ਮੋਹਨ ਲਾਲ ਵਾਲੀ ਗਲੀ ਬਣੀ ਨਰਕ, 15 ਸਾਲਾਂ ਤੋਂ ਸੀਵਰੇਜ ਦੀ ਮਾਰ ਝੱਲ ਰਹੇ ਲੋਕ ਘਰ ਵੇਚਣ ਲਈ ਮਜਬੂਰ ਮੋਹਨ ਲਾਲ ਵਾਲੀ ਗਲੀ ਬਣੀ ਨਰਕ, 15 ਸਾਲਾਂ ਤੋਂ ਸੀਵਰੇਜ ਦੀ ਮਾਰ ਝੱਲ ਰਹੇ ਲੋਕ ਘਰ ਵੇਚਣ ਲਈ ਮਜਬੂਰ!
Publish Date: Mon, 03 Aug 2026 05:36 PM (IST)
Updated Date: Mon, 03 Aug 2026 05:37 PM (IST)
ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਦੇ ਕਿਸੇ ਸਮੇਂ ਪੋਸ਼ ਏਰੀਆ ਮੰਨੇ ਜਾਂਦੇ ਖੇਤਰ ਦੀ ‘ਮੋਹਨ ਲਾਲ ਵਾਲੀ ਗਲੀ ਨੰਬਰ 3 ਪ੍ਰਸ਼ਾਸਨਿਕ ਅਣਦੇਖੀ ਕਾਰਨ ਸੀਵਰੇਜ ਦੇ ਨਰਕ ’ਚ ਤਬਦੀਲ ਹੋ ਚੁੱਕੀ ਹੈ। ਪਿਛਲੇ 15 ਸਾਲਾਂ ਤੋਂ ਨਿਰੰਤਰ ਖੜ੍ਹੇ ਸੀਵਰੇਜ ਦੇ ਗੰਦੇ ਪਾਣੀ, ਭਿਆਨਕ ਬਦਬੂ ਅਤੇ ਮੱਛਰਾਂ ਦੇ ਪ੍ਰਕੋਪ ਤੋਂ ਤੰਗ ਆ ਕੇ ਇੱਥੋਂ ਦੇ ਵਾਸੀ ਆਪਣੇ ਪੁਰਖਿਆਂ ਦੇ ਘਰ ਵੇਚ ਕੇ ਪ੍ਰਵਾਸ ਕਰਨ ਲਈ ਮਜਬੂਰ ਹੋ ਗਏ ਹਨ। ਦੁਖਦ ਪਹਿਲੂ ਇਹ ਹੈ ਕਿ ਗਲੀ ਦੀ ਖਸਤਾ ਹਾਲਤ ਦੇਖ ਕੇ ਹੁਣ ਕੋਈ ਖਰੀਦਦਾਰ ਇੱਥੇ ਮਕਾਨ ਲੈਣ ਲਈ ਵੀ ਤਿਆਰ ਨਹੀਂ ਹੈ। ਗਲੀ ’ਚ ਹਰ ਵੇਲੇ ਓਵਰਫਲੋਅ ਹੁੰਦਾ ਗੰਦਾ ਪਾਣੀ ਲੋਕਾਂ ਦੀਆਂ ਦਹਿਲੀਜ਼ਾਂ ਲੰਘ ਕੇ ਘਰਾਂ ਦੇ ਅੰਦਰ ਵੜ ਰਿਹਾ ਹੈ, ਜਿਸ ਕਾਰਨ ਸਥਾਨਕ ਨਿਵਾਸੀ ਇਸੇ ਬਦਬੂਦਾਰ ਪਾਣੀ ਵਿੱਚੋਂ ਲੰਘ ਕੇ ਆਉਣ-ਜਾਣ ਲਈ ਮਜਬੂਰ ਹਨ। ਗਲੀ ਵਾਸੀ ਹਰਵਿੰਦਰ ਸਿੰਘ, ਸੁਖਵਿੰਦਰ ਸਿੰਘ, ਅਮਨਦੀਪ ਸਿੰਘ, ਕੁਲਬੀਰ ਸਿੰਘ, ਅਮਨ ਠਾਕੁਰ, ਲਵਲੀ, ਵੀਨਾ ਰਾਣੀ, ਆਸ਼ਾ ਰਾਣੀ, ਪਰਮਜੀਤ ਅਤੇ ਗੌਰਵ ਕੁਮਾਰ ਨੇ ਆਪਣੇ ਦਰਦ ਬਿਆਨ ਕਰਦਿਆਂ ਦੱਸਿਆ ਕਿ ਉਹ ਨਗਰ ਕੌਂਸਲ ਤੋਂ ਲੈ ਕੇ ਜਨ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਬੂਹੇ ਖੜਕਾ-ਖੜਕਾ ਕੇ ਥੱਕ ਚੁੱਕੇ ਹਨ, ਪਰ ਕਿਸੇ ਵੀ ਜ਼ਿੰਮੇਵਾਰ ਅਧਿਕਾਰੀ ਦੇ ਕੰਨ ’ਤੇ ਜੂੰ ਨਹੀਂ ਸਰਕੀ। ਪੀੜਤਾਂ ਨੇ ਦੱਸਿਆ ਕਿ ਦੂਸ਼ਿਤ ਪਾਣੀ ਅਤੇ ਮੱਛਰਾਂ ਦੀ ਭਰਮਾਰ ਕਾਰਨ ਘਰਾਂ ’ਚ ਬੱਚੇ ਲਗਾਤਾਰ ਬਿਮਾਰ ਰਹਿਣ ਲੱਗੇ ਹਨ। ਹਾਲਾਤ ਇਹ ਬਣ ਚੁੱਕੇ ਹਨ ਕਿ ਨਰਕ ਭਰੇ ਮਾਹੌਲ ਕਾਰਨ ਰਿਸ਼ਤੇਦਾਰਾਂ ਅਤੇ ਸਾਕ-ਸੰਬੰਧੀਆਂ ਨੇ ਵੀ ਇੱਥੇ ਆਉਣਾ ਛੱਡ ਦਿੱਤਾ ਹੈ, ਜਿਸ ਨਾਲ ਉਹ ਆਪਣੇ ਆਪ ਨੂੰ ਸਮਾਜ ਨਾਲੋਂ ਕੱਟੇ ਹੋਏ ਮਹਿਸੂਸ ਕਰ ਰਹੇ ਹਨ। ਵਿਭਾਗੀ ਕਾਰਵਾਈ ਤੇ ਰੋਸ ਜਤਾਉਂਦਿਆਂ ਉਨ੍ਹਾਂ ਕਿਹਾ ਕਿ ਜਨ ਸਿਹਤ ਵਿਭਾਗ ਦੇ ਮੁਲਾਜ਼ਮ ਕਦੇ-ਕਦਾਈਂ ਬਾਂਸ ਮਾਰ ਕੇ ਡੰਗ-ਟਪਾਊ ਕੰਮ ਕਰ ਜਾਂਦੇ ਹਨ, ਜਦਕਿ ਮਸਲਾ ਜਿਉਂ ਦਾ ਤਿਉਂ ਖੜ੍ਹਾ ਹੈ। ਉਨ੍ਹਾਂ ਜ਼ੋਰਦਾਰ ਮੰਗ ਕੀਤੀ ਕਿ ਇਸ ਗਲੀ ਵਿੱਚ ਤੁਰੰਤ ਨਵਾਂ ਸੀਵਰੇਜ ਪਾਇਆ ਜਾਵੇ ਤਾਂ ਜੋ ਇਸ ਵਿਕਰਾਲ ਸਮੱਸਿਆ ਦਾ ਸਥਾਈ ਹੱਲ ਹੋ ਸਕੇ। ਇਸ ਸਬੰਧੀ ਜਦੋਂ ਜਨ ਸਿਹਤ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਕੇਵਲ ਗਰਗ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਖੇਤਰ ’ਚ ਨਵੀਂ ਸੀਵਰੇਜ ਪਾਈਪਲਾਈਨ ਵਿਛਾਉਣ ਲਈ ਚਾਰਾਜੋਈ ਕੀਤੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਜਦੋਂ ਤੱਕ ਨਵਾਂ ਪ੍ਰੋਜੈਕਟ ਸਿਰੇ ਨਹੀਂ ਚੜ੍ਹਦਾ, ਉਦੋਂ ਤੱਕ ਆਰਜ਼ੀ ਤੌਰ ਤੇ ਸਫ਼ਾਈ ਕਰਵਾ ਕੇ ਸੀਵਰੇਜ ਦੀ ਨਿਕਾਸੀ ਨੂੰ ਚਾਲੂ ਰੱਖਣ ਦੀਆਂ ਕੜੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।