ਖੇਡਾਂ ਸ਼ਰੀਰ ਨੂੰ ਤੰਦਰੁਸਤ ਤੇ ਮਨ ਨੂੰ ਸ਼ਾਂਤ ਰੱਖਦੀਆਂ : ਵਿਧਾਇਕ ਡਿੰਪੀ ਢਿੱਲੋਂ ਚੌਥਾ ਆਲ ਇੰਡੀਆ ਓਪਨ ਬਾਸਕਿਟਬਾਲ ਟੂਰਨਾਮੈਂਟ ਦਾ ਵਿਧਾਇਕ ਡਿੰਪੀ ਢਿੱਲੋਂ ਨੇ ਕੀਤਾ ਆਗਾਜ਼
Publish Date: Sat, 26 Sep 2026 06:32 PM (IST)
Updated Date: Sat, 26 Sep 2026 06:33 PM (IST)
ਜਗਸੀਰ ਸਿੰਘ ਛੱਤਿਆਣਾ. ਪੰਜਾਬੀ ਜਾਗਰਣ ਗਿੱਦੜਬਾਹਾ ਬਾਬਾ ਗੰਗਾ ਰਾਮ ਬਾਸਕਿਟਬਾਲ ਸਟੇਡੀਅਮ ਗਿੱਦੜਬਾਹਾ ਵਿਖੇ ਚਾਰ ਰੋਜ਼ਾ ਚੌਥਾ ਆਲ ਇੰਡੀਆ ਓਪਨ ਬਾਸਕਿਟਬਾਲ ਟੂਰਨਾਮੈਂਟ (ਲੜਕੇ ਤੇ ਲੜਕੀਆਂ) ਸ਼ੁਰੂ ਹੋ ਗਿਆ ਹੈ। ਇਸ ਟੂਰਨਾਮੈਂਟ ਦਾ ਰਸਮੀ ਉਦਘਾਟਨ ਗਿੱਦੜਬਾਹਾ ਦੇ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਵੱਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਜ਼ਿਲਾ ਬਾਸਕਿਟਬਾਲ ਐਸੋਸੀਏਸ਼ਨ ਦੇ ਸਰਪ੍ਰਸਤ ਅਭੈ ਸਿੰਘ ਢਿੱਲੋਂ, ਪ੍ਰਧਾਨ ਐਡਵੋਕੇਟ ਲਗਨਪ੍ਰੀਤ ਸਿੰਘ ਲਾਲੀ ਮਾਨ, ਮੀਤ ਪ੍ਰਧਾਨ ਕਿਰਨਪਾਲ ਸਿੰਘ ਦੌਲਾ ਸੰਗਠਨ ਇਨਚਾਰਜ ਗਿੱਦੜਬਾਹਾ, ਜਨਰਲ ਸਕੱਤਰ ਜਸਕਰਨ ਸਿੰਘ ਭੁੱਲਰ, ਸ਼ਹਿਰੀ ਇੰਚਾਰਜ ਪੈਵੀ ਢਿੱਲੋਂ, ਬਾਸਕਟਬਾਲ ਕੋਚ ਜਗਸੀਰ ਪੁਰੀ ਏਐਸ ਆਈ, ਨਗਰ ਕੌਂਸਲ ਦੇ ਪ੍ਰਧਾਨ ਗੌਰਵ ਜੈਨ ਚੀਨੂੰ, ਐਡਵੋਕੇਟ ਗੁਰਵਿੰਦਰ ਸਿੰਘ ਢਿੱਲੋਂ, ਐਡਵੋਕੇਟ ਜਗਤਾਰ ਸਿੰਘ ਧਾਲੀਵਾਲ ਅਤੇ ਮਿੰਟੂ ਵਾਲੀਆ ਪ੍ਰਧਾਨ ਸਿਟੀ ਕਲੱਬ ਗਿੱਦੜਬਾਹਾ ਵੀ ਉਚੇਚੇ ਤੌਰ ਤੇ ਮੌਜੂਦ ਸਨ। ਮੁੱਖ ਮਹਿਮਾਨ ਵਿਧਾਇਕ ਡਿੰਪੀ ਢਿੱਲੋਂ ਨੇ ਖਿਡਾਰੀਆਂ ਨਾਲ ਜਾਣ ਪਹਿਚਾਣ ਕਰਨ ਤੋਂ ਬਾਅਦ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਜਿੱਥੇ ਸ਼ਰੀਰ ਨੂੰ ਤੰਦਰੁਸਤ ਰੱਖਦੀਆਂ ਹਨ, ਉਥੇ ਹੀ ਇੰਨਾਂ ਨਾਲ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਹੈ। ਉਨ੍ਹਾਂ ਦੇਸ਼ ਭਰ ਤੋਂ ਪੁੱਜੇ ਖਿਡਾਰੀਆਂ ਨੂੰ ਭਰੋਸਾ ਦਿੱਤਾ ਕਿ ਟੂਰਨਾਮੈਂਟ ਦੌਰਾਨ ਕਿਸੇ ਵੀ ਖਿਡਾਰੀ ਨੂੰ ਕੋਈ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਟੂਰਨਾਮੈਂਟ ਦਾ ਪਹਿਲਾ ਮੁਕਾਬਲਾ ਮੇਜਬਾਨ ਗਿੱਦੜਬਾਹਾ ਤੇ ਆਈਟੀਐੱਮ ਦੀਆਂ ਲੜਕਿਆਂ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ ਜਿਸ ’ਚ ਆਈਟੀਐੱਮ ਦੀ ਟੀਮ ਨੇ 11 ਅੰਕਾਂ ਨਾਲ ਜਿੱਤ ਪ੍ਰਾਪਤ ਕੀਤੀ। ਇਸੇ ਦੂਜੇ ਮੈਚ ਵਿਚ ਯੂਪੀ ਪੁਲਿਸ ਦੀ ਟੀਮ ਨੇ ਲੁਧਿਆਣਾ ਅਕੈਡਮੀ ਦੀ ਟੀਮ ਨੂੰ 7 ਅੰਕਾਂ ਦੇ ਫਰਕ ਨਾਲ ਹਰਾਇਆ ਜਦੋਂਕਿ ਪੁਰਸ਼ ਦੇ ਦਿਨ ਦੇ ਆਖਰੀ ਮੁਕਾਬਲੇ ਵਿਚ ਜਲੰਧਰ ਦੀ ਟੀਮ ਨੇ ਬਿਲਾਸਪੁਰ ਦੀ ਟੀਮ ਨੂੰ 24 ਅੰਕਾਂ ਦੇ ਵੱਡੇ ਫਰਕ ਨਾਲ ਹਰਾਇਆ। ਇਸੇ ਤਰ੍ਹਾਂ ਲੜਕੀਆਂ ਦੇ ਵਰਗ ਵਿਚ ਹੋਏ ਪਹਿਲੇ ਮੁਕਾਬਲੇ ਵਿਚ ਨਾਰਥਨ ਰੇਲਵੇ ਦੀ ਟੀਮ ਨੇ ਐੱਸਐੱਸਬੀ ਦੀ ਟੀਮ ਨੂੰ 21 ਅੰਕਾਂ ਦੇ ਫਰਕ ਨਾਲ ਹਰਾਇਆ ਜਦੋਂਕਿ ਦੂਜੇ ਮੈਚ ਵਿਚ ਨਾਰਥ ਈਸਟ ਰੇਲਵੇ ਦੀ ਟੀਮ ਨੇ ਜੈਨ ਯੂਨੀਵਰਸਿਟੀ ਦੀ ਟੀਮ ਨੂੰ 7 ਅੰਕਾਂ ਦੇ ਫਰਕ ਨਾਲ ਹਰਾ ਦੇ ਮੈਚ ਆਪਣੇ ਨਾਮ ਕੀਤਾ। ਇਸ ਮੌਕੇ ਸਟੇਜ ਦਾ ਸੰਚਾਲਨ ਤਰਸੇਮ ਸਿੰਘ ਡੀਪੀਈ ਵੱਲੋਂ ਬਖੂਬੀ ਕੀਤਾ ਗਿਆ। ਇਸ ਮੌਕੇ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਸੁਨੀਲ ਬਾਂਸਲ, ਮੀਤ ਪ੍ਰਧਾਨ ਮਯੰਕ ਬਾਂਸਲ, ਹਰਵਿੰਦਰ ਸਿੰਘ ਕਾਕਾ, ਰਾਜਵਿੰਦਰ ਸਿੰਘ, ਰਾਜੀਵ ਗਿਲਹੋਤਰਾ ਐਮਡੀ ਦੀ ਕਨੇਡੀਅਨ ਇੰਸਟੀਟਿਊਟ ਗਿੱਦੜਬਾਹਾ , ਜਗਸੀਰ ਸਿੰਘ ਸਰਪੰਚ ਕੋਟਭਾਈ ਤੇ ਯੋਗ ਗੁਰੂ ਮਧੂ ਪੁਰੀ ਆਦਿ ਵੀ ਹਾਜ਼ਰ ਸਨ।