- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਲੋਟ ਦੀ ਗੁਰੂ ਨਾਨਕ ਨਗਰੀ ’ਚ ਇੱਕ ਨੌਕਰਾਨੀ ਵੱਲੋਂ 400 ਗ੍ਰਾਮ ਵਜ਼ਨੀ ਸੋਨੇ ਦਾ ਬਿਸਕੁਟ ਅਤੇ 50 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਨੌਕਰਾਣੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਹ ਬਿਸਕੁਟ ਇੱਕ ਸੁਨਿਆਰੇ ਨੂੰ ਵੇਚ ਦਿੱਤਾ ਅਤੇ ਉਸ ਦੇ ਗਹਿਣੇ ਬਣਵਾ ਲਏ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਮਲੋਟ ਦੀ ਗੁਰੂ ਨਾਨਕ ਨਗਰੀ ’ਚ ਇੱਕ ਨੌਕਰਾਨੀ ਵੱਲੋਂ 400 ਗ੍ਰਾਮ ਵਜ਼ਨੀ ਸੋਨੇ ਦਾ ਬਿਸਕੁਟ ਅਤੇ 50 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਨੌਕਰਾਣੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਹ ਬਿਸਕੁਟ ਇੱਕ ਸੁਨਿਆਰੇ ਨੂੰ ਵੇਚ ਦਿੱਤਾ ਅਤੇ ਉਸ ਦੇ ਗਹਿਣੇ ਬਣਵਾ ਲਏ। ਇਸ ਮਾਮਲੇ ’ਚ ਥਾਣਾ ਸਿਟੀ ਪੁਲਿਸ ਨੇ 6 ਮੁਲਜ਼ਮਾਂ ਨੂੰ ਨਾਮਜ਼ਦ ਕਰਕੇ ਮੁੱਖ ਮੁਲਜ਼ਮ ਮਹਿਲਾ ਸਮੇਤ 5 ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਸ਼ਿਕਾਇਤਕਰਤਾ ਬਲਦੇਵ ਕੁਮਾਰ ਪੁੱਤਰ ਸੋਹਨ ਲਾਲ, ਨਿਵਾਸੀ ਗਲੀ ਨੰਬਰ 11, ਗੁਰੂ ਨਾਨਕ ਨਗਰੀ ਮਲੋਟ ਨੇ ਪੁਲਿਸ ਨੂੰ ਦਿੱਤੇ ਬਿਆਨਾਂ ’ਚ ਦੱਸਿਆ ਕਿ ਉਸ ਦੀ ਪਤਨੀ ਕੰਚਨ ਰਾਜਸਥਾਨ ’ਚ ਸਰਕਾਰੀ ਅਧਿਆਪਕਾ ਸੀ ਅਤੇ ਸੇਵਾਮੁਕਤੀ (ਰਿਟਾਇਰਮੈਂਟ) ਤੋਂ ਬਾਅਦ ਉਸ ਦੀ ਮੌਤ ਹੋ ਚੁੱਕੀ ਹੈ। ਪਤਨੀ ਦੀ ਰਿਟਾਇਰਮੈਂਟ ਵੇਲੇ ਮਿਲੇ ਪੈਸਿਆਂ ਨਾਲ ਉਨ੍ਹਾਂ ਨੇ 400 ਗ੍ਰਾਮ ਸੋਨੇ ਦਾ ਬਿਸਕੁਟ ਖਰੀਦਿਆ ਸੀ। ਪਤਨੀ ਦੇ ਦੇਹਾਂਤ ਤੋਂ ਬਾਅਦ ਘਰ ਦੀ ਸਾਫ਼-ਸਫ਼ਾਈ ਅਤੇ ਖਾਣਾ ਬਣਾਉਣ ਲਈ ਉਨ੍ਹਾਂ ਨੇ ਰਾਣੀ ਸ਼ਰਮਾ ਪਤਨੀ ਅਸ਼ੋਕ ਕੁਮਾਰ, ਨਿਵਾਸੀ ਖਾਟੂ ਸ਼ਿਆਮ ਮੰਦਰ ਮਲੋਟ ਨੂੰ ਕੰਮ 'ਤੇ ਰੱਖਿਆ ਸੀ। ਰਾਣੀ ਸ਼ਰਮਾ ਨੂੰ ਘਰ ’ਚ ਰੱਖੇ ਪੈਸਿਆਂ ਅਤੇ ਸੋਨੇ ਦੇ ਬਿਸਕੁਟ ਬਾਰੇ ਪਤਾ ਸੀ।
ਦੋਸ਼ ਹੈ ਕਿ ਰਾਣੀ ਸ਼ਰਮਾ ਨੇ ਘਰੋਂ 50,000 ਰੁਪਏ ਨਕਦ ਅਤੇ 400 ਗ੍ਰਾਮ ਸੋਨੇ ਦਾ ਬਿਸਕੁਟ ਚੋਰੀ ਕਰ ਲਿਆ। ਚੋਰੀ ਤੋਂ ਬਾਅਦ ਰਾਣੀ ਸ਼ਰਮਾ ਨੇ ਸੁਮਨ ਰਾਣੀ ਅਤੇ ਉਸ ਦੇ ਪਤੀ ਸੁਰੇਸ਼ ਨਾਗਪਾਲ ਪੁੱਤਰ ਤੁਲਸੀ ਰਾਮ, ਨਿਵਾਸੀ ਸਰਾਭਾ ਨਗਰ ਮਲੋਟ ਨਾਲ ਮਿਲ ਕੇ ਸਾਜ਼ਿਸ਼ ਰਚੀ। ਇਸ ਤੋਂ ਬਾਅਦ ਦੁਬਈ ਤੋਂ ਆਏ ਗੁਰਪ੍ਰੀਤ ਸਿੰਘ ਪੁੱਤਰ ਪਰਗਟ ਸਿੰਘ, ਨਿਵਾਸੀ ਹਰਜਿੰਦਰ ਨਗਰ ਮਲੋਟ ਦੀ ਮਦਦ ਨਾਲ ਚੋਰੀ ਦਾ ਸੋਨਾ ਟਿਕਾਣੇ ਲਗਾਇਆ ਗਿਆ।
ਦੋਸ਼ ਹੈ ਕਿ ਇਨ੍ਹਾਂ ਸਾਰਿਆਂ ਨੇ ਮਿਲ ਕੇ 400 ਗ੍ਰਾਮ ਸੋਨੇ ਦੇ ਬਿਸਕੁਟ ਨੂੰ ਦੁਬਈ ਤੋਂ ਲਿਆਂਦਾ ਦੱਸ ਕੇ 'ਮਾਡਰਨ ਜਵੈਲਰਜ਼' ਮੇਨ ਬਾਜ਼ਾਰ ਮਲੋਟ ਦੇ ਸੁਨਿਆਰੇ ਨੂੰ ਵੇਚ ਦਿੱਤਾ। ਉਕਤ ਮੁਲਜ਼ਮਾਂ ਨੇ ਸੁਨਿਆਰੇ ਤੋਂ ਇਸ ਸੋਨੇ ਦੇ ਬਦਲੇ ਵੱਖ-ਵੱਖ ਗਹਿਣੇ ਬਣਵਾ ਲਏ ਅਤੇ ਕੁਝ ਨਕਦੀ ਵੀ ਹਾਸਲ ਕਰ ਲਈ।
ਜਾਂਚ ਅਧਿਕਾਰੀ ਏਐੱਸਆਈ ਹਰਵਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਪੜਤਾਲ ਤੋਂ ਬਾਅਦ 6 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਇਨ੍ਹਾਂ ’ਚ ਰਾਣੀ ਸ਼ਰਮਾ, ਸੁਰੇਸ਼ ਨਾਗਪਾਲ, ਗੁਰਪ੍ਰੀਤ ਸਿੰਘ, ਪਰਮਜੀਤ ਕੌਰ ਪਤਨੀ ਗੁਰਪ੍ਰੀਤ ਸਿੰਘ, ਰਾਜਵਿੰਦਰ ਕੌਰ ਪਤਨੀ ਪਰਗਟ ਸਿੰਘ, ਸੁਮਨ ਰਾਣੀ ਸ਼ਾਮਿਲ ਹਨ।
ਪੁਲਿਸ ਮੁਤਾਬਕ ਨਾਮਜ਼ਦ ਕੀਤੇ ਗਏ ਮੁਲਜ਼ਮਾਂ ਵਿੱਚੋਂ ਰਾਣੀ ਸ਼ਰਮਾ, ਗੁਰਪ੍ਰੀਤ ਸਿੰਘ, ਪਰਮਜੀਤ ਕੌਰ, ਰਾਜਵਿੰਦਰ ਕੌਰ ਅਤੇ ਸੁਮਨ ਰਾਣੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਮੁਲਜ਼ਮ ਸੁਰੇਸ਼ ਨਾਗਪਾਲ ਅਜੇ ਫ਼ਰਾਰ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਚੋਰੀ ਕੀਤੇ ