- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹਾ ਪੁਲਿਸ ਨੇ ਪਿੰਡ ਮਿੱਡੂ ਖੇੜਾ ਵਿਖੇ ਵਾਪਰੇ ਚਰਚਿਤ ਅੰਨ੍ਹੇ ਕਤਲ ਕਾਂਡ ਦੀ ਗੁੱਥੀ ਨੂੰ ਸੁਲਝਾਉਂਦਿਆਂ ਕੁੱਲ 13 ਲੋਕਾਂ ਨੂੰ ਟਰੇਸ ਕਰ ਕੇ ਨਾਮਜ਼ਦ ਕੀਤਾ ਹੈ, ਜਿਨ੍ਹਾਂ ਵਿੱਚੋਂ 4 ਮੁੱਖ ਅਪਰਾਧੀਆਂ ਨੂੰ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ।

ਭੰਵਰਾ\ਗਿੱਲ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਜ਼ਿਲ੍ਹਾ ਪੁਲਿਸ ਨੇ ਪਿੰਡ ਮਿੱਡੂ ਖੇੜਾ ਵਿਖੇ ਵਾਪਰੇ ਚਰਚਿਤ ਅੰਨ੍ਹੇ ਕਤਲ ਕਾਂਡ ਦੀ ਗੁੱਥੀ ਨੂੰ ਸੁਲਝਾਉਂਦਿਆਂ ਕੁੱਲ 13 ਲੋਕਾਂ ਨੂੰ ਟਰੇਸ ਕਰ ਕੇ ਨਾਮਜ਼ਦ ਕੀਤਾ ਹੈ, ਜਿਨ੍ਹਾਂ ਵਿੱਚੋਂ 4 ਮੁੱਖ ਅਪਰਾਧੀਆਂ ਨੂੰ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਅਭਿਮੰਨਿਊ ਰਾਣਾ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਅਪਰਾਧਿਕ ਅਨਸਰਾਂ ਖ਼ਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਐਸਪੀ (ਡੀ) ਮਨਮੀਤ ਸਿੰਘ ਢਿੱਲੋਂ, ਡੀਐਸਪੀ ਲੰਬੀ ਹਰਬੰਸ ਸਿੰਘ ਅਤੇ ਡੀਐਸਪੀ (ਡੀ) ਰਸ਼ਪਾਲ ਸਿੰਘ ਦੀ ਨਿਗਰਾਨੀ ਹੇਠ ਟੀਮਾਂ ਗਠਿਤ ਕੀਤੀਆਂ ਗਈਆਂ ਸਨ। ਇੰਸਪੈਕਟਰ ਕਰਮਜੀਤ ਕੌਰ ਮੁੱਖ ਅਫ਼ਸਰ ਥਾਣਾ ਕਿੱਲਿਆਂਵਾਲੀ ਅਤੇ ਇੰਸਪੈਕਟਰ ਗੁਰਵਿੰਦਰ ਸਿੰਘ ਇੰਚਾਰਜ ਸੀਆਈਏ ਦੀਆਂ ਟੀਮਾਂ ਨੇ ਮਾਨਵ ਸੰਸਾਧਨਾਂ, ਤਕਨੀਕੀ ਵਿਸ਼ਲੇਸ਼ਣ ਅਤੇ ਵਿਗਿਆਨਕ ਤਰੀਕਿਆਂ ਦੀ ਵਰਤੋਂ ਕਰਦਿਆਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਅਤੇ ਇਸ ਵਾਰਦਾਤ ਦਾ ਪਰਦਾਫਾਸ਼ ਕੀਤਾ।
