
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮੁਕਤੀਸਰ ਵੈਲਫੇਅਰ ਕਲੱਬ ਨੇ ਤੀਆਂ ਦਾ ਤਿਉਹਾਰ ਮਨਾਇਆ

ਪੰਜਾਬੀ ਜਾਗਰਣ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਮੁਕਤੀਸਰ ਵੈੱਲਫੇਅਰ ਕਲੱਬ ਨੈਸ਼ਨਲ ਅਵਾਰਡੀ ਸੰਸਥਾ ਵੱਲੋਂ ਤੀਆਂ ਦਾ ਤਿਉਹਾਰ ਮਨਾਇਆ ਗਿਆ। ਪ੍ਰੋਗਰਾਮ ਦੌਰਾਨ ਮੁੱਖ ਮਹਿਮਾਨ ਵਜੋਂ ਪਲਕ ਜੱਗਾ ਵਿਸ਼ੇਸ਼ ਤੌਰ ’ਤੇ ਪਹੁੰਚੇ, ਉਨ੍ਹਾਂ ਨਾਲ ਮੋਨਿਕਾ ਗਿਰਧਰ ਵੀ ਸ਼ਾਮਲ ਹੋਏ। ਸੰਸਥਾ ਤੋਂ ਵਰਿੰਦਰ ਕੌਰ, ਪੂਜਾ ਰਾਣੀ ਅਤੇ ਸੋਨੀਆ ਗਿੱਲ ਨੇ ਉਨ੍ਹਾਂ ਨੂੰ ਜੀ ਆਇਆਂ ਨੂੰ ਕਿਹਾ। ਪ੍ਰੋਗਰਾਮ ਦੌਰਾਨ ਜਸਪ੍ਰੀਤ ਸਿੰਘ ਛਾਬੜਾ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਔਰਤਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਮਾਂ ਬਹੁਤ ਜਲਦ ਬਦਲ ਰਿਹਾ ਹੈ, ਹੁਣ ਲੋਕ ਧੀ ਜੰਮਣ ਤੇ ਵੀ ਮੁੰਡਿਆਂ ਵਾਂਗ ਖੁਸ਼ੀਆਂ ਮਨਾਉਂਦੇ ਹਨ। ਅੱਜ ਤੀਆਂ ਦੇ ਤਿਉਹਾਰ ’ਚ ਦੇਖਿਆ ਗਿਆ ਕਿ ਔਰਤਾਂ ਆਪਣੇ ਪੰਜਾਬੀ ਵਿਰਸੇ ਨਾਲ ਜੁੜ ਕੇ ਕਿਸ ਤਰ੍ਹਾਂ ਖੁਸ਼ੀ ਮਨਾਉਂਦੀਆਂ ਹਨ ਅਤੇ ਪੀਂਘਾਂ, ਚਰਖ਼ੇ ਅਤੇ ਹੋਰ ਵਿਰਸੇ ਨਾਲ ਜੁੜੇ ਕਲਚਰ ਨੂੰ ਅੱਜ ਵੀ ਆਪਣੇ ਨਾਲ ਜੋੜ ਕੇ ਰੱਖ ਰਹੀਆਂ ਹਨ। ਮੁੱਖ ਮਹਿਮਾਨ ਪਲਕ ਜੱਗਾ ਨੇ ਪੰਜਾਬੀ ਵਿਰਸੇ ਨਾਲ ਜੁੜਿਆ ਇੱਕ ਗੀਤ ਗਾ ਕੇ ਔਰਤਾਂ ਨੂੰ ਆਪਣੇ ਭਰਾਵਾਂ ਦੀ ਲੰਬੀ ਉਮਰ ਲਈ ਸੰਦੇਸ਼ ਦਿੱਤਾ। ਜਸਪ੍ਰੀਤ ਛਾਬੜਾ ਤੋਂ ਇਲਾਵਾ ਡਾਕਟਰ ਵਿਜੇ ਬਜਾਜ, ਲਾਲ ਚੰਦ ਰੁਪਾਣਾ, ਨਵਦੀਪ ਸਿੰਘ ਨੇ ਔਰਤਾਂ ਨੂੰ ਤੀਆਂ ਦੇ ਤਿਉਹਾਰ ਤੇ ਵਧਾਈਆਂ ਦਿੱਤੀਆਂ ਅਤੇ ਅਪੀਲ ਕੀਤੀ ਕਿ ਲੜਕੀਆਂ ਬੰਦਿਆਂ ਦੇ ਬਰਾਬਰ ਸਮਾਜ ’ਚ ਅੱਗੇ ਵੱਧ ਰਹੀਆਂ ਹਨ। ਕਾਮਯਾਬ ਹੋ ਰਹੀਆਂ ਹਨ ਅਤੇ ਤਰੱਕੀ ਕਰ ਰਹੀਆਂ ਹਨ। ਉਨ੍ਹਾਂ ਅਪੀਲ ਕੀਤੀ ਕਿ ਕਦੀ ਵੀ ਇਹੋ ਜਿਹਾ ਆਪਾਂ ਕੰਮ ਨਾ ਕਰੀਏ ਜਿਸ ਦੌਰਾਨ ਆਪਣੇ ਪਿਤਾ ਭਰਾ ਦੀ ਪੱਗ ਨੂੰ ਦਾਗ ਲੱਗੇ, ਸਗੋਂ ਕਾਮਯਾਬੀ ਵਲ ਵੱਧ ਕੇ ਸਾਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਦਾ ਸਿਰ ਉੱਚਾ ਚੱਕਣ ’ਚ ਰੀੜ੍ਹ ਦੀ ਹੱਡੀ ਬਣ ਕੇ ਅੱਗੇ ਆਉਣਾ ਪਵੇਗਾ। ਇਸ ਮੌਕੇ ਸੋਨੀਆ ਗਿੱਲ, ਵਰਿੰਦਰ ਕੌਰ, ਪੂਜਾ ਰਾਣੀ ਤੋਂ ਇਲਾਵਾ ਦਵਿੰਦਰ ਕੌਰ, ਪ੍ਰਭ ਕੀਰਤ ਕੌਰ ਆਦਿ ਹਾਜ਼ਰ ਸਨ।