- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਕਰਾਈਵਾਲਾ ਤੋਂ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਜੋੜੇ ਨੂੰ ਅੰਤਰਜਾਤੀ ਪ੍ਰੇਮ ਵਿਆਹ ਕਰਵਾਉਣ ਦੀ ਇੰਨੀ ਭਿਆਨਕ ਸਜ਼ਾ ਮਿਲੀ ਕਿ ਸੁਣ ਕੇ ਤੁਹਾਡੀ ਰੂਹ ਕੰਬ ਜਾਵੇਗੀ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਗਿੱਦੜਬਾਹਾ : ਪਿੰਡ ਕਰਾਈਵਾਲਾ ਤੋਂ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਜੋੜੇ ਨੂੰ ਅੰਤਰਜਾਤੀ ਪ੍ਰੇਮ ਵਿਆਹ ਕਰਵਾਉਣ ਦੀ ਇੰਨੀ ਭਿਆਨਕ ਸਜ਼ਾ ਮਿਲੀ ਕਿ ਸੁਣ ਕੇ ਤੁਹਾਡੀ ਰੂਹ ਕੰਬ ਜਾਵੇਗੀ। ਕੁੜੀ ਦੇ ਪਰਿਵਾਰ ਵਾਲਿਆਂ ਨੇ ਨਾ ਸਿਰਫ਼ ਮੁੰਡੇ ਅਤੇ ਉਸਦੇ ਪਰਿਵਾਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕੀਤਾ, ਸਗੋਂ ਆਪਣੀ ਹੀ ਸਾਢੇ ਪੰਜ ਮਹੀਨੇ ਦੀ ਗਰਭਵਤੀ ਧੀ ਨੂੰ ਅਗਵਾ ਕਰਕੇ ਜਾਨੋਂ ਮਾਰਨ ਦੀ ਨੀਅਤ ਨਾਲ ਨਹਿਰ ਵਿੱਚ ਸੁੱਟ ਦਿੱਤਾ।
ਜਾਣਕਾਰੀ ਅਨੁਸਾਰ ਉਕਤ ਲੜਕੇ ਤੇ ਲੜਕੀ ਨੇ ਤਿੰਨ ਸਾਲ ਪਹਿਲਾਂ ਹਾਈਕੋਰਟ ’ਚ ਪ੍ਰੇਮ ਵਿਆਹ ਕਰਵਾਇਆ ਸੀ। ਮੁੰਡਾ ਮਜ਼੍ਹਬੀ ਸਿੱਖ ਭਾਈਚਾਰੇ ਨਾਲ ਸਬੰਧ ਰੱਖਦਾ ਹੈ ਜਦਕਿ ਕੁੜੀ ਜੱਟ ਸਿੱਖ ਪਰਿਵਾਰ ਤੋਂ ਹੈ। ਇਹ ਅੰਤਰਜਾਤੀ ਵਿਆਹ ਕੁੜੀ ਦੇ ਪਰਿਵਾਰ ਨੂੰ ਮਨਜ਼ੂਰ ਨਹੀਂ ਸੀ। ਪੀੜਤ ਸਤਨਾਮ ਸਿੰਘ ਦਾ ਦੋਸ਼ ਹੈ ਕਿ ਦੋ ਦਿਨ ਪਹਿਲਾਂ ਕੁੜੀ ਦੇ ਪਰਿਵਾਰ ਵਾਲਿਆਂ ਨੇ 10-12 ਬੰਦਿਆਂ ਨਾਲ ਮਿਲ ਕੇ ਉਨ੍ਹਾਂ ਦੇ ਘਰ ਤਲਵਾਰਾਂ ਅਤੇ ਕਿਰਪਾਨਾਂ ਨਾਲ ਹਮਲਾ ਕਰ ਦਿੱਤਾ। ਉਨ੍ਹਾਂ ਨੇ ਆ ਕੇ ਸਾਰੇ ਪਰਿਵਾਰ ’ਤੇ ਹਮਲਾ ਬੋਲਤਾ, ਮੇਰੇ ਸਿਰ ’ਚ ਮਾਰੀ, ਹੱਥ ਤੇ ਵੱਜੀ ਆ ਅਤੇ ਮੇਰੀ ਪਤਨੀ ਨੂੰ ਉੱਥੋਂ ਚੁੱਕ ਕੇ ਲੈ ਗਏ।
ਹਮਲਾਵਰ ਸਤਨਾਮ ਨੂੰ ਖੂਨ ਨਾਲ ਲੱਥਪੱਥ ਕਰਕੇ ਅਤੇ ਉਸਦੀ ਬਜ਼ੁਰਗ ਮਾਂ ਦੀ ਕੁੱਟਮਾਰ ਕਰਨ ਤੋਂ ਬਾਅਦ ਅੰਮ੍ਰਿਤਪ੍ਰੀਤ ਨੂੰ ਜ਼ਬਰਦਸਤੀ ਗੱਡੀ ’ਚ ਪਾ ਕੇ ਲੈ ਗਏ। ਹੈਵਾਨੀਅਤ ਦੀ ਹੱਦ ਤਾਂ ਉਦੋਂ ਪਾਰ ਹੋ ਗਈ ਜਦੋਂ ਅਗਲੀ ਸਵੇਰ ਸਾਢੇ ਸੱਤ ਵਜੇ, ਆਪਣੇ ਹੀ ਪਿਤਾ ਅਤੇ ਭਰਾਵਾਂ ਨੇ ਇਸ ਸਾਢੇ ਪੰਜ ਮਹੀਨਿਆਂ ਦੀ ਗਰਭਵਤੀ ਕੁੜੀ ਨੂੰ ਨਹਿਰ ’ਚ ਸੁੱਟ ਦਿੱਤਾ। ਪਰ ਕਹਿੰਦੇ ਨੇ ‘ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ’, ਕੁੜੀ ਕਿਸੇ ਤਰ੍ਹਾਂ ਨਹਿਰ ’ਚੋਂ ਬਾਹਰ ਆ ਗਈ ਅਤੇ ਪਿੰਡ ਦੇ ਸਰਪੰਚ ਦੀ ਮਦਦ ਨਾਲ ਹਸਪਤਾਲ ਪਹੁੰਚੀ।
ਪੀੜਤ ਜੋੜੇ ਦਾ ਕਹਿਣਾ ਹੈ ਕਿ ਇਸ ਸਾਰੇ ਕਾਂਡ ’ਚ ਪਿੰਡ ਦੇ ਸਰਪੰਚ ਦੀ ਵੀ ਸ਼ਹਿ ਹੈ। ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਇੰਨੀ ਵੱਡੀ ਵਾਰਦਾਤ ਹੋਣ ਦੇ ਬਾਵਜੂਦ, ਤਿੰਨ ਦਿਨ ਬੀਤ ਜਾਣ 'ਤੇ ਵੀ ਪੁਲਿਸ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਹੁਣ ਇਹ ਗਰਭਵਤੀ ਔਰਤ ਇਨਸਾਫ਼ ਲਈ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹੈ।
ਦੂਜੇ ਪਾਸੇ ਗਿੱਦੜਬਾਹਾ ਪੁਲਿਸ ਨੇ ਲੜਕੀ ਦੇ ਬਿਆਨਾਂ ਤੇ ਪਿਤਾ ਸਮੇਤ ਛੇ ਵਿਅਕਤੀਆਂ ਤੇ ਵੱਖ-ਵੱਖ ਧਾਰਾ ਅਧੀਨ ਛੇ ਵਿਅਕਤੀਆਂ ’ਤੇ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।