‘ਮੁਕਸਰੀਆਂ’ ਵੱਲੋਂ ਮੇਲਾ ਮਾਘੀ ਨੂੰ ਟਿਕਟ ਮੁਕਤ ਕਰਨ ਤੇ ਹੋਰ ਸੁਧਾਰਾਂ ਦੀ ਮੰਗ ‘ਮੁਕਸਰੀਆਂ’ ਵੱਲੋਂ ਮੇਲਾ ਮਾਘੀ ਨੂੰ ਟਿਕਟ ਮੁਕਤ ਕਰਨ ਤੇ ਹੋਰ ਸੁਧਾਰਾਂ ਦੀ ਮੰਗ
Publish Date: Mon, 16 Nov 2026 04:27 PM (IST)
Updated Date: Mon, 16 Nov 2026 04:30 PM (IST)
ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਚਾਲੀ ਮੁਕਤਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਇਤਿਹਾਸਕ ਤੇ ਧਾਰਮਿਕ ‘ਮੇਲਾ ਮਾਘੀ’ ਦੌਰਾਨ ਸ਼ਹਿਰ ਵਾਸੀਆਂ ਅਤੇ ਦੂਰ-ਦੁਰਾਡੇ ਤੋਂ ਆਉਣ ਵਾਲੀ ਸੰਗਤ ਨੂੰ ਦਰਵੇਸ਼ ਸਮੱਸਿਆਵਾਂ ਦਾ ਹੱਲ ਕਰਨਾ ਅੱਜ ਦੇ ਸਮੇਂ ਦੀ ਅਹਿਮ ਲੋੜ ਹੈ। ਅੰਮ੍ਰਿਤਪਾਲ ਸਿੰਘ, ਮਾਸਟਰ ਜਸਪਾਲ ਸਿੰਘ, ਗੁਰਸੇਵਕ ਸਿੰਘ ਪ੍ਰੀਤ, ਗੁਰਪ੍ਰੀਤ ਸਿੰਘ ਢਿੱਲੋਂ, ਅਨੁਰਾਗ ਸ਼ਰਮਾ, ਦੀਪਕ ਗਰਗ, ਨਵਦੀਪ ਸੁੱਖੀ, ਅਮਨਦੀਪ ਜੱਸਲ, ਹਰਵਿੰਦਰਪਾਲ, ਸਤਿੰਦਰ ਸਿੰਘ ਮਸੌਣ ਹੋਰਾਂ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਮੇਲਾ ਠੇਕੇ ਉਪਰ ਦਿੱਤਾ ਜਾਂਦਾ ਹੈ। ਠੇਕੇਦਾਰ ਮੇਲੇ ਦੀਆਂ ਚਾਰਦੀਵਾਰੀ ਕਰਕੇ ਅੰਦਰ ਦਾਖਲ ਹੋਣ ਦੀ ਟਿਕਟ ਲਾ ਦਿੰਦਾ ਹੈ, ਜਿਸ ਕਾਰਨ ਗ਼ਰੀਬ ਲੋਕਾਂ ਲਈ ਮੇਲਾ ਦੇਖਣਾ ਹੀ ਮੁਸ਼ਕਲ ਹੋ ਜਾਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਮੇਲੇ ਨੂੰ ਟਿਕਟ ਮੁਕਤ ਕੀਤਾ ਜਾਵੇ। ਇਸਦੇ ਨਾਲ ਹੀ ਉਨ੍ਹਾਂ ਇਹ ਵੀ ਮੰਗ ਕੀਤੀ ਕਿ ਧਾਰਮਿਕ ਮੇਲਾ ਮਹਿਜ਼ ਤਿੰਨ ਦਿਨ ਦਾ ਹੁੰਦਾ ਹੈ ਪਰ ਮੰਨੋਰੰਜਨ ਮੇਲਾ ਤੇ ਮੇਲਾ ਬਜ਼ਾਰ ਕਈ-ਕਈ ਮਹੀਨਿਆਂ ਤੱਕ ਚੱਲਦਾ ਰਹਿੰਦਾ ਹੈ, ਜਿਸ ਕਰਕੇ ਬਜ਼ਾਰ ’ਚ ਬੇਸ਼ੁਮਾਰ ਭੀੜ ਰਹਿੰਦੀ ਹੈ। ਸਮਾਜ ਵਿਰੋਧੀ ਅਨਸਰ ਇਸ ਭੀੜ ’ਚ ਸ਼ਾਮਲ ਹੋ ਕੇ ਔਰਤਾਂ ਲਈ ਪ੍ਰੇਸ਼ਾਨੀ ਖੜ੍ਹੀ ਕਰਦੇ ਹਨ। ਇਸ ਭੀੜ ਕਰਕੇ ਹੀ ਸਕੂਲ ਜਾਣ ਵਾਲੇ ਵਿਦਿਆਰਥੀਆਂ, ਮਰੀਜ਼ਾਂ ਤੇ ਦੁਕਾਨਦਾਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਮੇਲਾ ਸਿਰਫ 15 ਦਿਨਾਂ ਤੱਕ ਸੀਮਿਤ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਸਾਲਾਂ ਤੋਂ ਮਨੋਰੰਜਨ ਮੇਲਾ ਮਲੋਟ ਰੋਡ ’ਤੇ ਲਗਾਇਆ ਜਾ ਰਿਹਾ ਹੈ, ਜੋ ਕਿ ਸ਼ਹਿਰ ਦੀ ਸਭ ਤੋਂ ਵਿਅਸਤ ਸੜਕ ਹੈ। ਇਸ ਸੜਕ ’ਤੇ ਬੇਤਹਾਸ਼ਾ ਭੀੜ ਹੋਣ ਕਾਰਨ ਘੰਟਿਆਂ ਬੱਧੀ ਟ੍ਰੈਫਿਕ ਜਾਮ ਲੱਗਾ ਰਹਿੰਦਾ ਹੈ। ਐਮਰਜੈਂਸੀ ਹਾਲਾਤਾਂ ’ਚ ਐਂਬੂਲੈਂਸਾਂ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦਾ ਲੰਘਣਾ ਵੀ ਮੁਸ਼ਕਲ ਹੋ ਜਾਂਦਾ ਹੈ, ਜੋ ਕਿ ਜਨਤਕ ਸੁਰੱਖਿਆ ਲਈ ਵੱਡਾ ਖ਼ਤਰਾ ਹੈ। ਇਸ ਇਲਾਕੇ ’ਚ ਅਕਾਲੀ ਅਕੈਡਮੀ, ਡੇਰਾ ਭਾਈ ਮਸਤਾਨ ਸਿੰਘ ਸਕੂਲ ਸਮੇਤ ਕਈ ਵਿੱਦਿਅਕ ਅਦਾਰੇ ਹਨ। ਸਕੂਲੀ ਬੱਚਿਆਂ, ਵਿਦਿਆਰਥੀਆਂ, ਦੁਕਾਨਦਾਰਾਂ ਅਤੇ ਬੱਸ ਅੱਡੇ ਵੱਲ ਆਉਣ-ਜਾਣ ਵਾਲੇ ਮੁਸਾਫ਼ਰਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸਦਾ ਢੁਕਵਾਂ ਬਦਲ ਕੋਟਕਪੂਰਾ ਰੋਡ ’ਤੇ ਪੁਰਾਣੀ ਜੇਲ੍ਹ ਵਾਲੀ ਕਰੀਬ 13 ਕਿੱਲੇ (ਏਕੜ) ਸਰਕਾਰੀ ਜ਼ਮੀਨ ਹੈ ਜੋ ਕਿ ਬਿਲਕੁਲ ਖਾਲੀ ਪਈ ਹੈ। ਇਹ ਥਾਂ ਖੁੱਲ੍ਹੀ, ਸੁਰੱਖਿਅਤ ਅਤੇ ਸ਼ਹਿਰ ਦੇ ਮੁੱਖ ਟ੍ਰੈਫਿਕ ਤੋਂ ਹਟਵੀਂ ਹੈ। ਜੇਕਰ ਮਨੋਰੰਜਨ ਮੇਲਾ ਇਸ ਜਗ੍ਹਾ ’ਤੇ ਲਗਾਇਆ ਜਾਵੇ ਤਾਂ ਪਾਰਕਿੰਗ ਦਾ ਵੀ ਪੁਖ਼ਤਾ ਪ੍ਰਬੰਧ ਹੋ ਸਕੇਗਾ ਅਤੇ ਮਲੋਟ ਰੋਡ ’ਤੇ ਲੱਗਣ ਵਾਲੇ ਜਾਮ ਤੋਂ ਪੱਕੀ ਨਿਜਾਤ ਮਿਲੇਗੀ। ਉਨ੍ਹਾਂ ਦੱਸਿਆ ਕਿ ਜਲਦੀ ਹੀ ਸ਼ਹਿਰ ਵਾਸੀਆਂ ਦਾ ਵਫ਼ਦ ਡਿਪਟੀ ਕਮਿਸ਼ਨਰ ਨਾਲ ਹੀ ਬੈਠਕ ਕਰੇਗਾ।