀਤੀ ਗਈ ਹੈ। ਭਾਵੇਂ ਕਿ ਨਗਰ ਕੌਂਸਲ ਵੱਲੋਂ ਸ਼ਹਿਰ ਦੇ ਇਸ ਮਹੱਤਵਪੂਰਨ ਖੇਤਰ ਨੂੰ ਇੱਕ ਸੁੰਦਰ ਅਤੇ ਆਕਰਸ਼ਕ ਸੈਰ-ਗਾਹ ਵਜੋਂ ਵਿਕਸਿਤ ਕਰਨ ਲਈ ਲੱਖਾਂ-ਕਰੋੜਾਂ ਰੁਪਏ ਦੇ ਟੈਂਡਰ ਪਾਸ ਕੀਤੇ ਗਏ ਹਨ, ਪ੍ਰੰਤੂ ਠੇਕੇਦਾਰ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਪ੍ਰਾਜੈਕਟ ਨਿਸ਼ਚਿਤ ਸਮੇਂ ਤੋਂ ਕਾਫ਼ੀ ਪਿੱਛੇ ਚੱਲ ਰਿਹਾ ਹੈ। ਇਹ ਕੰਮ ਫਰਵਰੀ ਤੱਕ ਪੂਰਾ ਕਰਨਾ ਸੀ, ਪਰ ਪ੍ਰਾਜੈਕਟ ਠੇਕੇਦਾਰ ਦੀ ਸੁਸਤੀ ਅਤੇ ਲਾਪਰਵਾਹੀ ਕਰਕੇ ਇਹ ਕੰਮ ਹਾਲੇ ਤੱਕ ਵੀ ਲਟਕ ਰਿਹਾ ਹੈ। ਲੈਂਡਸਕੇਪਿੰਗ ਲਈ ਕਿਆਰੀਆਂ ਡੇਢ ਫੁੱਟ ਡੂੰਘੀਆਂ ਕਰਕੇ ਖੇਤ ਦੀ ਮਿੱਟੀ ਅਤੇ ਜੈਵਿਕ ਖਾਦ ਪਾ ਕੇ ਬੂਟੇ ਲਾਉਣੇ ਸਨ। ਬੂਟੇ ਲਾਉਣ ਦਾ ਇਹ ਸਮਾਂ ਲੰਘ ਗਿਆ ਤਾਂ ਪ੍ਰਾਜੈਕਟ ਮਾਰਚ ਤੱਕ ਲਟਕ ਜਾਵੇਗਾ। ਪਰ ਕੰਪਲੈਕਸ ’ਚ ਇੱਕ ਵੀ ਕਿਆਰੀ ਤਿਆਰ ਨਹੀਂ ਅਤੇ ਨਾ ਹੀ ਕੋਈ ਬੂਟਾ ਲਾਇਆ ਗਿਆ ਹੈ। ਜਿਹੜਾ ਕੰਮ ਹੋਇਆ ਹੈ, ਉਸ ’ਚ ਵੀ ਵੱਡੀ ਲਾਪਰਵਾਹੀ ਸਾਹਮਣੇ ਆਈ ਸਮਾਰਟ ਮਾਰਨਿੰਗ ਵਾਕ ਦੇ ਮੈਂਬਰ ਤੇ ਕੁਦਰਤ ਪ੍ਰੇਮੀ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਉਹ ਜਲ ਘਰ ਕੰਪਲੈਕਸ ’ਚ ਪਿਛਲੇ 7 ਸਾਲਾਂ ਤੋਂ ਰੁੱਖ ਲਾ ਅਤੇ ਪਾਲ ਰਹੇ ਹਨ। ਠੇਕੇਦਾਰ ਵੱਲੋਂ ਇੱਕ ਵੀ ਬੂਟਾ ਨਹੀਂ ਲਾਇਆ ਗਿਆ। ਜਿਹੜਾ ਫੁੱਟਪਾਥ ਬਣਾਇਆ ਗਿਆ ਹੈ, ਉਹ ਜਲ ਘਰ ਦੇ ਸਟੋਰ ਟੈਂਕਾਂ ਤੋਂ ਉੱਚਾ ਹੈ। ਇਸ ਕਰਕੇ ਫੁੱਟਪਾਥ ਉੱਪਰ ਪਸ਼ੂਆਂ ਦੇ ਮਲ-ਮੂਤਰ ਵਾਲਾ ਪਾਣੀ ਪੀਣ ਵਾਲੇ ਪਾਣੀ ਦੀਆਂ ਡਿੱਗੀਆਂ ’ਚ ਪੈਂਦਾ ਹੈ। ਫੁੱਟਪਾਥ ਦੇ ਪਾਸੇ ਮਿੱਟੀ ਨਾ ਹੋਣ ਕਰਕੇ ਇਹ ਟੁੱਟਣ ਲੱਗਿਆ ਹੈ ਅਤੇ ਬਾਰਿਸ਼ ਦੇ ਪਾਣੀ ਦੀ ਕੋਈ ਨਿਕਾਸੀ ਨਹੀਂ ਹੈ। ਇਸਤੋਂ ਇਲਾਵਾ ਨਵੇਂ ਲਾਏ ਬਿਜਲੀ ਦੇ ਖੰਭਿਆਂ ’ਚੋਂ ਅੱਧੇ ਬੰਦ ਪਏ ਹਨ। ਚਾਰਦੀਵਾਰ ਟੁੱਟੀ ਹੋਣ ਕਰਕੇ ਪਸ਼ੂ ਜਲ ਘਰ ’ਚ ਆ ਜਾਂਦੇ ਹਨ ਅਤੇ ਮਲ-ਮੂਤਰ ਕਰਕੇ ਪੀਣ ਵਾਲਾ ਪਾਣੀ ਦੂਸ਼ਿਤ ਕਰਦੇ ਹਨ। ਲੋਕਾਂ ਦੀ ਮੰਗ ਹੈ ਕਿ ਸਾਰਾ ਪ੍ਰਾਜੈਕਟ ਸਮੇਂ ਸਿਰ ਪੂਰਾ ਕੀਤਾ ਜਾਵੇ, ਨਹੀਂ ਤਾਂ ਕਰੋੜਾਂ ਰੁਪਏ ਲੱਗੇ ਬੇਅਰਥ ਹੋ ਜਾਣਗੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਜਲ ਘਰ ਚ ਪ੍ਰਾਜੈਕਟ ਬੋਰਡ ਵੀ ਲਾਇਆ ਜਾਵੇ ਤਾਂ ਜੋ ਹੋਣ ਵਾਲੇ ਕੰਮ ਅਤੇ ਕੰਮ ਕਰਨ ਵਾਲੇ ਠੇਕੇਦਾਰ ਤੇ ਅਧਿਕਾਰੀ ਬਾਰੇ ਲੋਕਾਂ ਨੂੰ ਪਤਾ ਲੱਗ ਸਕੇ। ਅਧਿਕਾਰੀ ਵੀ ਠੇਕੇਦਾਰ ’ਤੇ ਔਖੇ ਜਨ ਸਿਹਤ ਵਿਭਾਗ ਦੇ ਐਸਡੀਓ ਜਗਮੋਹਨ ਸਿੰਘ ਨੇ ਦੱਸਿਆ ਕਿ ਜਲ ਘਰ ਦੀ ਕੰਧ ਟੁੱਟੀ ਹੋਣ ਕਰਕੇ ਪਸ਼ੂ ਤੇ ਨਸ਼ੇੜੀ ਜਲ ਘਰ ’ਚ ਆ ਜਾਂਦੇ ਹਨ। ਪਸ਼ੂ ਕੰਪਲੈਕਸ ’ਚ ਮਲ-ਮੂਤਰ ਕਰਦੇ ਹਨ ਅਤੇ ਇਹੋ ਗੰਦਗੀ ਪਾਣੀ ਦੇ ਟੈਂਕਾਂ ’ਚ ਜਾਂਦੀ ਹੈ। ਬੂਟੇ ਵੀ ਖਰਾਬ ਹੁੰਦੇ ਹਨ ਤੇ ਗੰਦਗੀ ਫੈਲਦੀ ਹੈ। ਇਸ ਲਈ ਠੇਕੇਦਾਰ ਨੂੰ ਕੰਮ ਜਲਦੀ ਮੁਕੰਮਲ ਕਰਨ ਲਈ ਕਈ ਚਿੱਠੀਆਂ ਕੱਢੀਆਂ ਹਨ, ਪਰ ਉਸਦੀ ਸਿਹਤ ’ਤੇ ਕੋਈ ਅਸਰ ਨਹੀਂ ਹੋ ਰਿਹਾ। ਕੰਮ ਛੇਤੀ ਮੁਕੰਮਲ ਨਾ ਹੋਣ ’ਤੇ ਹੋਵੇਗੀ ਕਾਰਵਾਈ : ਈਓ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਵਰੁਣ ਸਹੋਤਾ ਨੇ ਦੱਸਿਆ ਕਿ ਕੌਂਸਲ ਵੱਲੋਂ ਠੇਕੇਦਾਰ ਫਰਮ ਸਾਗਰ ਇੰਟਰਪ੍ਰਾਈਜ਼ਿਜ਼ ਵੱਲੋਂ ਜਨਵਰੀ ਅਤੇ ਮਾਰਚ ’ਚ ਨੋਟਿਸ ਜਾਰੀ ਕੀਤੇ ਗਏ ਸਨ, ਜਿਸ ’ਤੇ ਠੇਕੇਦਾਰ ਨੇ ਜੁਲਾਈ ’ਚ ਕੰਮ ਮੁਕੰਮਲ ਕਰਨ ਲਈ ਕਿਹਾ ਸੀ। ਪਰ ਹਾਸੇ ਵੀ ਲੈਂਡਸਕੇਪਿੰਗ, ਸਾਊਂਡ ਸਿਸਟਮ, ਚਾਰਦੀਵਾਰੀ ਅਤੇ ਹੋਰ ਕੁੱਝ ਕੰਮ ਸ਼ੁਰੂ ਨਹੀਂ ਹੋਏ। ਇਸ ਸਬੰਧੀ ਵੀ ਵਿਭਾਗ ਵੱਲੋਂ ਠੇਕੇਦਾਰ ਨੂੰ ਨੋਟਿਸ ਜਾਰੀ ਕੀਤਾ ਹੋਇਆ ਹੈ ਅਤੇ ਜਲਦੀ ਹੀ ਕੰਮ ਮੁਕੰਮਲ ਕਰਵਾਇਆ ਜਾਵੇਗਾ। ਜੇ ਫਿਰ ਵੀ ਨਾ ਕੀਤਾ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।