ਪੁਲਿਸ ਅਨੁਸਾਰ ਪਿੰਡ ਮਿੱਡੂ ਖੇੜਾ ਦੇ ਰਹਿਣ ਵਾਲੇ ਸੰਦੀਪ ਸਿੰਘ ਉਰਫ਼ ਬੱਬਲੂ ਦੀ ਕੁੱਝ ਵਿਅਕਤੀਆਂ ਵੱਲੋਂ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਸੀ। ਉਸਨੂੰ ਗੰਭੀਰ ਹਾਲਤ ’ਚ ਪਹਿਲਾਂ ਸਿਵਲ ਹਸਪਤਾਲ ਬਾਦਲ ਅਤੇ ਬਾਅਦ ਵਿੱਚ ਏਮਜ਼ ਬਠਿੰਡਾ ਰੈਫ਼ਰ ਕੀਤਾ ਗਿਆ ਸੀ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਸਬੰਧੀ ਥਾਣਾ ਲੰਬੀ ਵਿਖੇ ਬੀਐਨਐਸ ਦੀਆਂ ਧਾਰਾਵਾਂ 103(1), 191(3), 190 ਅਤੇ 238 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਮੁੱਢਲੀ ਤਫ਼ਤੀਸ਼ ਦੌਰਾਨ ਸਾਹਮਣੇ ਆਇਆ ਕਿ ਮ੍ਰਿਤਕ ਸੰਦੀਪ ਸਿੰਘ ਉਰਫ਼ ਬੱਬਲੂ ਅਤੇ ਮੁੱਖ ਦੋਸ਼ੀ ਜਗਦੀਸ਼ ਵਿਚਕਾਰ ਪੁਰਾਣੀ ਰੰਜਿਸ਼ ਚੱਲ ਰਹੀ ਸੀ। ਇਸ ਤੋਂ ਪਹਿਲਾਂ ਵੀ ਦੋਵਾਂ ਧਿਰਾਂ ਵਿਚਾਲੇ ਹੋਏ ਝਗੜੇ ਸਬੰਧੀ ਸੰਦੀਪ ਸਿੰਘ ਖ਼ਿਲਾਫ਼ ਕੇਸ ਦਰਜ ਹੋਇਆ ਸੀ।
ਇਸੇ ਰੰਜਿਸ਼ ਦੇ ਚੱਲਦਿਆਂ ਜਗਦੀਸ਼ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇੱਕ ਸਾਜਿਸ਼ ਤਹਿਤ ਸੰਦੀਪ ਦੀ ਕੁੱਟਮਾਰ ਕੀਤੀ, ਜਿਸ ਨਾਲ ਉਸ ਦੀ ਜਾਨ ਚਲੀ ਗਈ। ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਜਗਦੀਸ਼ ਪੁੱਤਰ ਲਿਖਮਾ ਰਾਮ ਵਾਸੀ ਪਿੰਡ ਮਿੱਡੂ ਖੇੜਾ, ਸਤਪਾਲ ਪੁੱਤਰ ਲਿਖਮਾ ਰਾਮ ਵਾਸੀ ਪਿੰਡ ਮਿੱਡੂ ਖੇੜਾ, ਅਜੈ ਕੁਮਾਰ ਪੁੱਤਰ ਸਤਪਾਲ ਵਾਸੀ ਪਿੰਡ ਮਿੱਡੂ ਖੇੜਾ ਅਤੇ ਇੰਦਰਜੀਤ ਸਿੰਘ ਉਰਫ਼ ਛਾਂਗਾ ਪੁੱਤਰ ਧਰਮਾ ਰਾਮ ਵਾਸੀ ਪਿੰਡ ਬੀਰੂਵਾਲਾ ਗੁੜਾ, ਜ਼ਿਲ੍ਹਾ ਸਿਰਸਾ ਨੂੰ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਪੁੱਛਗਿੱਛ ਦੌਰਾਨ ਹੋਰ ਅਹਿਮ ਖ਼ੁਲਾਸੇ ਹੋ ਸਕਣ। ਇਸਤੋਂ ਇਲਾਵਾ, ਕੇਸ ’ਚ ਨਾਮਜ਼ਦ ਬਾਕੀ 9 ਫ਼ਰਾਰ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਪੁਲਿਸ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।