ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕੱਢਿਆ ਮੋਟਰਸਾਈਕਲ ਮਾਰਚ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨੌਜਵਾਨ ਭਾਰਤ ਸਭਾ ਵੱਲੋਂ ਵਿਸ਼ਾਲ ਮੋਟਰਸਾਈਕਲ ਮਾਰਚ
Publish Date: Fri, 31 Jul 2026 05:54 PM (IST)
Updated Date: Fri, 31 Jul 2026 05:55 PM (IST)
ਪੰਜਾਬੀ ਜਾਗਰਣ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਨੌਜਵਾਨ ਭਾਰਤ ਸਭਾ ਦੀ ਸਟੇਟ ਕਮੇਟੀ ਦੇ ਸੱਦੇ ’ਤੇ ਅੱਜ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜ਼ਿਲ੍ਹੇ ਅੰਦਰ ਇੱਕ ਵਿਸ਼ਾਲ ਮੋਟਰਸਾਈਕਲ ਮਾਰਚ ਕੱਢਿਆ ਗਿਆ। ਇਹ ਮਾਰਚ ਵੜਿੰਗ ਟੋਲ ਪਲਾਜ਼ਾ ਤੋਂ ਸ਼ੁਰੂ ਹੋ ਕੇ ਮੁਕਤਸਰ ਡੀਸੀ ਦਫ਼ਤਰ ਤੱਕ ਪਹੁੰਚਿਆ। ਮਾਰਚ ਦੀ ਸ਼ੁਰੂਆਤ ਸਮੇਂ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਖੋਖਰ ਨੇ ਆਖਿਆ ਕਿ ਸਰਕਾਰਾਂ ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਨੂੰ ਮਹਿਜ਼ ਜੱਲ੍ਹਿਆਂਵਾਲੇ ਬਾਗ ਦੇ ਬਦਲੇ ਤੱਕ ਸੀਮਤ ਕਰਨਾ ਚਾਹੁੰਦੀਆਂ ਹਨ, ਜਦਕਿ ਉਹ ਗਦਰ ਪਾਰਟੀ ਅਤੇ ਐਚਐਸਆਰਏ ਦੇ ਪ੍ਰਮੁੱਖ ਆਗੂ ਸਨ। ਉਨ੍ਹਾਂ ‘ਰਾਮ ਮੁਹੰਮਦ ਸਿੰਘ ਆਜ਼ਾਦ’ ਦੇ ਗੁਪਤ ਨਾਂ ਹੇਠ ਅੰਗਰੇਜ਼ ਹਕੂਮਤ ਖ਼ਿਲਾਫ਼ ਹਥਿਆਰਬੰਦ ਇਨਕਲਾਬ ਦਾ ਬਿਗਲ ਵਜਾਇਆ ਸੀ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਆਜ਼ਾਦ ਹੋਣ ਤੋਂ ਬਾਅਦ ਵੀ ਹਾਲਾਤ ਬਦ ਤੋਂ ਬਦਤਰ ਹਨ; ਬੇਰੁਜ਼ਗਾਰੀ ਅਤੇ ਮਹਿੰਗਾਈ ਨੇ ਲੋਕਾਂ ਦਾ ਲੱਕ ਤੋੜ ਦਿੱਤਾ ਹੈ। ਅਜਿਹੇ ਸਮੇਂ ਸ਼ਹੀਦਾਂ ਦੀਆਂ ਕੁਰਬਾਨੀਆਂ ਤੋਂ ਪ੍ਰੇਰਨਾ ਲੈ ਕੇ ਸੰਘਰਸ਼ਾਂ ਨੂੰ ਅੱਗੇ ਵਧਾਉਣ ਦੀ ਲੋੜ ਹੈ। ਡੀਸੀ ਦਫ਼ਤਰ ਸਾਹਮਣੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਮੰਗਾ ਆਜ਼ਾਦ ਅਤੇ ਜ਼ਿਲ੍ਹਾ ਸਕੱਤਰ ਗੁਰਤੇਜ ਵੜਿੰਗ ਨੇ ਨੌਜਵਾਨਾਂ ਨੂੰ ਲੋਕ ਲਹਿਰ ਉਸਾਰਨ ਦਾ ਸੱਦਾ ਦਿੱਤਾ। ਉਨ੍ਹਾਂ ਭਗਵੰਤ ਮਾਨ ਸਰਕਾਰ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸ਼ਹੀਦ ਭਗਤ ਸਿੰਘ ਦਾ ਨਾਂ ਲੈ ਕੇ ਸੱਤਾ ਵਿੱਚ ਆਈ ਸਰਕਾਰ ਅੱਜ ਲੋਕਾਂ ਦੇ ਮਸਲੇ ਹੱਲ ਕਰਨ ਦੀ ਬਜਾਏ ਡੰਡੇ ਦੇ ਜ਼ੋਰ ਤੇ ਸੰਘਰਸ਼ਾਂ ਨੂੰ ਦਬਾ ਰਹੀ ਹੈ। ਇਸ ਮੌਕੇ ਨੌਜਵਾਨ ਭਾਰਤ ਸਭਾ ਵੱਲੋਂ ਡਿਪਟੀ ਕਮਿਸ਼ਨਰ ਮੁਕਤਸਰ ਦੇ ਨਾਂ ਤਹਿਸੀਲਦਾਰ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ। ਮੰਗ ਪੱਤਰ ਰਾਹੀਂ ਮੰਗ ਕੀਤੀ ਕਿ ਬਰੀਵਾਲਾ ਅਤੇ ਮੁਕਤਸਰ ਦੇ ਸਰਕਾਰੀ ਹਸਪਤਾਲਾਂ ’ਚ ਸਟਾਫ਼ ਦੀ ਘਾਟ ਪੂਰੀ ਕੀਤੀ ਜਾਵੇ ਅਤੇ ਵਧੀਆ ਇਲਾਜ ਮੁਹੱਈਆ ਕਰਵਾਇਆ ਜਾਵੇ, ਬੀਤੇ ਦਿਨੀਂ ਹਰੀ ਕੇ ਕਲਾਂ ’ਚ ਚਿੱਟੇ (ਨਸ਼ੇ) ਕਾਰਨ ਮਾਰੇ ਗਏ ਨੌਜਵਾਨ ਦੇ ਪਰਿਵਾਰ ਨੂੰ ਮੁਆਵਜ਼ਾ ਅਤੇ ਨੌਕਰੀ ਦਿੱਤੀ ਜਾਵੇ, ਸਰਕਾਰੀ ਕਾਲਜ ਸੁਨਾਮ ਵਿਖੇ ਪਈਆਂ ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ ਲਈ ਮਿਊਜ਼ੀਅਮ ਬਣਾ ਕੇ ਉਨ੍ਹਾਂ ਨੂੰ ਆਮ ਲੋਕਾਂ ਦੇ ਦਰਸ਼ਨਾਂ ਲਈ ਰੱਖਿਆ ਜਾਵੇ, ਫਿਰੋਜ਼ਪੁਰ ਦੇ ਤੂੜੀ ਬਾਜ਼ਾਰ ਸਥਿਤ ਸ਼ਹੀਦ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ ਗੁਪਤ ਟਿਕਾਣੇ ਤੋਂ ਨਾਜਾਇਜ਼ ਕਬਜ਼ਾ ਹਟਾ ਕੇ ਉਸ ਨੂੰ ਲਾਇਬ੍ਰੇਰੀ ਅਤੇ ਮਿਊਜ਼ੀਅਮ ਵਿੱਚ ਤਬਦੀਲ ਕੀਤਾ ਜਾਵੇ। ਅਖੀਰ ’ਚ ਜ਼ਿਲ੍ਹਾ ਮੀਤ ਪ੍ਰਧਾਨ ਮਹਾਸ਼ਾ ਸਮਾਘ ਅਤੇ ਜ਼ਿਲ੍ਹਾ ਆਗੂ ਜਸਬੀਰ ਸਿੰਘ ਕਾਲਾ ਨੇ ਆਏ ਨੌਜਵਾਨਾਂ ਦਾ ਧੰਨਵਾਦ ਕੀਤਾ ਅਤੇ ਚੇਤਾਵਨੀ ਦਿੱਤੀ ਕਿ ਜੇਕਰ ਮੰਗਾਂ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ ਨੌਜਵਾਨ ਭਾਰਤ ਸਭਾ ਵੱਡਾ ਸੰਘਰਸ਼ ਵਿੱਢੇਗੀ।