ਮਲੋਟ ਰੋਡ ਕੂੜਾ ਮਾਮਲਾ: ਠੇਕੇਦਾਰ ਦਾ ਜਵਾਬ ਤਸੱਲੀਬਖ਼ਸ਼ ਨਾ ਹੋਣ ’ਤੇ ਮਾਮਲਾ ਗਰਮਾਇਆ ਮਲੋਟ ਰੋਡ ਕੂੜਾ ਮਾਮਲਾ: ਠੇਕੇਦਾਰ ਦਾ ਜਵਾਬ ਤਸੱਲੀਬਖ਼ਸ਼ ਨਾ ਹੋਣ ’ਤੇ ਮਾਮਲਾ ਗਰਮਾਇਆ
Publish Date: Thu, 17 Sep 2026 04:43 PM (IST)
Updated Date: Fri, 18 Sep 2026 04:03 AM (IST)
-ਮੌਕੇ ਤੋਂ ਲੇਬਰ ਤੇ ਪੋਕਲੇਨ ਮਸ਼ੀਨ ਵੀ ਗਾਇਬ, ਨਗਰ ਕੌਂਸਲ ਦੇ ਈਓ ਵਰੁਣ ਸਹੋਤਾ ਨੇ ਦਿੱਤੀ ਜਾਣਕਾਰੀ ਜਤਿੰਦਰ ਸਿੰਘ ਭੰਵਰਾ, ਪੰਜਾਬੀ ਜਾਗਰਣ, ਸ੍ਰੀ ਮੁਕਤਸਰ ਸਾਹਿਬ : ਮਲੋਟ ਰੋਡ ’ਤੇ ਸਤਿਅਮ ਪੈਲੇਸ ਦੇ ਸਾਹਮਣੇ ਮੰਦਰ ਸਿੰਘ ਕਲੋਨੀ ’ਚ ਕੂੜਾ ਡੰਪ ਕਰਨ ਦੇ ਮਾਮਲੇ ਨੂੰ ਲੈ ਕੇ ਨਗਰ ਕੌਂਸਲ ਦੀ ਕਾਰਵਾਈ ਅਤੇ ਠੇਕੇਦਾਰ ਦੀ ਜਵਾਬਦੇਹੀ ’ਤੇ ਇੱਕ ਵਾਰ ਫਿਰ ਸਵਾਲ ਖੜ੍ਹੇ ਹੋ ਰਹੇ ਹਨ। ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਵਰੁਣ ਸਹੋਤਾ ਮੁਤਾਬਕ, ਠੇਕੇਦਾਰ ਵੱਲੋਂ ਦਿੱਤਾ ਗਿਆ ਜਵਾਬ ਤਸੱਲੀਬਖ਼ਸ਼ ਨਹੀਂ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਹੁਣ ਮੌਕੇ ਤੋਂ ਠੇਕੇਦਾਰ ਦੀ ਲੇਬਰ ਅਤੇ ਪੋਕਲੇਨ ਮਸ਼ੀਨ ਵੀ ਗਾਇਬ ਹੈ। ਈਓ ਵਰੁਣ ਸਹੋਤਾ ਨੇ ਦੱਸਿਆ ਕਿ ਠੇਕੇਦਾਰ ਨੂੰ ਕੂੜਾ ਡੰਪ ਸਾਈਟ ਤੋਂ ਚੁੱਕਣ ਲਈ 75 ਦਿਨਾਂ ਦਾ ਨੋਟਿਸ ਦਿੱਤਾ ਗਿਆ ਸੀ ਪਰ ਨੋਟਿਸ ਦੀ ਮਿਆਦ ਲੰਘਣ ਤੋਂ ਬਾਅਦ ਵੀ ਲਗਭਗ ਦੋ ਤੋਂ ਢਾਈ ਮਹੀਨੇ ਬੀਤ ਚੁੱਕੇ ਹਨ ਅਤੇ ਡੰਪ ਸਾਈਟ ਤੋਂ ਕੂੜਾ ਨਹੀਂ ਚੁੱਕਿਆ ਗਿਆ। ਇਸ ਮਾਮਲੇ ਨੇ ਹੁਣ ਸਿਰਫ਼ ਮੌਜੂਦਾ ਠੇਕੇਦਾਰ ਦੀ ਕਾਰਗੁਜ਼ਾਰੀ ਹੀ ਨਹੀਂ, ਸਗੋਂ ਪੁਰਾਣੇ ਬਿੱਲਾਂ ਅਤੇ ਸਰਵੇ ਦੀ ਪ੍ਰਕਿਰਿਆ ’ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਸਵਾਲ ਇਹ ਹੈ ਕਿ- - ਜੇਕਰ ਕੂੜੇ ਦੀ ਰੈਮੀਡੀਏਸ਼ਨ ਜਾਂ ਡੰਪ ਸਾਈਟ ਤੋਂ ਕੂੜਾ ਚੁੱਕਣ ਦਾ ਕੰਮ ਸਹੀ ਢੰਗ ਨਾਲ ਨਹੀਂ ਹੋ ਰਿਹਾ ਸੀ ਤਾਂ ਪੁਰਾਣੇ ਬਿੱਲ ਕਿਵੇਂ ਪਾਸ ਹੋਏ? - ਜਿਹੜੇ ਸਰਵੇ ਕੀਤੇ ਗਏ ਸਨ, ਕੀ ਉਹ ਸਹੀ ਸਨ? - ਜਿਨ੍ਹਾਂ ਅਧਿਕਾਰੀਆਂ ਨੇ ਪਹਿਲਾਂ ਬਿੱਲ ਪਾਸ ਕੀਤੇ, ਕੀ ਉਨ੍ਹਾਂ ਦੀ ਵੀ ਜਾਂਚ ਹੋਵੇਗੀ? - ਜੇ ਮਸ਼ੀਨਾਂ ਮੌਕੇ ’ਤੇ ਕੂੜਾ ਰੈਮੀਡੀਏਟ ਨਹੀਂ ਕਰ ਰਹੀਆਂ ਸਨ ਤਾਂ ਉਨ੍ਹਾਂ ਦੇ ਕੰਮ ਦੇ ਬਿੱਲ ਕਿਉਂ ਪਾਸ ਕੀਤੇ ਗਏ? - ਨਗਰ ਕੌਂਸਲ ਦੀ ਆਪਣੀ ਮਸ਼ੀਨ ਕਿੱਥੇ ਗਈ ਅਤੇ ਇਸ ਦੀ ਜ਼ਿੰਮੇਵਾਰੀ ਕਿਸ ਦੀ ਤੈਅ ਹੋਵੇਗੀ? -7 ਲੱਖ ਰੁਪਏ ਦੇ ਬਿੱਲ ਨੇ ਵੀ ਖੜ੍ਹੇ ਕੀਤੇ ਸਵਾਲ- ਹਾਲ ਹੀ ’ਚ ਠੇਕੇਦਾਰ ਦੇ ਨਾਮ ’ਤੇ ਕਰੀਬ 7 ਲੱਖ ਰੁਪਏ ਦਾ ਬਿੱਲ ਪਾਸ ਹੋਣ ਦਾ ਮਾਮਲਾ ਵੀ ਸਾਹਮਣੇ ਆਇਆ ਸੀ, ਜਿਸ ਨੂੰ ਫਿਲਹਾਲ ਰੋਕ ਲਿਆ ਗਿਆ ਹੈ ਪਰ ਵੱਡਾ ਸਵਾਲ ਇਹ ਹੈ ਕਿ ਜੇਕਰ ਮੌਕੇ ਤੋਂ ਕੂੜਾ ਚੁੱਕਿਆ ਹੀ ਨਹੀਂ ਜਾ ਰਿਹਾ ਸੀ ਅਤੇ ਰੈਮੀਡੀਏਸ਼ਨ ਦਾ ਕੰਮ ਵੀ ਨਹੀਂ ਹੋ ਰਿਹਾ ਸੀ ਤਾਂ 7 ਲੱਖ ਰੁਪਏ ਦਾ ਬਿੱਲ ਪਾਸ ਕਰਨ ਦੀ ਨੌਬਤ ਹੀ ਕਿਉਂ ਆਈ। ਹੁਣ ਦੇਖਣਾ ਇਹ ਹੋਵੇਗਾ ਕਿ ਨਗਰ ਕੌਂਸਲ ਇਸ ਪੂਰੇ ਮਾਮਲੇ ’ਚ ਸਿਰਫ਼ ਮੌਜੂਦਾ ਠੇਕੇਦਾਰ ਦੀ ਜਵਾਬਦੇਹੀ ਤੈਅ ਕਰਦੀ ਹੈ ਜਾਂ ਪੁਰਾਣੇ ਬਿੱਲਾਂ, ਸਰਵੇ, ਮਸ਼ੀਨਰੀ ਅਤੇ ਉਨ੍ਹਾਂ ਨੂੰ ਪਾਸ ਕਰਨ ਵਾਲੇ ਅਧਿਕਾਰੀਆਂ ਦੀ ਭੂਮਿਕਾ ਦੀ ਵੀ ਜਾਂਚ ਕਰਵਾਈ ਜਾਂਦੀ ਹੈ।