ਪੰਜਾਬ ਸਰਕਾਰ ਵੱਲੋਂ ਕਿਸਾਨ ਮਜ਼ਦੂਰ ਮੰਗਾਂ ਸਬੰਧੀ ਧਾਰੀ ਚੁੱਪ ਵਿਰੁੱਧ ਘਿਰਾਓ 5 ਨੂੰ 5 ਅਕਤੂਬਰ ਡੀਸੀ ਦਫ਼ਤਰ ਦੇ ਘਿਰਾਓ ਦੀ ਲਾਮਬੰਦੀ ਲਈ ਮੀਟਿੰਗਾਂ ਜਾਰੀ
Publish Date: Sat, 03 Oct 2026 05:35 PM (IST)
Updated Date: Sat, 03 Oct 2026 05:37 PM (IST)
ਦਵਿੰਦਰ ਬਾਘਲਾ. ਪੰਜਾਬੀ ਜਾਗਰਣ ਦੋਦਾ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਸੂਬਾ ਕਮੇਟੀ ਦੇ ਸੱਦੇ ਤੇ ਸਰਕਾਰੀ ਪੈਲਸ ਭਲਾਈਆਣਾ ਤੇ ਪਿੰਡ ਦੀ ਸੱਥ ਛੱਤਿਆਣਾ ਵਿਖੇ 5 ਅਕਤੂਬਰ ਨੂੰ ਡੀਸੀ ਦਫ਼ਤਰ ਮੁਕਤਸਰ ਦੇ ਘਿਰਾਓ ਦੀ ਲਾਮਬੰਦੀ ਲਈ ਮੀਟਿੰਗਾਂ ਕਰਵਾਈਆਂ ਗਈਆਂ। ਪੰਜਾਬ ਸਰਕਾਰ ਦੀ ਕਿਸਾਨ ਮਜ਼ਦੂਰ ਦੀਆਂ ਮੰਗਾਂ ਸਬੰਧੀ ਧਾਰੀ ਮੁਜਰਮਾਨਾ ਚੁੱਪ ਵਿਰੁੱਧ ਪੰਜਾਬ ਭਰ ’ਚ 5 ਅਕਤੂਬਰ ਨੂੰ ਜ਼ਿਲ੍ਹਾ ਹੈਡਕੁਆਰਟਰਾਂ ’ਤੇ ਰੋਸ ਪ੍ਰਦਰਸ਼ਨ ਕਰਕੇ ਮੁਕੰਮਲ ਘਿਰਾਓ ਕੀਤੇ ਜਾਣਗੇ। ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਕੋਟਲੀ, ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ ਨੇ ਆਖਿਆ ਕਿ ਆਪ ਸਰਕਾਰ ਚੋਣ ਵਾਅਦਿਆਂ ਅਨੁਸਾਰ ਲੋਕ ਪੱਖੀ ਖੇਤੀ ਨੀਤੀ ਲਾਗੂ ਕਰਨ, ਅਬਾਦਕਾਰ ਕਿਸਾਨਾਂ ਮਜ਼ਦੂਰਾਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦੇਣ, ਸੂਦਖੋਰੀ ਨੂੰ ਨੱਥ ਮਾਰਦਾ ਕਰਜ਼ਾ ਕਾਨੂੰਨ ਬਨਾਉਣ, ਪਾਣੀ ਸੰਕਟ ਦੇ ਹੱਲ ਲਈ ਖੇਤੀ ਵਿਭਿੰਨਤਾ ਲਿਆਉਣ, ਦਰਿਆਵਾਂ ਨਹਿਰਾਂ ਦੇ ਪਾਣੀ ਨੂੰ ਦੂਸ਼ਿਤ ਕਰ ਰਹੇ ਵੱਡੇ ਸਨਅਤਕਾਰਾਂ ਨੂੰ ਨੱਥ ਪਾਉਣ ਅਤੇ ਨਸ਼ਿਆਂ ਦੀ ਮਹਾਂਮਾਰੀ ਨੂੰ ਠੱਲ੍ਹ ਪਾਉਣ ਚ ਪੂਰੀ ਤਰ੍ਹਾਂ ਨਕਾਮ ਸਾਬਤ ਹੋਈ ਹੈ। ਉਨਾਂ ਆਖਿਆ ਕਿ ਕੇਂਦਰ ਸਰਕਾਰ ਭਾਰਤ ਅਮਰੀਕਾ ਫਰੀ ਡੀਲ ਕਰ ਮੁਕਤ ਡੇਅਰੀ ਫਾਰਮਿੰਗ ਸਮਝੌਤਾ ਲੈਂਡ ਪੂਲਿੰਗ ਨੀਤੀ ਨਿੱਜੀਕਰਨ ਨੂੰ ਅੱਗੇ ਵਧਾ ਰਹੀ ਹੈ। ਇਹ ਨਾਕਾਮੀ ਕਿਸੇ ਬੇਵਸੀ ਕਾਰਨ ਨਹੀਂ ਸਗੋਂ ਆਪ ਤੇ ਕੇਂਦਰ ਸਰਕਾਰ ਦੀ ਜਗੀਰਦਾਰਾਂ, ਸੂਦਖੋਰਾਂ ਤੇ ਸਾਮਰਾਜ ਭਗਤੀ ਦਾ ਨਤੀਜਾ ਹੈ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਆਪ ਸਰਕਾਰ ਕਿਸਾਨ ਮਜ਼ਦੂਰ ਲਹਿਰ ਨੂੰ ਆਗੂ ਰਹਿਤ ਕਰਨ ਦੇ ਖੋਟੇ ਮਨਸੂਬਿਆਂ ਤਹਿਤ ਹੀ ਵਾਰ ਵਾਰ ਕੀਤੇ ਵਾਅਦਿਆਂ ਅਨੁਸਾਰ ਅੰਦੋਲਨਾਂ ਦੌਰਾਨ ਮਜ਼ਦੂਰਾਂ ਕਿਸਾਨਾਂ ਤੇ ਬਣੇ ਝੂਠੇ ਕੇਸ ਵਾਪਸ ਨਹੀਂ ਲੈ ਰਹੀ। ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਭਗਵੰਤ ਮਾਨ ਸਰਕਾਰ ਕਿਸਾਨਾਂ ਦੀਆਂ ਜ਼ਮੀਨਾਂ ਕਾਰਪੋਰੇਟ ਘਰਾਣਿਆਂ ਹਵਾਲੇ ਕਰਨ ਲਈ ਮੁੜ ਲੈਂਡ ਪੂਲਿੰਗ ਪਾਲਸੀ ਲਾਗੂ ਕਰਨ ਲਈ ਪੱਬਾਂ ਭਾਰ ਹੈ। ਉਨਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਪਾਣੀ ਸੰਸਾਰ ਬੈਂਕ ਨੂੰ ਵੇਚਣਾ ਬੰਦ ਕਰੇ ਸਨਅਤਕਾਰਾਂ ਨਾਲ ਮਿਲ ਕੇ ਪਾਣੀਆਂ ਨੂੰ ਪਲੀਤ ਕਰ ਰਹੀਆਂ ਸਅਤਕਾਰਾਂ ਖਿਲਾਫ ਕਾਨੂੰਨਾਂ ਨੂੰ ਸਖ਼ਤ ਕਰਨ ਦੀ ਬਜਾਏ ਜੁਰਮਾਨੇ ਦੀ ਵਿਸਥਾ ਕੀਤੀ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਵਿਧਾਨ ਸਭਾ ਦਾ ਤੁਰੰਤ ਵਿਸ਼ੇਸ਼ ਸੈਸ਼ਨ ਬੁਲਾ ਕੇ ਲੈਂਡ ਪੂਲਿੰਗ ਨੀਤੀ ਰੱਦ ਕਰੇ ਤੇ ਡਰੋਨਾਂ ਰਾਹੀਂ ਕੀਤੇ ਜਾ ਰਹੇ ਮੈਪ ਪੈਮਾਇਸ਼ ਸਰਵੇ ਬੰਦ ਕੀਤੇ ਜਾਣ, ਆਬਾਦਕਾਰਾਂ ਤੇ ਜਮੀਨਾਂ ਤੇ ਕਾਬਜ਼ ਮਾਲਕ ਕਿਸਾਨਾਂ ਮਜ਼ਦੂਰਾਂ ਨੂੰ ਮਾਲਕੀ ਹੱਕ ਦੇਣ ਦਾ ਕਾਨੂੰਨ ਬਣਾਇਆ ਜਾਵੇ, ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕੀਤਾ ਜਾਵੇ ਤੇ ਸੂਦਖੋਰੀ ਨੂੰ ਨੱਥ ਪਾਉਂਦਾ ਕਿਸਾਨ ਮਜ਼ਦੂਰ ਪੱਖੀ ਕਰਜਾ ਕਾਨੂੰਨ ਬਣਾਇਆ ਜਾਵੇ, ਕਰਜੇ ਤੇ ਆਰਥਿਕ ਤੰਗੀਆਂ ਤੋਂ ਪੀੜਤ ਖੁਦਕੁਸ਼ੀਆਂ ਕਰ ਚੁੱਕੇ ਮੈਂਬਰਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਪ੍ਰਤੀ ਪਰਿਵਾਰ ਮੁਆਵਜਾ ਦੇਣ ਦਾ ਕਾਨੂੰਨ ਬਣਾਇਆ ਜਾਵੇ। ਖੇਤੀ ਵਿਭਿੰਨਤਾ ਲਿਆ ਕੇ ਪਾਣੀ ਤੇ ਵਾਤਾਵਰਨ ਬਚਾਓ ਪੱਖੀ ਖੇਤੀ ਨੀਤੀ ਲਾਗੂ ਕੀਤਾ ਜਾਵੇ। ਇਸ ਮੌਕੇ ਗਿੱਦੜਬਾਹਾ ਬਲਾਕ ਦੇ ਸੀਨੀਅਰ ਮੀਤ ਪ੍ਰਧਾਨ ਅਜੈਬ ਸਿੰਘ ਮੱਲਣ, ਕਮੇਟੀ ਮੈਂਬਰ ਹਰਪਾਲ ਸਿੰਘ ਚੀਮਾ ਧੂਲਕੋਟ, ਇਕਾਈ ਮੀਤ ਪ੍ਰਧਾਨ ਸੇਵਾ ਸਿੰਘ, ਗੁਰਦੀਪ ਸਿੰਘ, ਲਖਵੀਰ ਸਿੰਘ, ਕਾਲਾ ਸਿੰਘ ਭਲਾਈਆਣਾ, ਅਜੈਬ ਸਿੰਘ, ਸਾਧੂ ਸਿੰਘ, ਗੁਰਦੇਵ ਸਿੰਘ ਛੱਤਿਆਣਾ, ਇਕਬਾਲ ਸਿੰਘ, ਬਲਵਿੰਦਰ ਸਿੰਘ ਬੁੱਟਰ ਬਖੂਹਾ ਆਦਿ ਵੱਡੀ ਗਿਣਤੀ ਕਿਸਾਨ ਮਜ਼ਦੂਰ ਹਾਜ਼ਰ ਸਨ।