ਰੱਖੜੀ ਦੀ ਰੌਣਕ ਨਾਲ ਗੁਲਜ਼ਾਰ ਹੋਏ ਮੁਕਤਸਰ ਦੇ ਬਾਜ਼ਾਰ ਰੱਖੜੀ ਦੀ ਰੌਣਕ ਨਾਲ ਗੁਲਜ਼ਾਰ ਹੋਏ ਮੁਕਤਸਰ ਦੇ ਬਾਜ਼ਾਰ
Publish Date: Tue, 25 Aug 2026 04:37 PM (IST)
Updated Date: Tue, 25 Aug 2026 04:39 PM (IST)
ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਭੈਣ-ਭਰਾ ਦੇ ਅਟੁੱਟ ਪਿਆਰ ਅਤੇ ਵਿਸ਼ਵਾਸ ਦੇ ਪ੍ਰਤੀਕ ਰੱਖੜੀ ਦੇ ਤਿਉਹਾਰ ਨੂੰ ਲੈ ਕੇ ਸ੍ਰੀ ਮੁਕਤਸਰ ਸਾਹਿਬ ਦੇ ਬਾਜ਼ਾਰਾਂ ’ਚ ਅੱਜ-ਕੱਲ੍ਹ ਭਾਰੀ ਰੌਣਕ ਦੇਖਣ ਨੂੰ ਮਿਲ ਰਹੀ ਹੈ। ਸ਼ਹਿਰ ਦੇ ਮੁੱਖ ਬਾਜ਼ਾਰਾਂ, ਗਲੀਆਂ ਅਤੇ ਚੌਕ-ਚੌਰਾਹਿਆਂ ’ਤੇ ਰੱਖੜੀਆਂ ਦੀਆਂ ਸਜੀਆਂ ਦੁਕਾਨਾਂ ’ਤੇ ਸਵੇਰ ਤੋਂ ਹੀ ਭੈਣਾਂ ਅਤੇ ਬੱਚਿਆਂ ਦੀ ਭੀੜ ਉਮੜ ਰਹੀ ਹੈ। ਮਿਠਾਈ ਅਤੇ ਗਿਫ਼ਟ ਸ਼ਾਪਸ ’ਤੇ ਵੀ ਤਿਉਹਾਰ ਦੀ ਖਰੀਦਦਾਰੀ ਨੂੰ ਲੈ ਕੇ ਲੋਕਾਂ ਦਾ ਉਤਸ਼ਾਹ ਸਾਫ਼ ਨਜ਼ਰ ਆ ਰਿਹਾ ਹੈ। ਬਾਜ਼ਾਰ ’ਚ ਇਸ ਵਾਰ ਰਵਾਇਤੀ ਰੱਖੜੀਆਂ ਦੇ ਨਾਲ-ਨਾਲ ਕਾਰਟੂਨ, ਲਾਈਟਿੰਗ ਸੈਂਸਰ, ਕੁੰਦਨ ਸਟੋਨ, ਸਿਲਵਰ ਪਾਲਿਸ਼, ਬ੍ਰੇਸਲੇਟ ਅਤੇ ਭਰਾ-ਭਾਬੀ ਸਪੈਸ਼ਲ ਰੱਖੜੀਆਂ ਦੀ ਚੰਗੀ ਮੰਗ ਹੈ। ਬੱਚਿਆਂ ’ਚ ਕਾਰਟੂਨ ਅਤੇ ਚਮਕਦਾਰ ਸੈਂਸਰ ਰੱਖੜੀਆਂ ਖਾਸ ਆਕਰਸ਼ਣ ਦਾ ਕੇਂਦਰ ਬਣੀਆਂ ਹੋਈਆਂ ਹਨ, ਜਦਕਿ ਭਰਾ-ਭਾਬੀ ਗਿਫ਼ਟ ਬਾਕਸ ਵੀ ਖਰੀਦਦਾਰਾਂ ਨੂੰ ਲੁਭਾ ਰਹੇ ਹਨ। ਦੁਕਾਨਦਾਰ ਰੋਹਿਤ ਭਟੇਜਾ ਅਤੇ ਸੌਰਵ ਜੈਨ ਨੇ ਦੱਸਿਆ ਕਿ ਫਿਲਹਾਲ ਵਿਕਰੀ ਉਮੀਦ ਮੁਤਾਬਕ ਨਹੀਂ ਹੈ। ਉਨ੍ਹਾਂ ਕਿਹਾ ਕਿ ਆਨਲਾਈਨ ਸ਼ਾਪਿੰਗ ਅਤੇ ਵਧਦੀ ਮਹਿੰਗਾਈ ਦਾ ਅਸਰ ਸਥਾਨਕ ਕਾਰੋਬਾਰ ’ਤੇ ਸਾਫ਼ ਦਿਖਾਈ ਦੇ ਰਹਾ ਹੈ। ਹਾਲਾਂਕਿ ਉਨ੍ਹਾਂ ਨੂੰ ਉਮੀਦ ਹੈ ਕਿ ਤਿਉਹਾਰ ਨੇੜੇ ਆਉਂਦੇ ਹੀ ਖਰੀਦਦਾਰੀ ’ਚ ਤੇਜ਼ੀ ਆਵੇਗੀ। ਉਨ੍ਹਾਂ ਦੱਸਿਆ ਕਿ ਆਮ ਰੱਖੜੀਆਂ ਦੀ ਕੀਮਤ 5 ਰੁਪਏ ਤੋਂ ਸ਼ੁਰੂ ਹੋ ਕੇ 100 