ਜਲਾਲਾਬਾਦ ਰੋਡ ਫਾਟਕ ਹੇਠਾਂ ਲਾਂਘਾ ਖੋਲਣ ਸਬੰਧੀ ਡੀਸੀ ਨੂੰ ਦਿੱਤਾ ਮੰਗ ਪੱਤਰ ਜਲਾਲਾਬਾਦ ਰੋਡ ਫਾਟਕ ਹੇਠਾਂ ਲਾਂਘਾ ਖੋਲਣ ਸਬੰਧੀ ਦਿੱਤਾ ਡੀਸੀ ਨੂੰ ਮੰਗ ਪੱਤਰ
Publish Date: Tue, 21 Jul 2026 04:02 PM (IST)
Updated Date: Tue, 21 Jul 2026 04:04 PM (IST)
ਪੰਜਾਬੀ ਜਾਗਰਣ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਜਲਾਲਾਬਾਦ ਰੋਡ ਸਥਿਤ ਬੀ/30 ਰੇਲਵੇ ਫਾਟਕ ਸਥਾਈ ਤੌਰ ’ਤੇ ਬੰਦ ਹੋਣ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਝੱਲਣੀਆਂ ਪੈ ਰਹੀਆਂ ਨੇ। ਇਸੇ ਸਮੱਸਿਆ ਨੂੰ ਲੈ ਕੇ ਸੋਮਵਾਰ ਨੂੰ ਫਾਟਕ ਪਾਰ ਦੁਕਾਨਦਾਰਾਂ ਨੇ ਡੀਸੀ ਦਫਤਰ ਵਿਖੇ ਪਹੁੰਚ ਕੇ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਨੂੰ ਮੰਗ ਪੱਤਰ ਦਿੱਤਾ। ਇਸ ਮੌਕੇ ਦੁਕਾਨਦਾਰਾਂ ਨੇ ਡੀਸੀ ਨੂੰ ਇਸ ਗੰਭੀਰ ਸਮੱਸਿਆ ਦਾ ਹਲ ਕਰਨ ਦੀ ਮੰਗ ਕਰਦਿਆਂ ਦੱਸਿਆ ਕਿ ਜਲਾਲਾਬਾਦ ਰੋਡ ਤੇ ਸਥਿਤ ਬੀ/30 ਰੇਲਵੇ ਫਾਟਕ ਨੂੰ ਰੇਲਵੇ ਓਵਰਬ੍ਰਿਜ ਬਣਨ ਤੋਂ ਬਾਅਦ ਸਥਾਈ ਤੌਰ ਤੇ ਬੰਦ ਕਰ ਦਿੱਤਾ ਗਿਆ ਹੈ। ਇਸ ਕਾਰਨ ਹਜ਼ਾਰਾਂ ਲੋਕਾਂ ਨੂੰ ਹਰ ਰੋਜ਼ ਬੇਹੱਦ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਰਸਤਾ ਪਿਛਲੇ ਲਗਭਗ 300 ਸਾਲਾਂ ਤੋਂ ਇਤਿਹਾਸਕ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਗੁਰਦੁਆਰਾ ਟਿੱਬੀ ਸਾਹਿਬ ਅਤੇ ਹੋਰ ਧਾਰਮਿਕ ਅਸਥਾਨਾਂ ਨੂੰ ਜਾਣ ਵਾਲੀ ਸੰਗਤ ਦਾ ਮੁੱਖ ਮਾਰਗ ਰਿਹਾ ਹੈ। ਹਰ ਸਾਲ ਮਾਘੀ ਮੇਲੇ ਦੌਰਾਨ ਵੀ ਲੱਖਾਂ ਸ਼ਰਧਾਲੂ ਇਸੇ ਰਸਤੇ ਰਾਹੀਂ ਆਉਂਦੇ-ਜਾਂਦੇ ਰਹੇ ਹਨ। ਫਾਟਕ ਬੰਦ ਹੋਣ ਕਾਰਨ 400 ਤੋਂ ਵੱਧ ਦੁਕਾਨਾਂ ਦੇ ਵਪਾਰ ’ਤੇ ਬੁਰਾ ਅਸਰ ਪਿਆ ਹੈ। ਵਿਦਿਆਰਥੀਆਂ, ਬਜ਼ੁਰਗਾਂ, ਮਰੀਜ਼ਾਂ, ਮਹਿਲਾਵਾਂ ਅਤੇ ਆਮ ਲੋਕਾਂ ਨੂੰ ਕਈ ਕਿਲੋਮੀਟਰ ਦਾ ਵਾਧੂ ਚੱਕਰ ਲਗਾ ਕੇ ਆਪਣੀ ਮੰਜ਼ਿਲ ਤੱਕ ਪਹੁੰਚਣਾ ਪੈਂਦਾ ਹੈ, ਜਿਸ ਨਾਲ ਸਮੇਂ, ਪੈਸੇ ਅਤੇ ਇੰਧਨ ਦੀ ਬੇਲੋੜੀ ਬਰਬਾਦੀ ਹੋ ਰਹੀ ਹੈ। ਰੇਲਵੇ ਵੱਲੋਂ ਪੈਦਲ ਯਾਤਰੀਆਂ ਲਈ ਬਣਾਈਆਂ ਗਈਆਂ ਸੀੜੀਆਂ ਬਹੁਤ ਉੱਚੀਆਂ ਅਤੇ ਲੰਬੀਆਂ ਹਨ। ਗੋਡਿਆਂ ਦੇ ਦਰਦ, ਉੱਚ ਰਕਤਚਾਪ (ਬਲੱਡ ਪ੍ਰੈਸ਼ਰ), ਦਿਲ ਦੀਆਂ ਬਿਮਾਰੀਆਂ ਅਤੇ ਹੋਰ ਸਰੀਰਕ ਸਮੱਸਿਆਵਾਂ ਨਾਲ ਪੀੜਤ ਬਜ਼ੁਰਗਾਂ ਲਈ ਇਹ ਸੀੜੀਆਂ ਚੜ੍ਹਨਾ ਬਹੁਤ ਔਖਾ ਹੈ। ਇਸੇ ਤਰ੍ਹਾਂ ਛੋਟੇ ਬੱਚਿਆਂ, ਦਿਵਿਆਂਗ ਵਿਅਕਤੀਆਂ ਅਤੇ ਗਰਭਵਤੀ ਮਹਿਲਾਵਾਂ ਨੂੰ ਵੀ ਬਹੁਤ ਜ਼ਿਆਦਾ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਡੀਸੀ ਤੋਂ ਮੰਗ ਕੀਤੀ ਕਿ ਇਸ ਜਨਹਿਤ ਦੇ ਮੁੱਦੇ ’ਚ ਨਿੱਜੀ ਦਿਲਚਸਪੀ ਲੈਂਦੇ ਹੋਏ ਰੇਲਵੇ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਇਸ ਸਥਾਨ ’ਤੇ ਰੋਡ ਅੰਡਰ ਬ੍ਰਿਜ, ਸਬਵੇ ਜਾਂ ਆਮ ਲੋਕਾਂ ਲਈ ਕੋਈ ਹੋਰ ਸੁਰੱਖਿਅਤ ਅਤੇ ਸੁਵਿਧਾਜਨਕ ਆਵਾਜਾਈ ਦਾ ਰਸਤਾ ਜਲਦ ਤੋਂ ਜਲਦ ਮਨਜ਼ੂਰ ਕਰਵਾਉਣ ਲਈ ਲੋੜੀਂਦੀ ਕਾਰਵਾਈ ਕੀਤੀ ਜਾਵੇ। ਇਸ ਮੌਕੇ ਅਜੇ ਲੂਣਾ, ਅੰਕੁਸ਼ ਤੇਰੀਆ, ਸੁਰਿੰਦਰ ਦਾਬਡ਼ਾ, ਵਿਜੇ ਚੁੱਘ, ਡਿੰਪਲ ਜੈਨ, ਗੁਰਮੀਤ ਸਿੰਘ, ਵਿੱਕੀ ਸੇਤੀਆ, ਮਹੇਸ਼ ਕੁਮਾਰ, ਕ੍ਰਿਸ਼ਨ ਲਾਲ ਸਮੇਤ ਵੱਡੀ ਗਿਣਤੀ ਚ ਜਲਾਲਾਬਾਦ ਰੋਡ ਫਾਟਕ ਨੇਡ਼ਲੇ ਦੁਕਾਨਦਾਰ ਮੌਜੂਦ ਸਨ। ਛਾਉਣੀ ਨਿਹੰਗ ਸਿੰਘਾਂ ਦਲ ਬਾਬਾ ਬਿਧੀ ਚੰਦ, ਡੇਰਾ ਟਿੱਬੀ ਸਾਹਿਬ ਨੇ ਵੀ ਦਿੱਤਾ ਮੰਗ ਪੱਤਰ ਓਧਰ ਛਾਉਣੀ ਨਿਹੰਗ ਸਿੰਘਾਂ ਦਲ ਬਾਬਾ ਬਿਧੀ ਚੰਦ ਡੇਰਾ ਟਿੱਬੀ ਸਾਹਿਬ ਸ੍ਰੀ ਮੁਕਤਸਰ ਸਾਹਿਬ ਨੇ ਵੀ ਪ੍ਰਸ਼ਾਸਨ ਨੂੰ ਇਸ ਮਸਲੇ ਨੂੰ ਲੈ ਕੇ ਰੇਲ ਮੰਤਰੀ ਦੇ ਨਾਮ ਸੰਬੋਧਤ ਮੰਗ ਪੱਤਰ ਸੌਂਪਿਆ। ਸੇਵਾਦਾਰ ਦਾਸ ਗੁਰਦੇਵ ਸਿੰਘ ਤੇ ਹੋਰ ਨਿਹੰਗ ਸਿੰਘਾਂ ਨੇ ਕਿਹਾ ਕਿ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਤਾਈਂ ਸਿੱਧਾ ਰਸਤਾ ਇਹੀ ਹੀ ਹੈ, ਜੋ ਸਾਨੂੰ ਮਿਲਾਉਂਦਾ ਹੈ। ਮਾਘੀ ਦੇ ਪਾਵਨ ਦਿਹਾੜੇ ਤੇ ਬਹੁਤ ਭਾਰੀ ਇਕੱਠ ਵਿੱਚ ਸੰਗਤਾਂ ਛਾਉਣੀ ਬਾਬਾ ਬਿਧੀ ਚੰਦ ਸਾਹਿਬ ਵਿਖੇ ਪਹੁੰਚਦੀਆਂ ਹਨ। ਨਗਰ ਕੀਰਤਨ ਵੀ ਸਤਿਗੁਰਾਂ ਦੀ ਉਸਤਤੀ ਵਿਚ ਕੱਢੇ ਜਾਂਦੇ ਹਨ। ਸੰਤ ਸੰਗਤਾਂ ਅਤੇ ਨਗਰ ਕੀਰਤਨ ਵਾਲੇ ਪ੍ਰਬੰਧਕਾਂ ਨੂੰ ਰਾਹ ਸਿੱਧਾ ਨਾ ਮਿਲਣ ਤੇ ਬਹੁਤ ਮੁਸ਼ਕਿਲ ਆਉਂਦੀ ਹੈ। ਨਿਹੰਗ ਸਿੰਘਾਂ ਵੱਲੋਂ ਜੋ 15 ਜਨਵਰੀ ਨੂੰ ਮਹੱਲੇ ਕੱਢੇ ਜਾਂਦੇ ਹਨ ਤੇ ਇਸ ਦੌਰਾਨ ਘੋੜਿਆਂ ਅਤੇ ਹਾਥੀਆਂ ਨੂੰ ਲੰਘਣ ਲਈ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਇਹ ਜੋ ਪੁਲ ਥੱਲੇ ਫਾਟਕ ਹੈ ਇਸਨੂੰ ਖੋਲਿਆ ਜਾਵੇ, ਤਾਂ ਜੋ ਸੰਗਤ ਨੂੰ ਪ੍ਰੇਸ਼ਾਨੀ ਨਾ ਆਵੇ।