- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਥਾਣਾ ਲੰਬੀ ਦੇ ਅਧੀਨ ਆਉਂਦੇ ਪਿੰਡ ਚੰਨੂ ਵਿਖੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇੱਕ ਨੌਜਵਾਨ ਦਾ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ। ਪੁਲਿਸ ਨੇ ਮ੍ਰਿਤਕ ਦੀ ਮਾਤਾ ਦੇ ਬਿਆਨਾਂ ਦੇ ਆਧਾਰ ’ਤੇ ਵੱਖ ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਮੁੱਖ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲੰਬੀ : ਥਾਣਾ ਲੰਬੀ ਦੇ ਅਧੀਨ ਆਉਂਦੇ ਪਿੰਡ ਚੰਨੂ ਵਿਖੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇੱਕ ਨੌਜਵਾਨ ਦਾ ਕੁਹਾੜੀ ਮਾਰ ਕੇ ਕਤਲ ਕਰ ਦਿੱਤਾ। ਪੁਲਿਸ ਨੇ ਮ੍ਰਿਤਕ ਦੀ ਮਾਤਾ ਦੇ ਬਿਆਨਾਂ ਦੇ ਆਧਾਰ ’ਤੇ ਵੱਖ ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਮੁੱਖ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਸ਼ਿਕਾਇਤਕਰਤਾ ਨਵਨੀਤ ਕੌਰ ਪਤਨੀ ਤਰਸੇਮ ਸਿੰਘ ਵਾਸੀ ਪਿੰਡ ਚੰਨੂ ਨੇ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ 31 ਅਕਤੂਬਰ ਦੀ ਸਵੇਰ ਨੂੰ ਉਨ੍ਹਾਂ ਦਾ ਲੜਕਾ ਜਸ਼ਨਪ੍ਰੀਤ ਸਿੰਘ ਉਰਫ਼ ਜੀਨੂ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਿੰਡ ਚੰਨੂ ’ਚ ਹੀ ਆਪਣੇ ਦੋਸਤ ਵਿਸ਼ਾਲ ਸਿੰਘ ਦੇ ਘਰ ਆਪਣਾ ਬੁਲੇਟ ਮੋਟਰਸਾਈਕਲ ਲੈਣ ਜਾ ਰਿਹਾ ਸੀ। ਸ਼ਿਕਾਇਤਕਰਤਾ ਔਰਤ ਵੀ ਆਪਣੇ ਰਿਸ਼ਤੇਦਾਰੀ ’ਚ ਲੱਗਦੇ ਭਾਣਜੇ ਜਸਪ੍ਰੀਤ ਸਿੰਘ ਨਾਲ ਆਪਣੀ ਬੈਟਰੀ ਵਾਲੀ ਸਕੂਟੀ ’ਤੇ ਸਵਾਰ ਹੋ ਕੇ ਪਿੰਡ ਬੀਦੋਵਾਲੀ ਸਥਿਤ ਆਪਣੇ ਮੈਡੀਕਲ ਸਟੋਰ ’ਤੇ ਜਾ ਰਹੀ ਸੀ। ਜਦੋਂ ਸਵੇਰੇ ਕਰੀਬ 8:40 ਵਜੇ ਉਹ ਪਿੰਡ ਦੇ ਬਾਜ਼ੀਗਰ ਬਸਤੀ ਵਾਲੇ ਚੌਂਕ ਕੋਲ ਪਹੁੰਚੇ, ਤਾਂ ਉਨ੍ਹਾਂ ਦਾ ਲੜਕਾ ਮੋਟਰਸਾਈਕਲ ’ਤੇ ਉਨ੍ਹਾਂ ਤੋਂ ਥੋੜ੍ਹਾ ਅੱਗੇ ਚੱਲ ਰਿਹਾ ਸੀ।
