Muktsar News : ਗੋਲ਼ੀ ਲੱਗਣ ਕਾਰਨ ਜ਼ਖ਼ਮੀ ਨੌਜਵਾਨ ਦੀ ਏਮਜ਼ 'ਚ ਇਲਾਜ ਦੌਰਾਨ ਮੌਤ, ਮੁਲਜ਼ਮ ਗ੍ਰਿਫ਼ਤਾਰ
ਡੀਐਸਪੀ ਮਲੋਟ ਨਵੀਨ ਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਾਮ ਕਰੀਬ 7:30 ਵਜੇ ਸੂਚਨਾ ਮਿਲੀ ਸੀ ਕਿ ਮਿਮਿਟ ਕਾਲਜ ਦੀ ਪਾਰਕਿੰਗ ’ਚ ਦੋ ਵਿਅਕਤੀਆਂ ਵਿਚਕਾਰ ਬਹਿਸ ਹੋਈ ਹੈ। ਝਗੜਾ ਵਧਣ 'ਤੇ ਇੱਕ ਵਿਅਕਤੀ ਨੇ ਫਾਇਰਿੰਗ ਕਰ ਦਿੱਤੀ, ਜਿਸ ਵਿੱਚ ਗੁਰਵਿੰਦਰ ਸਿੰਘ ਜ਼ਖ਼ਮੀ ਹੋ ਗਿਆ।
Publish Date: Sat, 04 Apr 2026 06:49 PM (IST)
Updated Date: Sat, 04 Apr 2026 06:51 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਮਲੋਟ ’ਚ ਤਿੰਨ ਦਿਨ ਪਹਿਲਾਂ ਦੋ ਧਿਰਾਂ ਵਿਚਾਲੇ ਹੋਏ ਆਪਸੀ ਵਿਵਾਦ ਦੌਰਾਨ ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਨੌਜਵਾਨ ਦੀ ਬਠਿੰਡਾ ਏਮਜ਼ ’ਚ ਇਲਾਜ ਦੌਰਾਨ ਮੌਤ ਹੋ ਗਈ ਹੈ। ਦੂਜੇ ਪਾਸੇ ਮਲੋਟ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਮਲੋਟ ਦੇ ਸਰਾਭਾ ਨਗਰ ਨਿਵਾਸੀ ਗੁਰਵਿੰਦਰ ਸਿੰਘ ਉਰਫ਼ ਜੇਪੀ ਬਾਂਸਲ ਪੁੱਤਰ ਪੁਰਸ਼ੋਤਮ ਵਜੋਂ ਹੋਈ ਹੈ।
ਜਾਣਕਾਰੀ ਮੁਤਾਬਕ ਗੁਰਵਿੰਦਰ ਬੁੱਧਵਾਰ ਨੂੰ ਅਨਾਜ ਮੰਡੀ ਵੱਲ ਸਥਿਤ ਪਾਰਕਿੰਗ ’ਚ ਮੌਜੂਦ ਸੀ, ਜਿੱਥੇ ਉਸਦਾ ਇੱਕ ਵਿਅਕਤੀ ਨਾਲ ਝਗੜਾ ਹੋ ਗਿਆ। ਦੇਖਦੇ ਹੀ ਦੇਖਦੇ ਮਾਮਲਾ ਹੱਥੋਪਾਈ ਤੱਕ ਪਹੁੰਚ ਗਿਆ ਅਤੇ ਇਸੇ ਦੌਰਾਨ ਮੁਲਜ਼ਮ ਨੇ ਰਿਵਾਲਵਰ ਨਾਲ ਗੋਲੀਆਂ ਚਲਾ ਦਿੱਤੀਆਂ। ਹਮਲਾਵਰ ਨੇ ਤਿੰਨ ਰਾਊਂਡ ਫਾਇਰ ਕੀਤੇ, ਜੋ ਗੁਰਵਿੰਦਰ ਦੇ ਪੇਟ ਅਤੇ ਬਾਂਹ ’ਤੇ ਲੱਗੇ। ਇਸ ਤੋਂ ਇਲਾਵਾ ਉਸ ਦੇ ਸਿਰ 'ਤੇ ਵੀ ਗੰਭੀਰ ਸੱਟਾਂ ਲੱਗੀਆਂ ਸਨ।
ਡੀਐਸਪੀ ਮਲੋਟ ਨਵੀਨ ਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਾਮ ਕਰੀਬ 7:30 ਵਜੇ ਸੂਚਨਾ ਮਿਲੀ ਸੀ ਕਿ ਮਿਮਿਟ ਕਾਲਜ ਦੀ ਪਾਰਕਿੰਗ ’ਚ ਦੋ ਵਿਅਕਤੀਆਂ ਵਿਚਕਾਰ ਬਹਿਸ ਹੋਈ ਹੈ। ਝਗੜਾ ਵਧਣ 'ਤੇ ਇੱਕ ਵਿਅਕਤੀ ਨੇ ਫਾਇਰਿੰਗ ਕਰ ਦਿੱਤੀ, ਜਿਸ ਵਿੱਚ ਗੁਰਵਿੰਦਰ ਸਿੰਘ ਜ਼ਖ਼ਮੀ ਹੋ ਗਿਆ।
ਗੁਰਵਿੰਦਰ 'ਤੇ ਪਹਿਲਾਂ ਵੀ ਕੁੱਟਮਾਰ ਅਤੇ ਐਨਡੀਪੀਐਸ ਐਕਟ ਤਹਿਤ ਮਾਮਲੇ ਦਰਜ ਸਨ। ਹਸਪਤਾਲ ਵਿੱਚ ਇਲਾਜ ਅਧੀਨ ਹੋਣ ਕਾਰਨ ਜ਼ਖ਼ਮੀ ਬਿਆਨ ਦੇਣ ਦੇ ਕਾਬਲ ਨਹੀਂ ਸੀ। ਹੁਣ ਸੂਚਨਾ ਮਿਲੀ ਹੈ ਕਿ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਹੈ। ਪੁਲਿਸ ਨੇ ਮੁਲਜ਼ਮ ਹਰਪ੍ਰੀਤ ਸਿੰਘ ਉਰਫ਼ ਹੈਪੀ ਪੁੱਤਰ ਬਾਜ਼ ਸਿੰਘ, ਵਾਸੀ ਪੁੱਡਾ ਕਲੋਨੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮ੍ਰਿਤਕ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਹੈ।