ਅੱਧੀ ਰਾਤ ਗੜਿਆਂ ਦੀ ਮਾਰ, 1500 ਏਕੜ ਝੋਨਾ ਤਬਾਹ! ਕਿਸਾਨਾਂ ਦੀ ਸਰਕਾਰ ਨੂੰ ਗੁਹਾਰ—100% ਮੁਆਵਜ਼ਾ ਦਿਓ ਅਸਮਾਨੀ ਆਫ਼ਤ ਬਣ ਕੇ ਵਰ੍ਹੇ ਗੜਿਆਂ ਨੇ ਕਿਸਾਨਾਂ ਦੀਆਂ ਮਹੀਨਿਆਂ ਦੀ ਮਿਹਨਤ ਪਲਾਂ ਵਿੱਚ ਮਿੱਟੀ ਵਿੱਚ ਮਿਲਾ ਦਿੱਤੀ। ਖੇਤਰ ’ਚ ਡੇਢ ਕਿਲੋਮੀਟਰ ਚੌੜੀ ਅਤੇ ਕਈ ਕਿਲੋਮੀਟਰ ਲੰਮੀ ਪੱਟੀ ਵਿੱਚ ਭਾਰੀ ਗੜੇਮਾਰੀ ਹੋਈ। ਜੋ ਝੋਨਾ ਅਗਲੇ 10 ਦਿਨਾਂ ਵਿੱਚ ਕੱਟਿਆ ਜਾਣਾ ਸੀ, ਉਸ ਦੇ ਦਾਣੇ ਜ਼ਮੀਨ ’ਤੇ ਵਿਛ ਗਏ ਹਨ।
Publish Date: Thu, 15 Oct 2026 12:23 PM (IST)
Updated Date: Thu, 15 Oct 2026 12:28 PM (IST)
ਗੜੇਮਾਰੀ ਨਾਲ ਨੁਕਸਾਨੀ ਗਈ ਝੋਨੇ ਦੀ ਫਸਲ ਬਾਰੇ ਜਾਣਕਾਰੀ ਦਿੰਦੇ ਹੋਏ ਕਿਸਾਨ। ਚੇਤਨ ਭੂਰਾ, ਪੰਜਾਬੀ ਜਾਗਰਣ, ਲੰਬੀ : ਪੰਜਾਬ ’ਚ ਕੁਦਰਤ ਦੀ ਕਰੋਪੀ ਨੇ ਇੱਕ ਵਾਰ ਫਿਰ ਅੰਨਦਾਤੇ ਦੇ ਅਰਮਾਨਾਂ ’ਤੇ ਪਾਣੀ ਫੇਰ ਦਿੱਤਾ ਹੈ। ਬੀਤੀ ਅੱਧੀ ਰਾਤ ਨੂੰ ਆਏ ਤੇਜ਼ ਝੱਖੜ ਤੇ ਭਾਰੀ ਗੜੇਮਾਰੀ ਕਾਰਨ ਪਿੰਡ ਅਬੁਲ ਖੁਰਾਣਾ ਤੇ ਆਸ-ਪਾਸ ਦੇ ਇਲਾਕਿਆਂ ’ਚ ਉਤੋਂ ਪੱਕੀ ਖੜ੍ਹੀ ਝੋਨੇ ਤੇ ਬਾਸਮਤੀ ਦੀ ਫ਼ਸਲ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ। ਕਿਸਾਨਾਂ ਮੁਤਾਬਕ ਕਰੀਬ 1500 ਏਕੜ ਰਕਬੇ ’ਚ 100 ਫ਼ੀਸਦੀ ਨੁਕਸਾਨ ਹੋਇਆ ਹੈ ਤੇ ਮੁੰਜਰਾਂ ’ਚੋਂ ਦਾਣੇ ਝੜ ਕੇ ਸਿਰਫ਼ ਫ਼ੋਕ ਹੀ ਬਚੀ ਹੈ। ਰਾਤ ਕਰੀਬ ਸਾਢੇ ਬਾਰਾਂ ਤੋਂ ਇੱਕ ਵਜੇ ਦੇ ਦਰਮਿਆਨ ਅਸਮਾਨੀ ਆਫ਼ਤ ਬਣ ਕੇ ਵਰ੍ਹੇ ਗੜਿਆਂ ਨੇ ਕਿਸਾਨਾਂ ਦੀਆਂ ਮਹੀਨਿਆਂ ਦੀ ਮਿਹਨਤ ਪਲਾਂ ’ਚ ਮਿੱਟੀ ’ਚ ਮਿਲਾ ਦਿੱਤੀ। ਪਿੰਡ ਅਬੁਲ ਖੁਰਾਣਾ, ਡੱਬਵਾਲੀ ਮਲਕੋ ਕੀ, ਛਾਪਿਆਂਵਾਲੀ ਤੇ ਰੱਥੜੀਆਂ ਦੇ ਖੇਤਰ ’ਚ ਡੇਢ ਕਿਲੋਮੀਟਰ ਚੌੜੀ ਤੇ ਕਈ ਕਿਲੋਮੀਟਰ ਲੰਮੀ ਪੱਟੀ ’ਚ ਭਾਰੀ ਗੜੇਮਾਰੀ ਹੋਈ। ਜੋ ਝੋਨਾ ਅਗਲੇ 10 ਦਿਨਾਂ ’ਚ ਕੱਟਿਆ ਜਾਣਾ ਸੀ, ਉਸ ਦੇ ਦਾਣੇ ਜ਼ਮੀਨ ’ਤੇ ਵਿਛ ਗਏ ਹਨ।
ਕਿਸਾਨ ਹਰਦੀਪ ਸਿੰਘ ਪਿੰਡ ਅਬੁਲ ਖੁਰਾਣਾ ਨੇ ਰਾਤ ਤਕਰੀਬਨ ਸਾਢੇ ਬਾਰਾਂ ਤੋਂ ਇੱਕ ਦੇ ਵਿਚਕਾਰ ਬਹੁਤ ਜ਼ਿਆਦਾ ਗੜੇ ਪਏ ਨੇ। ਤਿੰਨ ਪਿੰਡਾਂ ਦਾ ਰਕਬਾ ਰੱਥੜੀਆਂ, ਅਬੁਲ ਖੁਰਾਣਾ, ਛਾਪਿਆਂਵਾਲੀ ਤੇ ਡੱਬਵਾਲੀ ਮਲਕੋ ਕੀ ਦੇ 1000 ਤੋਂ 1500 ਏਕੜ ਰਕਬੇ ’ਚ 100% ਨੁਕਸਾਨ ਹੋ ਗਿਆ ਹੈ। ਝੋਨੇ ਦੀਆਂ ਮੁੰਜਰਾਂ ’ਚ ਕੁਝ ਨਹੀਂ ਬਚਿਆ, ਸਿਰਫ਼ ਫ਼ੋਕ ਰਹਿ ਗਈ ਹੈ। 10 ਦਿਨਾਂ ਨੂੰ ਝੋਨਾ ਵੱਢਣ ਵਾਲਾ ਸੀ। ਸਾਡੀ ਮੰਗ ਹੈ ਕਿ ਗਿਰਦਾਵਰੀ ਕਰਵਾ ਕੇ ਵੱਧ ਤੋਂ ਵੱਧ ਮੁਆਵਜ਼ਾ ਦਿੱਤਾ ਜਾਵੇ।"
ਕਿਸਾਨਾਂ ਦਾ ਦਰਦ ਇਸ ਗੱਲੋਂ ਹੋਰ ਵੀ ਗੰਭੀਰ ਹੈ ਕਿ ਪਿਛਲੇ ਸਾਲ ਵੀ ਠੀਕ ਇਸੇ ਪੱਟੀ ’ਚ ਨਵੰਬਰ ਮਹੀਨੇ ਗੜੇਮਾਰੀ ਨੇ ਭਾਰੀ ਤਬਾਹੀ ਮਚਾਈ ਸੀ। ਉਸ ਸਮੇਂ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਇਲਾਕੇ ਦੇ ਮੰਤਰੀ ਵੱਲੋਂ ਦੌਰਾ ਕਰਕੇ ਗਿਰਦਾਵਰੀ ਵੀ ਕੀਤੀ ਗਈ ਸੀ, ਪਰ ਕਿਸਾਨਾਂ ਮੁਤਾਬਕ ਅੱਜ ਤੱਕ ਪਿਛਲਾ ਇੱਕ ਰੁਪਿਆ ਵੀ ਮੁਆਵਜ਼ਾ ਨਹੀਂ ਮਿਲਿਆ।
ਕਿਸਾਨ ਸੰਦੀਪ ਸਿੰਘ ਪਿੰਡ ਅਬੁਲ ਖੁਰਾਣਾ ਨੇ ਦੱਸਿਆ ਕਿ ਰਾਤ ਬਾਰਾਂ ਵੱਜ ਕੇ ’ਏਨੇ ਗੜੇ ਆਏ ਕਿ ਦਰੱਖ਼ਤਾਂ ਦੇ ਪੱਤੇ ਤੱਕ ਨਹੀਂ ਬਚੇ। ਪਿਛਲੇ ਸਾਲ ਵੀ ਪਟਵਾਰੀ ਤੇ ਏਡੀਓ ਸਾਹਿਬ ਨੇ ਇੱਕ-ਇੱਕ ਕਿੱਲੇ ਦੀ ਗਿਰਦਾਵਰੀ ਕੀਤੀ ਸੀ, ਖ਼ੁਦ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵੀ ਮੌਕਾ ਦੇਖ ਕੇ ਗਏ ਸੀ, ਪਰ ਕਿਸੇ ਨੂੰ ਇੱਕ ਰੁਪਿਆ ਵੀ ਮੁਆਵਜ਼ਾ ਨਹੀਂ ਮਿਲਿਆ। ਇਸ ਵਾਰ ਫਿਰ ਸਾਡਾ 100 ਫ਼ੀਸਦੀ ਨੁਕਸਾਨ ਹੋ ਗਿਆ ਹੈ। ਪ੍ਰਭਾਵਿਤ ਪਿੰਡਾਂ ਦੇ ਬਿਲਕੁਲ ਨਜ਼ਦੀਕ ਸੂਬੇ ਦੇ ਖੇਤੀਬਾੜੀ ਮੰਤਰੀ ਦਾ ਪਿੰਡ ਖੁੱਡੀਆਂ ਪੈਂਦਾ ਹੈ। ਕਿਸਾਨਾਂ ਨੇ ਖੇਤੀਬਾੜੀ ਮੰਤਰੀ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਬਿਨਾਂ ਦੇਰੀ ਵਿਸ਼ੇਸ਼ ਗਿਰਦਾਵਰੀ ਕਰਵਾਈ ਜਾਵੇ ਤੇ ਪਿਛਲੇ ਸਾਲ ਦੇ ਬਕਾਏ ਸਮੇਤ ਇਸ ਵਾਰ ਦਾ ਬਣਦਾ ਪੂਰਾ ਮੁਆਵਜ਼ਾ ਤੁਰੰਤ ਜਾਰੀ ਕੀਤਾ ਜਾਵੇ ਤਾਂ ਜੋ ਕਰਜ਼ੇ ਦੀ ਮਾਰ ਹੇਠ ਆਏ ਕਿਸਾਨਾਂ ਨੂੰ ਰਾਹਤ ਮਿਲ ਸਕੇ।
ਕਿਸਾਨ ਰਾਜਦੀਪ ਸਿੰਘ ਪਿੰਡ ਅਬੁਲ ਖੁਰਾਣਾ ਨੇ ਕਿਹਾ ਕਿ "ਸਾਡੇ ਪਿੰਡ ਦੇ ਬਿਲਕੁਲ ਨਾਲ ਖੇਤੀਬਾੜੀ ਮੰਤਰੀ ਸਾਹਿਬ ਦਾ ਪਿੰਡ ਖੁੱਡੀਆਂ ਲੱਗਦਾ ਹੈ। ਅਸੀਂ ਮੰਤਰੀ ਸਾਹਿਬ ਤੇ ਸਰਕਾਰ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਸਾਨੂੰ ਪੂਰਾ ਮੁਆਵਜ਼ਾ ਦਿੱਤਾ ਜਾਵੇ, ਕਿਉਂਕਿ ਪਿਛਲੇ ਸਾਲ ਵੀ 100% ਨੁਕਸਾਨ ਦਾ ਕੋਈ ਮੁਆਵਜ਼ਾ ਨਹੀਂ ਮਿਲਿਆ ਸੀ ਤੇ ਇਸ ਵਾਰ ਵੀ ਫ਼ਸਲਾਂ ਪੂਰੀ ਤਰ੍ਹਾਂ ਬਰਬਾਦ ਹੋ ਗਈਆਂ ਹਨ।"ਲਗਾਤਾਰ ਦੂਜੇ ਸਾਲ ਕੁਦਰਤ ਦੀ ਮਾਰ ਝੱਲ ਰਹੇ ਇਨ੍ਹਾਂ ਸਰਹੱਦੀ ਇਲਾਕਿਆਂ ਦੇ ਕਿਸਾਨ ਹੁਣ ਪੂਰੀ ਤਰ੍ਹਾਂ ਬੇਵੱਸ ਨਜ਼ਰ ਆ ਰਹੇ ਹਨ। ਦੇਖਣਾ ਹੋਵੇਗਾ ਕਿ ਸਰਕਾਰ ਤੇ ਪ੍ਰਸ਼ਾਸਨ ਇਨ੍ਹਾਂ ਪੀੜਤ ਕਿਸਾਨਾਂ ਦੀ ਸਾਰ ਕਦੋਂ ਲੈਂਦਾ ਹੈ।