
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਜ਼ਿਲ੍ਹਾ ਫ਼ਾਜ਼ਿਲਕਾ ਦੇ ਪਿੰਡ ਬੰਨ੍ਹਾਵਾਲਾ ਵਿੱਚ ਟੂਣਾ ਕਰਨ ਦੇ ਸ਼ੱਕ ਨੂੰ ਲੈ ਕੇ ਗੁਆਂਢੀਆਂ ਵਿਚਾਲੇ ਸ਼ੁਰੂ ਹੋਇਆ ਵਿਵਾਦ ਉਸ ਸਮੇਂ ਖ਼ੂਨੀ ਝੜਪ ਵਿੱਚ ਬਦਲ ਗਿਆ, ਜਦੋਂ ਦੋਵਾਂ ਧਿਰਾਂ ਵਿਚਾਲੇ ਹੋਈ ਲੜਾਈ ਦੌਰਾਨ ਧਾਰਦਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ।

ਨਵਜੋਤ ਸਿੰਘ, ਪੰਜਾਬੀ ਜਾਗਰਣ, ਮੰਡੀ ਅਰਨੀਵਾਲਾ : ਜ਼ਿਲ੍ਹਾ ਫ਼ਾਜ਼ਿਲਕਾ ਦੇ ਪਿੰਡ ਬੰਨ੍ਹਾਵਾਲਾ ਵਿੱਚ ਟੂਣਾ ਕਰਨ ਦੇ ਸ਼ੱਕ ਨੂੰ ਲੈ ਕੇ ਗੁਆਂਢੀਆਂ ਵਿਚਾਲੇ ਸ਼ੁਰੂ ਹੋਇਆ ਵਿਵਾਦ ਉਸ ਸਮੇਂ ਖ਼ੂਨੀ ਝੜਪ ਵਿੱਚ ਬਦਲ ਗਿਆ, ਜਦੋਂ ਦੋਵਾਂ ਧਿਰਾਂ ਵਿਚਾਲੇ ਹੋਈ ਲੜਾਈ ਦੌਰਾਨ ਧਾਰਦਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਹਮਲੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਉਸ ਦੇ ਪੁੱਤਰ ਸਮੇਤ ਦੋ ਵਿਅਕਤੀ ਜ਼ਖ਼ਮੀ ਹੋ ਗਏ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਪਿੰਡ ਬੰਨਾਂਵਾਲਾ ਵਿੱਚ ਗੁਆਂਢ ਰਹਿੰਦੀ ਇੱਕ ਔਰਤ ਵੱਲੋਂ ਕਥਿਤ ਤੌਰ ’ਤੇ ਇੱਕ ਪਰਿਵਾਰ ਦੇ ਘਰ ਦੇ ਬਾਹਰ ਤੂਣਾ ਕੀਤੇ ਜਾਣ ਨੂੰ ਲੈ ਕੇ ਵਿਵਾਦ ਸ਼ੁਰੂ ਹੋਇਆ ਸੀ। ਦੋਸ਼ ਹੈ ਕਿ ਔਰਤ ਘਰ ਦੇ ਬਾਹਰ ਚੌਲ ਅਤੇ ਕੜਾਹੀ ਰੱਖ ਕੇ ਗਈ ਸੀ। ਇਸ ਤੋਂ ਬਾਅਦ ਘਰ ਦੇ ਅੰਦਰ ਲੱਡੂ ਸੁੱਟੇ ਜਾਣ ਦੀ ਗੱਲ ਵੀ ਸਾਹਮਣੇ ਆਈ। ਪਰਿਵਾਰ ਵੱਲੋਂ ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕਰਨ ’ਤੇ ਘਟਨਾ ਦਾ ਪਤਾ ਲੱਗਣ ਦਾ ਦਾਅਵਾ ਕੀਤਾ ਗਿਆ।
ਇਸ ਮਾਮਲੇ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਵਿਵਾਦ ਹੋ ਗਿਆ ਅਤੇ ਔਰਤਾਂ ਵਿਚਾਲੇ ਹੱਥੋਪਾਈ ਵੀ ਹੋਈ। ਹਾਲਾਂਕਿ ਬਾਅਦ ਵਿੱਚ ਮਾਮਲਾ ਸ਼ਾਂਤ ਹੋ ਗਿਆ ਸੀ। ਮ੍ਰਿਤਕ ਦੇ ਪੁੱਤਰ ਗੁਰਪ੍ਰੀਤ ਸਿੰਘ ਨੇ ਦੋਸ਼ ਲਾਇਆ ਕਿ ਬੀਤੀ ਰਾਤ ਇਸੇ ਵਿਵਾਦ ਨੂੰ ਲੈ ਕੇ ਦੂਜੀ ਧਿਰ ਦੇ ਲੋਕਾਂ ਨੇ ਉਨ੍ਹਾਂ ਦੇ ਪਰਿਵਾਰ ਨਾਲ ਮੁੜ ਝਗੜਾ ਸ਼ੁਰੂ ਕਰ ਦਿੱਤਾ। ਉਸ ਦਾ ਦੋਸ਼ ਹੈ ਕਿ ਹਮਲਾਵਰਾਂ ਕੋਲ ਤਲਵਾਰ ਅਤੇ ਕਿਰਚ ਵਰਗੇ ਧਾਰਦਾਰ ਹਥਿਆਰ ਸਨ।
ਗੁਰਪ੍ਰੀਤ ਸਿੰਘ ਮੁਤਾਬਕ ਝਗੜੇ ਦੌਰਾਨ ਉਸ ਦੇ ਪਿਤਾ ਗੁਰਦੇਵ ਸਿੰਘ ’ਤੇ ਧਾਰਦਾਰ ਹਥਿਆਰ ਨਾਲ ਹਮਲਾ ਕਰ ਦਿੱਤਾ ਗਿਆ। ਗੰਭੀਰ ਜ਼ਖ਼ਮੀ ਹਾਲਤ ਵਿੱਚ ਗੁਰਦੇਵ ਸਿੰਘ ਨੂੰ ਫ਼ਾਜ਼ਿਲਕਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਹਮਲੇ ਵਿੱਚ ਗੁਰਪ੍ਰੀਤ ਸਿੰਘ ਸਮੇਤ ਦੋ ਵਿਅਕਤੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਅਰਨੀਵਾਲਾ ਦੇ ਐੱਸਐੱਚਓ ਕੁਲਦੀਪ ਕੁਮਾਰ ਪੁਲਿਸ ਟੀਮ ਸਮੇਤ ਹਸਪਤਾਲ ਪਹੁੰਚੇ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਬਿਆਨਾਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।