ਮੇਲਾ ਮਾਘੀ ਠੇਕੇਦਾਰਾਂ ਵੱਲੋਂ ਵੀ ਮੇਲਾ ਟਿਕਟ ਮੁਕਤ ਕਰਨ ਤੇ ਸਮਾਂ ਘਟਾਉਣ ਦੀ ਮੰਗ ਮੇਲਾ ਮਾਘੀ ਠੇਕੇਦਾਰਾਂ ਵੱਲੋਂ ਵੀ ਮੇਲਾ ਟਿਕਟ ਮੁਕਤ ਕਰਨ ਤੇ ਸਮਾਂ ਘਟਾਉਣ ਦੀ ਮੰਗ
Publish Date: Sat, 21 Nov 2026 06:58 PM (IST)
Updated Date: Sun, 22 Nov 2026 04:05 AM (IST)
-ਮੇਲਾ ਕੋਟਕਪੂਰਾ ਰੋਡ ਜੇਲ੍ਹ ਵਾਲੀ ਥਾਂ ਸ਼ਿਫਟ ਕਰਨਾ ਫਾਇਦੇ ਮੰਦ : ਠੇਕੇਦਾਰ -ਪ੍ਰਸ਼ਾਸਨ ਮੇਲੇ ਦੀ ਘੱਟੋ-ਘੱਟ ਬੋਲੀ ਘਟਾਵੇ ਤਾਂ ਹੀ ਮੇਲਾ ਸਸਤਾ ਹੋ ਸਕਦਾ ਹੈ : ਠੇਕੇਦਾਰ ਸੁਖਦੀਪ ਸਿੰਘ ਗਿੱਲ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਸ਼ਹਿਰ ਵਾਸੀਆਂ, ਲੇਖਕਾਂ, ਬੁੱਧੀਜੀਵੀਆਂ, ਸਮਾਜ ਸੇਵੀਆਂ ਅਤੇ ਦੁਕਾਨਦਾਰਾਂ ਵੱਲੋਂ ਮੇਲਾ ਮਾਘੀ ਨੂੰ ਟਿਕਟ ਮੁਕਤ ਕਰਨ, ਇਸਦਾ ਸਮਾਂ ਘਟਾਉਣ ਅਤੇ ਮੇਲਾ ਕੋਟਕਪੂਰਾ ਰੋਡ, ਜੇਲ੍ਹ ਵਾਲੀ ਥਾਂ ’ਤੇ ਤਬਦੀਲ ਕਰਨ ਦੀ ਕੀਤੀ ਜਾ ਰਹੀ ਮੰਗ ਨੂੰ ਉਸ ਵੇਲੇ ਹੋਰ ਬਲ ਮਿਲਿਆ ਜਦੋਂ ਮੇਲਾ ਲੈਣ ਵਾਲੇ ਠੇਕੇਦਾਰਾਂ ਨੇ ਵੀ ਇਸਦਾ ਸਮਰਥਨ ਕਰ ਦਿੱਤਾ। ਠੇਕੇਦਾਰ ਸੰਨ੍ਹੀ, ਅੰਕੁਸ਼ ਸੇਠੀ ਅਤੇ ਰਨਧੀਰ ਬਾਂਸਲ, ਪ੍ਰਵੀਨ ਕੁਮਾਰ ਦਿੱਲੀ ਹੋਰਾਂ ਨੇ ਦੱਸਿਆ ਕਿ ਠੇਕੇਦਾਰਾਂ ਦੀ ਮਨਸ਼ਾ ਮੇਲੇ ਨੂੰ ਖੂਬਸੂਰਤ ਬਣਾਉਣਾ ਹੈ ਇਸ ਲਈ ਜੇਕਰ ਟਿਕਟ ਖਤਮ ਹੋਵੇਗੀ ਤਾਂ ਗਰੀਬ ਆਦਮੀ ਵੀ ਖੁਸ਼ੀ-ਖੁਸ਼ੀ ਮੇਲਾ ਵੇਖਣ ਆਵੇਗਾ। ਜੇਕਰ ਟਿਕਟ ਲੱਗੀ ਹੋਵੇ ਤਾਂ ਬਹੁਤੇ ਲੋਕ ਬਾਹਰੋਂ ਹੀ ਮੁੜ ਜਾਂਦੇ ਹਨ ਜਿਸ ਕਰਕੇ ਉਨ੍ਹਾਂ ਨੂੰ ਸਗੋਂ ਘਾਟਾ ਪੈਂਦਾ ਹੈ। ਪਰ ਟਿਕਟ ਇਸ ਕਰਕੇ ਲਾਉਣੀ ਪੈਂਦੀ ਹੈ ਕਿ ਪ੍ਰਸ਼ਾਸਨ ਮੇਲੇ ਦੀ ਘੱਟੋ-ਘੱਟ ਕੀਮਤ ਬਹੁਤ ਜ਼ਿਆਦਾ ਰੱਖਦਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਵਰ੍ਹੇ ਬੋਲੀ ਦੀ ਸਰਕਾਰੀ ਕੀਮਤ 1 ਕ੍ਰੋੜ 11 ਲੱਖ ਸੀ ਤੇ ਠੇਕਾ 1 ਕ੍ਰੋੜ 31 ਲੱਖ ਵਿੱਚ ਹੋਇਆ ਸੀ। ਇਸੇ ਤਰ੍ਹਾਂ ਮੇਲੇ ਦਾ ਸਮਾਂ ਜਿੰਨ੍ਹਾਂ ਘੱਟ ਹੋਵੇ ਠੇਕੇਦਾਰਾਂ ਲਈ ਉਨ੍ਹਾਂ ਹੀ ਫਾਇਦੇਮੰਦ ਹੈ, ਕਿਉਂਕੇ ਲੋਕ ਛੇਤੀ ਮੇਲਾ ਵੇਖ ਜਾਣਗੇ। ਇਸ ਲਈ ਸਰਕਾਰ ਅਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਮੇਲਾ ਜਨਵਰੀ ਮਹੀਨੇ ਤੱਕ ਹੀ ਰੱਖਿਆ ਜਾਵੇ। ਪਿਛਲੇ ਸਾਲਾਂ ’ਚ ਮੇਲਾ 28 ਫਰਵਰੀ ਤੱਕ ਲਾਇਆ ਜਾਂਦਾ ਸੀ ਜੋ ਕਿ ਸ਼ਹਿਰ ਵਾਸੀਆਂ ਲਈ ਮੁਸੀਬਤ ਬਣਦਾ ਹੈ ਅਤੇ ਠੇਕੇਦਾਰਾਂ ਨੂੰ ਨੁਕਸਾਨ ਹੁੰਦਾ ਹੈ। ਉਨ੍ਹਾਂ ਇਸ ਗੱਲ ’ਤੇ ਵੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਕਿ ਜੇਕਰ ਮੇਲਾ ਕੋਟਕਪੂਰਾ ਰੋਡ ਪੁਰਾਣੀ ਜੇਲ੍ਹ ਵਾਲੀ ਜਗ੍ਹਾ ’ਤੇ ਤਬਦੀਲ ਹੋ ਜਾਵੇ ਤਾਂ ਬਹੁਤ ਅੱਛੀ ਗੱਲ ਹੈ ਕਿਉਂਕਿ ਇਹ ਜਗ੍ਹਾ ਮਲੋਟ ਰੋਡ ਵਾਲੀ ਜਗ੍ਹਾ ਨਾਲੋਂ ਕਰੀਬ ਤਿੰਨ ਗੁਣਾ ਵੱਡੀ ਅਤੇ ਉਚੀ ਹੈ। ਮਲੋਟ ਰੋਡ ਵਾਲੀ ਮੇਲੇ ਵਾਲੀ ਜਗ੍ਹਾ ’ਤੇ ਬਾਰਸ਼ਾਂ ਦੌਰਾਨ ਸਾਰੀ ਸੜਕ ਦਾ ਪਾਣੀ ਇਕੱਠਾ ਹੋ ਜਾਂਦਾ ਹੈ ਜਿਸ ਕਰਕੇ ਠੇਕੇਦਾਰਾਂ ਨੂੰ ਘਾਟਾ ਸਹਿਣਾ ਪੈਂਦਾ ਹੈ ਅਤੇ ਕਈ-ਕਈ ਦਿਨ ਮੇਲਾ ਨਹੀਂ ਲੱਗਦਾ। ਮੇਲਾ ਵੇਖਣ ਵਾਲੇ ਵੀ ਪ੍ਰੇਸ਼ਾਨ ਹੁੰਦੇ ਹਨ। ਠੇਕੇਦਾਰਾਂ ਨੂੰ ਮੇਲੇ ਦੀ ਮਿਆਦ ਵਧਾਉਣੀ ਪੈਂਦੀ ਹੈ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਹੈ ਕਿ ਜੇਕਰ ਮੇਲਾ ਕੋਟਕਪੂਰਾ ਰੋਡ ’ਤੇ ਤਬਦੀਲ ਹੋ ਜਾਂਦਾ ਹੈ ਤਾਂ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਜਾਂਦਾ ਹੈ। -ਮਾਮਲਾ ਡੀਸੀ ਸਾਹਿਬ ਦੇ ਧਿਆਨ ’ਚ : ਰੈਡ ਕਰਾਸ ਸਕੱਤਰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਦੇ ਸਕੱਤਰ ਜਗਮੋਹਨ ਸਿੰਘ ਨੇ ਦੱਸਿਆ ਕਿ ਲੋਕਾਂ ਵੱਲੋਂ ਮੇਲਾ ਮਾਘੀ ਕੋਟਕਪੂਰਾ ਰੋਡ ’ਤੇ ਤਬਦੀਲ ਕਰਨ, ਟਿਕਟ ਮੁਕਤ ਕਰਨ ਅਤੇ ਸਮਾਂ ਘਟਾਉਣ ਦੀ ਕੀਤੀ ਜਾ ਰਹੀ ਮੰਗ ਸਬੰਧੀ ਸਾਰਾ ਮਾਮਲਾ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਪੰਚਾਲ ਹੋਰਾਂ ਦੇ ਧਿਆਨ ਸਿੰਘ ਲਿਆ ਦਿੱਤਾ ਹੈ। ਉਨ੍ਹਾਂ ਵੱਲੋਂ ਇਹ ਸਾਰੀਆਂ ਮੰਗਾਂ ਮੇਲਾ ਮਾਘੀ ਦੀ ਹੋਣ ਵਾਲੀ ਬੈਠਕ ਵਿੱਚ ਲੋਕਾਂ ਦੀ ਮੰਗ ਨੂੰ ਧਿਆਨ ’ਚ ਰੱਖਦਿਆਂ ਵਿਚਾਰੀਆਂ ਜਾਣਗੀਆਂ। -ਨਗਰ ਕੌਂਸਲ ਵੱਲੋਂ ਮੇਲੇ ਦਾ ਖਰਚਾ ਦੇਣ ਤੋਂ ਨਾਂਹ ਨਗਰ ਕੌਂਸਲ ਵੱਲੋਂ ਮੇਲਾ ਮਾਘੀ ਦੌਰਾਨ ਕਿਸੇ ਤਰ੍ਹਾਂ ਦਾ ਖਰਚਾ ਦੇਣ ਤੋਂ ਨਾਂਹ ਕਰ ਦਿੱਤੀ ਹੈ। ਇਸ ਸਬੰਧ ’ਚ ਬੀਤੇ ਦਿਨੀ ਹੋਈ ਬੈਠਕ ਦੌਰਾਨ ਸਾਰੇ ਮੈਂਬਰਾਂ ਵੱਲੋਂ ਸਰਵਸੰਮਤੀ ਨਾਲ ਮਤਾ ਲੜੀ ਨੰਬਰ 22 ਟੈਂਡਰ ਮੇਲਾ ਮਾਘੀ 2027, ਸਬੰਧੀ ਪਾਸ ਕੀਤਾ ਕਿ ਮੇਲਾ ਮਾਘੀ ਦੇ ਸਮਾਗਮ ਤੋਂ ਜੋ ਆਮਦਨ ਪ੍ਰਾਪਤ ਹੁੰਦੀ ਹੈ ਉਹ ਸਾਰੀ ਰੈਡ ਕਰਾਸ ਸੁਸਾਇਟੀ ਨੂੰ ਪ੍ਰਾਪਤ ਹੁੰਦੀ ਹੈ। ਇਸ ਲਈ ਮੇਲੇ ਦਾ ਕੰਮ ਰੈੱਡ ਕਰਾਸ ਸੁਸਾਇਟੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਕਰਵਾਇਆ ਜਾਣਾ ਯੋਗ ਹੋਵੇਗਾ। ਜੇਕਰ ਇਹ ਕੰਮ ਨਗਰ ਕੌਂਸਲ ਸ੍ਰੀ ਮੁਕਤਸਰ ਸਾਹਿਬ ਵੱਲੋਂ ਕਰਵਾਇਆ ਜਾਂਦਾ ਹੈ ਤਾਂ ਰੈਡ ਕਰਾਸ ਸੁਸਇਟੀ ਵੱਲੋਂ ਨਗਰ ਕੌਂਸਲ ਨੂੰ ਫੰਡ ਉਪਲਬਧ ਕਰਵਾਏ ਜਾਣ।