- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਬਾਮ ’ਚ ਬੁੱਧਵਾਰ ਦੁਪਹਿਰ ਆਪਸ ’ਚ ਹੋਈ ਮਾਮੂਲੀ ਤਕਰਾਰ ਨੇ ਸ਼ਾਮ ਤੱਕ ਹਿੰਸਕ ਰੂਪ ਲੈ ਲਿਆ। ਦੋਸ਼ ਹੈ ਕਿ ਗੁਆਂਢੀਆਂ ਨੇ ਬਾਹਰੋਂ 15 ਤੋਂ 20 ਲੋਕਾਂ ਨੂੰ ਬੁਲਾ ਕੇ ਪਿੰਡ ਦੇ ਬਾਹਰ ਸਥਿਤ ਪੰਜ ਘਰਾਂ 'ਤੇ ਇੱਟਾਂ-ਪੱਥਰਾਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਘਰਾਂ ’ਚ ਵੜ ਕੇ ਭੰਨਤੋੜ ਕੀਤੀ ਗਈ ਅਤੇ ਫਾਇਰਿੰਗ ਕੀਤੇ ਜਾਣ ਦਾ ਵੀ ਦੋਸ਼ ਲਗਾਇਆ ਗਿਆ ਹੈ। ਹਮਲੇ ’ਚ ਚਾਰ ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ’ਚ ਭਰਤੀ ਕਰਵਾਇਆ ਗਿਆ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਪਿੰਡ ਬਾਮ ’ਚ ਬੁੱਧਵਾਰ ਦੁਪਹਿਰ ਆਪਸ ’ਚ ਹੋਈ ਮਾਮੂਲੀ ਤਕਰਾਰ ਨੇ ਸ਼ਾਮ ਤੱਕ ਹਿੰਸਕ ਰੂਪ ਲੈ ਲਿਆ। ਦੋਸ਼ ਹੈ ਕਿ ਗੁਆਂਢੀਆਂ ਨੇ ਬਾਹਰੋਂ 15 ਤੋਂ 20 ਲੋਕਾਂ ਨੂੰ ਬੁਲਾ ਕੇ ਪਿੰਡ ਦੇ ਬਾਹਰ ਸਥਿਤ ਪੰਜ ਘਰਾਂ 'ਤੇ ਇੱਟਾਂ-ਪੱਥਰਾਂ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਘਰਾਂ ’ਚ ਵੜ ਕੇ ਭੰਨਤੋੜ ਕੀਤੀ ਗਈ ਅਤੇ ਫਾਇਰਿੰਗ ਕੀਤੇ ਜਾਣ ਦਾ ਵੀ ਦੋਸ਼ ਲਗਾਇਆ ਗਿਆ ਹੈ। ਹਮਲੇ ’ਚ ਚਾਰ ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਘਟਨਾ ਤੋਂ ਬਾਅਦ ਪੀੜਤ ਪਰਿਵਾਰਾਂ ’ਚ ਡਰ ਦਾ ਮਾਹੌਲ ਹੈ।
ਪੀੜਤ ਰਾਣੀ, ਬੱਬੂ ਅਤੇ ਕੁਲਵੰਤ ਸਿੰਘ ਨੇ ਦੱਸਿਆ ਕਿ ਬੁੱਧਵਾਰ ਦੁਪਹਿਰ ਗੁਆਂਢੀਆਂ ਨਾਲ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ ਸੀ। ਬਾਅਦ ’ਚ ਦੋਵਾਂ ਧਿਰਾਂ ਵਿਚਾਲੇ ਰਾਜ਼ੀਨਾਮਾ ਵੀ ਹੋ ਗਿਆ ਸੀ। ਉਨ੍ਹਾਂ ਦਾ ਦੋਸ਼ ਹੈ ਕਿ ਦੂਜੀ ਧਿਰ ਨੇ ਇਸ ਗੱਲ ਦੀ ਰੰਜਿਸ਼ ਰੱਖੀ ਅਤੇ ਸ਼ਾਮ ਦੇ ਸਮੇਂ ਬਾਹਰੋਂ ਲੋਕਾਂ ਨੂੰ ਬੁਲਾ ਕੇ ਉਨ੍ਹਾਂ ਦੇ ਘਰਾਂ ’ਤੇ ਹਮਲਾ ਕਰਵਾ ਦਿੱਤਾ। ਪੀੜਤਾਂ ਅਨੁਸਾਰ ਹਮਲਾਵਰਾਂ ਨੇ ਪਹਿਲਾਂ ਘਰਾਂ 'ਤੇ ਇੱਟਾਂ-ਪੱਥਰ ਬਰਸਾਉਣੇ ਸ਼ੁਰੂ ਕਰ ਦਿੱਤੇ। ਇਸੇ ਦੌਰਾਨ ਇੱਕ ਹਮਲਾਵਰ ਕੋਲ ਪਿਸਤੌਲ ਹੋਣ ਦਾ ਦੋਸ਼ ਲਗਾਇਆ ਗਿਆ। ਪੀੜਤਾਂ ਨੇ ਦਾਅਵਾ ਕੀਤਾ ਕਿ ਕਈ ਫਾਇਰ ਵੀ ਕੀਤੇ ਗਏ, ਪਰ ਗੋਲੀ ਕਿਸੇ ਨੂੰ ਨਹੀਂ ਲੱਗੀ। ਇੱਟਾਂ-ਪੱਥਰਾਂ ਦੀ ਬਰਸਾਤ ਕਾਰਨ ਘਰਾਂ ’ਚ ਮੌਜੂਦ ਕਈ ਲੋਕ ਜ਼ਖ਼ਮੀ ਹੋ ਗਏ।
