ਸਾਬਕਾ ਮੁੱਖ ਮੰਤਰੀ ਬਾਦਲ ਦੀ ਯਾਦ ’ਚ ਮਿੰਨੀ ਮੈਰਾਥਨ ਕਰਵਾਈ ਸਾਬਕਾ ਮੁੱਖ ਮੰਤਰੀ ਸਵ. ਪ੍ਰਕਾਸ਼ ਬਾਦਲ ਦੀ ਯਾਦ ’ਚ ਮਾਲਵਾ ਸਕੂਲ ਗਿੱਦੜਬਾਹਾ ਵੱਲੋਂ 5ਵੀਂ ਮਿੰਨੀ ਮੈਰਾਥਨ ਕਰਵਾਈ
Publish Date: Sun, 29 Nov 2026 04:43 PM (IST)
Updated Date: Sun, 29 Nov 2026 04:43 PM (IST)
ਜਗਸੀਰ ਸਿੰਘ ਛੱਤਿਆਣਾ, ਪੰਜਾਬੀ ਜਾਗਰਣ ਗਿੱਦੜਬਾਹਾ : ਬੀਬੀ ਸੁਰਿੰਦਰ ਕੌਰ ਬਾਦਲ ਮਾਲਵਾ ਸਕੂਲ, ਗਿੱਦੜਬਾਹਾ ਵੱਲੋਂ ਸਾਬਕਾ ਮੁੱਖ ਮੰਤਰੀ ਪੰਜਾਬ ਸਵ. ਸ. ਪ੍ਰਕਾਸ਼ ਸਿੰਘ ਬਾਦਲ ਦੀ ਯਾਦ ਨੂੰ ਸਮਰਪਿਤ 5ਵੀਂ ਮਿੰਨੀ ਮੈਰਾਥਨ ਕਰਵਾਈ ਗਈ। ਸਕੂਲ ਦੇ ਕੈਂਪਸ ਡਾਇਰੈਕਟਰ-ਕਮ-ਪ੍ਰਿੰਸੀਪਲ ਕਰਨਲ ਸੁਧਾਂਸ਼ੂ ਆਰੀਆ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਵਾਈਸ ਪ੍ਰਿੰਸੀਪਲ ਜਸਬੀਰ ਸਿੰਘ ਬਰਾੜ ਦੀ ਅਗਵਾਈ ਹੇਠ ਕਰਵਾਈ ਗਈ ਇਸ ਮੈਰਾਥਨ ’ਚ ਮਾਲਵਾ ਖੇਤਰ ਦੇ ਕਰੀਬ 500 ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਅਤੇ ਜੋਸ਼ ਨਾਲ ਭਾਗ ਲਿਆ। 12 ਕਿਲੋਮੀਟਰ ਲੰਬੀ ਇਸ ਦੌੜ ’ਚ ਗਿੱਦੜਬਾਹਾ, ਮਲੋਟ, ਸ੍ਰੀ ਮੁਕਤਸਰ ਸਾਹਿਬ, ਅਬੋਹਰ, ਫਾਜ਼ਿਲਕਾ, ਲੰਬੀ ਅਤੇ ਬਾਦਲ ਸਮੇਤ ਵੱਖ-ਵੱਖ ਇਲਾਕਿਆਂ ਦੇ ਸਕੂਲਾਂ ਤੋਂ ਨੌਜਵਾਨ ਖਿਡਾਰੀਆਂ ਨੇ ਸ਼ਮੂਲੀਅਤ ਕੀਤੀ। ਮੈਰਾਥਨ ਦਾ ਮੁੱਖ ਉਦੇਸ਼ ਵਿਦਿਆਰਥੀਆਂ ’ਚ ਖੇਡਾਂ ਪ੍ਰਤੀ ਰੁਚੀ ਪੈਦਾ ਕਰਨਾ, ਸਰੀਰਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਨਾ ਅਤੇ ਸਾਬਕਾ ਮੁੱਖ ਮੰਤਰੀ ਸਵ. ਸ. ਪ੍ਰਕਾਸ਼ ਸਿੰਘ ਬਾਦਲ ਦੀ ਯਾਦ ਨੂੰ ਸਨਮਾਨ ਦੇਣਾ ਸੀ। ਏਸ਼ੀਅਨ ਖੇਡਾਂ ਦੇ ਖਿਡਾਰੀ ਕਰਨਵੀਰ ਸਿੰਘ ਸੰਧੂ ਨੇ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਸਵੇਰੇ 8 ਵਜੇ ਝੰਡੀ ਦਿਖਾ ਕੇ ਮੈਰਾਥਨ ਦੀ ਰਸਮੀ ਸ਼ੁਰੂਆਤ ਕਰਵਾਈ। ਇਸ ਮੌਕੇ ਲੜਕਿਆਂ ਦੇ ਵਰਗ ’ਚ ਸੰਤ ਅਤਰ ਸਿੰਘ ਵਾਲਾ ਅਕਾਲ ਅਕੈਡਮੀ, ਮਸਤੂਆਣਾ ਦੇ ਅਰਸ਼ਦੀਪ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ। ਸਰਕਾਰੀ ਸੀਨੀਅਰ ਸੈਕੰ. ਸਕੂਲ, ਸੈਦਾਂਵਾਲਾ ਦੇ ਮੋਹਿਤ ਨੇ ਦੂਜਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਬੀ ਦੇ ਸੋਹਣ ਰਾਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਦੇ ਵਰਗ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਦਲ ਦੀਆਂ ਖਿਡਾਰਨਾਂ ਤਮੰਨਾ ਨੇ ਪਹਿਲਾ, ਨਿਰਾਲੀ ਨੇ ਦੂਜਾ ਅਤੇ ਗੁਰਨੂਰ ਨੇ ਤੀਜਾ ਸਥਾਨ ਹਾਸਲ ਕੀਤਾ। ਜੇਤੂ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਲਈ ਖਿਡਾਰੀਆਂ ਨੂੰ ਕ੍ਰਮਵਾਰ 3500, 2500 ਅਤੇ 1500 ਰੁਪਏ ਦੇ ਨਕਦ ਇਨਾਮ 8 ਦਸੰਬਰ ਨੂੰ ਸਕੂਲ ਦੇ ਸਾਲਾਨਾ ਸਮਾਗਮ ਦੌਰਾਨ ਵੰਡੇ ਜਾਣਗੇ।ਇਸ ਮੌਕੇ ਕੈਂਪਸ ਡਾਇਰੈਕਟਰ-ਕਮ-ਪ੍ਰਿੰਸੀਪਲ ਕਰਨਲ ਸੁਧਾਂਸ਼ੂ ਆਰੀਆ ਰਿਟਾ. ਅਤੇ ਵਾਈਸ ਪ੍ਰਿੰਸੀਪਲ ਜਸਬੀਰ ਸਿੰਘ ਬਰਾੜ ਨੇ ਸਾਰੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਮੈਰਾਥਨ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਸਕੂਲ ਦੇ ਸਪੋਰਟਸ ਇਨਚਾਰਜ ਰਾਜਨ ਕੁਮਾਰ ਅਤੇ ਸਮੂਹ ਅਧਿਆਪਕਾਂ ਦੀ ਮਿਹਨਤ, ਲਗਨ ਅਤੇ ਸਹਿਯੋਗ ਦੀ ਭਰਪੂਰ ਸ਼ਲਾਘਾ ਕੀਤੀ।