ਰੁਪਏ ਤੱਕ ਹੈ, ਜਦਕਿ ਚਾਕਲੇਟ, ਡਰਾਈ ਫ੍ਰੂਟਸ, ਰੱਖੜੀ ਅਤੇ ਬ੍ਰੇਸਲੇਟ ਵਾਲੇ ਭਰਾ-ਭਾਬੀ ਗਿਫ਼ਟ ਬਾਕਸ 120 ਤੋਂ 550 ਰੁਪਏ ਤੱਕ ਉਪਲਬਧ ਹਨ। ਇਸਤੋਂ ਇਲਾਵਾ ਪਾਰਸ, ਸ਼੍ਰੀਜੀ, ਸੈਲੀਬ੍ਰੇਸ਼ਨ, ਰਿਸ਼ਤਾ ਰੱਖੜੀ, ਨਕਸ ਰੱਖੜੀ ਅਤੇ ਭਾਬੀ ਦਾ ਲੂੰਬਾ ਵਰਗੀਆਂ ਕਈ ਆਕਰਸ਼ਕ ਵਰਾਇਟੀਆਂ ਵੀ ਬਾਜ਼ਾਰ ’ਚ ਮੌਜੂਦ ਹਨ। ਸਵੇਰੇ 5:57 ਤੋਂ 09:48 ਤੱਕ ਦਾ ਰੱਖੜੀ ਬੰਨ੍ਹਣ ਦਾ ਸ਼ੁਭ ਸਮਾਂ ਪੰਡਿਤ ਰੰਜੀਤ ਸ਼ਰਮਾ ਅਨੁਸਾਰ ਰੱਖੜੀ ’ਤੇ ਰੱਖੜੀ ਬੰਨ੍ਹਣ ਦਾ ਸ਼ੁਭ ਮੁਹੂਰਤ ਸਵੇਰੇ 05:57 ਵਜੇ ਤੋਂ 09:48 ਤੱਕ ਦਾ ਸਮਾਂ ਬਹੁਤ ਸ਼ੁਭ ਰਹੇਗਾ। ਪਰ ਦਿਨ ਭਰ ਰੱਖੜੀ ਦਾ ਤਿਉਹਾਰ ਬਿਨਾਂ ਕਿਸੇ ਝਿਜਕ ਦੇ ਮਨਾਇਆ ਜਾਵੇਗਾ ਕਿਉਂਕਿ ਇਸ ਵਾਰ ਦਿਨ ’ਚ ਭਦਰਾ ਦਾ ਪਰਛਾਵਾਂ ਵੀ ਨਹੀਂ ਰਹੇਗਾ। ਇਸ ਵਾਰ ਸਰਵੋਤਮ ਮੁਹੂਰਤ ਸਵੇਰੇ 05:57 ਤੋਂ ਲੈ ਕੇ ਸਵੇਰੇ 09:48 ਵਜੇ ਤੱਕ, ਅਭਿਜੀਤ ਮੁਹੂਰਤ ਦੁਪਹਿਰ 12:14 ਤੋਂ ਲੈ ਕੇ ਦੁਪਹਿਰ 01:05 ਵਜੇ ਤੱਕ, ਗੋਧੂਲੀ ਮੁਹੂਰਤ: ਸ਼ਾਮ 06:57 ਵਜੇ ਤੋਂ ਲੈ ਕੇ ਸ਼ਾਮ 07:19 ਵਜੇ ਤੱਕ ਹੋਵੇਗਾ। ਇਸਤੋਂ ਇਲਾਵਾ, ਤੁਸੀਂ ਚੋਘੜੀਏ ਦੇ ਅਨੁਸਾਰ ਵੀ ਸ਼ੁਭ ਸਮਾਂ ਚੁਣ ਸਕਦੇ ਹੋ। (ਲਾਭ ਚੋਘੜੀਆ ਮੁਹੂਰਤ: ਸਵੇਰੇ 07:57 ਵਜੇ ਤੋਂ 09:31 ਵਜੇ ਤੱਕ) (ਅੰਮ੍ਰਿਤ-ਚੋਘੜੀਆ ਮੁਹੂਰਤ: ਸਵੇਰੇ 09:31 ਵਜੇ ਤੋਂ ਸਵੇਰੇ 11:05 ਵਜੇ ਤੱਕ) (ਸ਼ੁਭ ਚੋਘੜੀਆ ਮੁਹੂਰਤ: ਦੁਪਹਿਰ 12:40 ਵਜੇ ਤੋਂ 02:14 ਵਜੇ ਤੱਕ) (ਚਰ ਚੋਘੜੀਆ ਮੁਹੂਰਤ: ਸ਼ਾਮ 05:22 ਵਜੇ ਤੋਂ 06:57 ਵਜੇ ਤੱਕ) (ਰਾਤ ਦਾ ਲਾਭ ਚੋਘੜੀਆ:- ਰਾਤ 09:48 ਵਜੇ ਤੋਂ 11:14 ਵਜੇ ਤੱਕ ਰਹੇਗਾ)। ਇਸ ਦੌਰਾਨ ਭੈਣਾਂ ਆਪਣੇ ਭਰਾ ਦੇ ਗੁੱਟ ਤੇ ਰੱਖੜੀ ਬੰਨ੍ਹ ਕੇ ਉਸ ਦੀ ਲੰਮੀ ਉਮਰ ਦੀ ਕਾਮਨਾ ਕਰ ਸਕਦੀਆਂ ਹਨ ਅਤੇ ਭਰਾ ਜੀਵਨ ਭਰ ਉਸ ਦੀ ਰੱਖਿਆ ਦਾ ਸੰਕਲਪ ਲਵੇਗਾ।