ਹਸਪਤਾਲ ’ਚ ਜ਼ੇਰੇ ਇਲਾਜ ਗੁਰਭੇਜ ਸਿੰਘ ਅਤੇ ਵੀਰ ਸਿੰਘ ਨੇ ਦੋਸ਼ ਲਗਾਇਆ ਕਿ ਸ਼ਾਮ ਲਗਭਗ ਪੰਜ ਵਜੇ 15 ਤੋਂ 20 ਲੋਕ ਉਨ੍ਹਾਂ ਦੇ ਘਰ ’ਚ ਦਾਖ਼ਲ ਹੋਏ। ਹਮਲਾਵਰਾਂ ਕੋਲ ਤਲਵਾਰਾਂ, ਕਾਪੇ ਅਤੇ ਪਿਸਤੌਲ ਸਨ। ਉਨ੍ਹਾਂ ਦੋਸ਼ ਲਗਾਇਆ ਕਿ ਹਮਲਾਵਰਾਂ ਨੇ ਕਈ ਫਾਇਰ ਕੀਤੇ ਅਤੇ ਉਨ੍ਹਾਂ ’ਤੇ ਤਲਵਾਰਾਂ ਨਾਲ ਵੀ ਵਾਰ ਕੀਤੇ। ਹਮਲੇ ’ਚ ਉਨ੍ਹਾਂ ਦੇ ਹੱਥਾਂ ਅਤੇ ਸਰੀਰ ਦੇ ਹੋਰ ਹਿੱਸਿਆਂ ’ਤੇ ਸੱਟਾਂ ਆਈਆਂ ਹਨ। ਪਰਿਵਾਰ ਵਾਲਿਆਂ ਨੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ।
ਪੀੜਤਾਂ ਨੇ ਦੱਸਿਆ ਕਿ ਹਮਲਾਵਰਾਂ ਨੇ ਪੰਜ ਘਰਾਂ ਨੂੰ ਨਿਸ਼ਾਨਾ ਬਣਾਉਂਦਿਆਂ ਘਰਾਂ ’ਚ ਭੰਨਤੋੜ ਕੀਤੀ। ਇਸ ਦੌਰਾਨ ਫ੍ਰਿਜ, ਟੀਵੀ, ਵਾਸ਼ਿੰਗ ਮਸ਼ੀਨ ਸਮੇਤ ਹੋਰ ਘਰੇਲੂ ਸਾਮਾਨ ਖ਼ਰਾਬ ਕਰ ਦਿੱਤਾ ਗਿਆ। ਘਰਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਵੀ ਤੋੜ ਦਿੱਤੇ ਗਏ। ਪੀੜਤਾਂ ਨੇ ਦੋਸ਼ ਲਗਾਇਆ ਕਿ ਹਮਲਾਵਰ ਕਈ ਘਰਾਂ ਤੋਂ ਲਗਭਗ 50 ਹਜ਼ਾਰ ਦੀ ਨਕਦੀ ਵੀ ਲੈ ਗਏ।
ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਪੀੜਤ ਪਰਿਵਾਰਾਂ ਨੇ ਪੁਲਿਸ ਤੋਂ ਮਾਮਲੇ ਦੀ ਨਿਸ਼ਪੱਖ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ, ਉਨ੍ਹਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਵਾਉਣ ਅਤੇ ਜ਼ਖ਼ਮੀਆਂ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ਹੈ। ਥਾਣਾ ਸਦਰ ਮਲੋਟ ਦੇ ਇੰਚਾਰਜ ਵਰੁਣ ਯਾਦਵ ਨੇ ਦੱਸਿਆ ਕਿ ਜ਼ਖ਼ਮੀਆਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਬਿਆਨਾਂ ਦੇ ਆਧਾਰ 'ਤੇ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।