- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਧਿਆਪਕ ਜਥੇਬੰਦੀਆਂ ਵੱਲੋਂ ਮੁੱਖ ਮੰਤਰੀ ਤੇ ਡਾਇਰੈਕਟਰ ਦੇ ਨਾਂ ਦਿੱਤਾ ਮੰਗ ਪੱਤਰ

ਪੰਜਾਬੀ ਜਾਗਰਣ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਨੇ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਤੋਂ ਲਏ ਜਾ ਰਹੇ ਸਮੂਹ ਗੈਰ-ਵਿਦਿਅਕ ਕੰਮ ਬੰਦ ਕਰਨ ਅਤੇ ਆਪਣੀਆਂ ਹੱਕੀ ਮੰਗਾਂ ਦੇ ਹੱਲ ਲਈ ਇੱਕ ਅਹਿਮ ਮੰਗ ਪੱਤਰ ਡੀਟੀਐੱਫ ਦੇ ਪਵਨ ਕੁਮਾਰ, ਜੀਟੀਯੂ ਦੇ ਮਨੋਹਰ ਲਾਲ ਸ਼ਰਮਾ, ਜੀਟੀਯੂ (ਵਿਗਿਆਨਕ) ਦੇ ਪਰਗਟ ਸਿੰਘ ਜੰਬਰ ਅਤੇ ਅਧਿਆਪਕ ਦਲ ਦੇ ਅਮਰਜੀਤ ਸਿੰਘ ਦੀ ਸਾਂਝੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਨੂੰ ਸੌਂਪਿਆ ਗਿਆ। ਜਥੇਬੰਦੀਆਂ ਦੇ ਆਗੂਆਂ ਨੇ ਇਹ ਮੰਗ ਪੱਤਰ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ. ਅਤੇ ਸੈ.ਸਿ.) ਦੇ ਨੁਮਾਇੰਦੇ ਰਾਜਿੰਦਰ ਕੁਮਾਰ ਸੋਨੀ ਰਾਹੀਂ ਡਾਇਰੈਕਟਰ ਸਕੂਲ ਸਿੱਖਿਆ (ਐ.ਸਿ. ਅਤੇ ਸੈ.ਸਿ.) ਪੰਜਾਬ ਦੇ ਨਾਂ ਅਤੇ ਐੱਸਡੀਐੱਮ ਸ੍ਰੀ ਮੁਕਤਸਰ ਸਾਹਿਬ ਕਿਰਨਦੀਪ ਸਿੰਘ ਰਾਹੀਂ ਮੁੱਖ ਮੰਤਰੀ ਪੰਜਾਬ ਦੇ ਨਾਂ ਭੇਜਿਆ। ਆਗੂਆਂ ਨੇ ਦੱਸਿਆ ਕਿ ਅਧਿਆਪਕਾਂ ਸਿਰ ਪਾਏ ਗਏ ਗੈਰ-ਵਿਦਿਅਕ ਕੰਮਾਂ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਮੰਗ ਪੱਤਰ ਰਾਹੀਂ ਮੰਗ ਕੀਤੀ ਗਈ ਕਿ ਵਿਦਿਆਰਥੀਆਂ ਦੀ ਪੜ੍ਹਾਈ ’ਚ ਰੁਕਾਵਟ ਬਣ ਰਹੇ ਹਰ ਤਰ੍ਹਾਂ ਦੇ ਗੈਰ-ਵਿੱਦਿਅਕ ਕੰਮ ਤੁਰੰਤ ਬੰਦ ਕੀਤੇ ਜਾਣ। ਬੇਲੋੜੀਆਂ ਡਾਕਾਂ (ਰਿਪੋਰਟਾਂ) ਮੰਗਵਾਉਣੀਆਂ ਬੰਦ ਕੀਤੀਆਂ ਜਾਣ। ਬੱਚਿਆਂ ਦੀਆਂ ਸਕੂਲੀ ਖੇਡਾਂ ਲਈ ਖੇਡ ਫੰਡ ਜਾਰੀ ਕੀਤੇ ਜਾਣ ਅਤੇ ‘ਖੇਡਾਂ ਵਤਨ ਪੰਜਾਬ ਦੀਆਂ’ ’ਚ ਸਕੂਲੀ ਵਿਦਿਆਰਥੀਆਂ ਦੀ ਜਬਰੀ ਰਜਿਸਟ੍ਰੇਸ਼ਨ ਬੰਦ ਹੋਵੇ। ਸਕੂਲਾਂ ਦੀ ਸਫ਼ਾਈ ਲਈ ਸਫ਼ਾਈ ਸੇਵਕਾਂ ਦੀ ਨਿਯੁਕਤੀ ਕੀਤੀ ਜਾਵੇ। ਪਿਛਲੇ ਪੰਜ ਮਹੀਨਿਆਂ ਤੋਂ ਮਿਡ-ਡੇ-ਮੀਲ ਲਈ ਅਧਿਆਪਕਾਂ ਵੱਲੋਂ ਆਪਣੇ ਕੋਲੋਂ ਕੀਤੇ ਖਰਚੇ ਦਾ ਤੁਰੰਤ ਭੁਗਤਾਨ ਕੀਤਾ ਜਾਵੇ।ਐੱਸਐੱਮਸੀ ਕਮੇਟੀਆਂ ਰਾਹੀਂ ਸਰਕਾਰ ਦੀਆਂ ਗੈਰ-ਵਿਦਿਅਕ ਸਕੀਮਾਂ ਦਾ ਪ੍ਰਚਾਰ ਬੰਦ ਕਰਵਾਇਆ ਜਾਵੇ। ਅਧਿਆਪਕਾਂ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ। ਜਥੇਬੰਦੀਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਇੱਕ ਹਫ਼ਤੇ ਦੇ ਵਿੱਚ-ਵਿੱਚ ਇਨ੍ਹਾਂ ਮੰਗਾਂ ਦਾ ਕੋਈ ਠੋਸ ਹੱਲ ਨਾ ਕੱਢਿਆ ਗਿਆ, ਤਾਂ ਪੰਜਾਬ ਦੇ ਸਮੂਹ ਅਧਿਆਪਕ ਉਪਰੋਕਤ ਕੰਮਾਂ ਦਾ ਮੁਕੰਮਲ ਬਾਈਕਾਟ ਕਰਨਗੇ ਅਤੇ ਅਧਿਆਪਕ ਸਿਰਫ਼ ਬੱਚਿਆਂ ਨੂੰ ਪੜ੍ਹਾਉਣ ਦਾ ਹੀ ਕੰਮ ਕਰਨਗੇ। ਇਸ ਦੇ ਨਾਲ ਹੀ ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਅਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਦੀ ਸਾਂਝੀ ਤਾਲਮੇਲ ਕਮੇਟੀ ਵੱਲੋਂ ਸੰਘਰਸ਼ ਲਈ ਐਲਾਨੇ ਗਏ ਹਰ ਐਕਸ਼ਨ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਵਿੰਦਰ ਸਿੰਘ, ਸੁਰਿੰਦਰ ਕੁਮਾਰ, ਕੰਵਲਜੀਤ ਪਾਲ, ਪਰਮਜੀਤ ਸਿੰਘ, ਬਲਦੇਵ ਸਿੰਘ, ਅਮਨਦੀਪ ਸਿੰਘ, ਸੁਮੇਸ਼ ਕੁਮਾਰ, ਅਜੀਤ ਪਾਲ ਸਿੰਘ, ਨਰੇਸ਼ ਕੁਮਾਰ, ਪਰਗਟ ਸਿੰਘ, ਜਸਵਿੰਦਰ ਸਿੰਘ ਅਤੇ ਵੱਡੀ ਗਿਣਤੀ ’ਚ ਹੋਰ ਅਧਿਆਪਕ ਸਾਥੀ ਹਾਜ਼ਰ ਸਨ।