ਉਦੋਂ ਉੱਥੇ ਪਹਿਲਾਂ ਤੋਂ ਹੀ ਮਨਮਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਨਿਵਾਸੀ ਪਿੰਡ ਚੰਨੂ ਹੱਥ ’ਚ ਕੁਹਾੜੀ ਲੈ ਕੇ ਖੜ੍ਹਾ ਸੀ। ਜਿਵੇਂ ਹੀ ਲੜਕਾ ਉਸਦੇ ਕੋਲੋਂ ਲੰਘਣ ਲੱਗਾ, ਤਾਂ ਮਨਮਿੰਦਰ ਸਿੰਘ ਨੇ ਆਪਣੀ ਕੁਹਾੜੀ ਨਾਲ ਉਨ੍ਹਾਂ ਦੇ ਲੜਕੇ ’ਤੇ ਜ਼ੋਰਦਾਰ ਵਾਰ ਕਰ ਦਿੱਤਾ। ਹਮਲੇ ਕਾਰਨ ਮੋਟਰਸਾਈਕਲ ਸੜਕ ਦੇ ਨਾਲ ਬਣੀ ਨਾਲੀ ’ਚ ਡਿੱਗ ਗਿਆ ਅਤੇ ਉਨ੍ਹਾਂ ਦਾ ਲੜਕਾ ਵੀ ਨਾਲੀ ਕੋਲ ਡਿੱਗ ਪਿਆ। ਦੇਖਦੇ ਹੀ ਦੇਖਦੇ ਮਨਮਿੰਦਰ ਸਿੰਘ ਨੇ ਸਿਰ ਅਤੇ ਧੌਣ ’ਤੇ ਕੁਹਾੜੀ ਦੇ ਲਗਾਤਾਰ ਚਾਰ-ਪੰਜ ਵਾਰ ਕਰ ਦਿੱਤੇ। ਇਸ ਦੌਰਾਨ ਮੇਰੇ ਵੱਲੋਂ ਰੌਲਾ ਪਾਉਣ ’ਤੇ ਮੁਲਜ਼ਮ ਮਨਮਿੰਦਰ ਸਿੰਘ ਆਪਣੀ ਕੁਹਾੜੀ ਮੌਕੇ ’ਤੇ ਹੀ ਛੱਡ ਕੇ ਭੱਜ ਗਿਆ।
ਜਦੋਂ ਉਹ ਕੋਲ ਗਏ ਤਾਂ ਦੇਖਿਆ ਕਿ ਗੰਭੀਰ ਸੱਟਾਂ ਲੱਗਣ ਕਾਰਨ ਉਨ੍ਹਾਂ ਦੇ ਲੜਕੇ ਜਸ਼ਨਪ੍ਰੀਤ ਸਿੰਘ ਉਰਫ਼ ਜੀਨੂ ਦੀ ਮੌਤ ਹੋ ਚੁੱਕੀ ਸੀ। ਔਰਤ ਨੇ ਦੱਸਿਆ ਕਿ ਮੁਲਜ਼ਮ ਨੂੰ ਸ਼ੱਕ ਸੀ ਕਿ ਉਨ੍ਹਾਂ ਦਾ ਲੜਕਾ ਉਸਦੀ ਲੜਕੀ ਨੂੰ ਤੰਗ-ਪ੍ਰੇਸ਼ਾਨ ਕਰਦਾ ਹੈ। ਇਸ ਸਬੰਧੀ ਮੁਲਜ਼ਮ ਨੇ ਪਹਿਲਾਂ ਵੀ ਸ਼ਿਕਾਇਤਕਰਤਾ ਨੂੰ ਕਿਹਾ ਸੀ ਕਿ ਆਪਣੇ ਲੜਕੇ ਨੂੰ ਸਮਝਾ ਲਵੋ, ਨਹੀਂ ਤਾਂ ਇਸਦਾ ਅੰਜ਼ਾਮ ਬੁਰਾ ਹੋਵੇਗਾ।
ਇਸੇ ਰੰਜਿਸ਼ ਦੇ ਚੱਲਦਿਆਂ ਮਨਮਿੰਦਰ ਸਿੰਘ ਨੇ ਕੁਹਾੜੀ ਨਾਲ ਵਾਰ ਕਰਕੇ ਉਨ੍ਹਾਂ ਦੇ ਲੜਕੇ ਦਾ ਕਤਲ ਕੀਤਾ ਹੈ। ਪੁਲਿਸ ਨੇ ਬਿਆਨਾਂ ਦੇ ਆਧਾਰ ’ਤੇ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਮੁੱਖ ਅਫ਼ਸਰ ਥਾਣਾ ਲੰਬੀ ਜਸਵੀਰ ਸਿੰਘ ਦੀ ਅਗਵਾਈ ਹੇਠ ਅੱਗੇ ਦੀ ਕਾਨੂੰਨੀ ਕਾਰਵਾਈ ਜਾਰੀ ਹੈ।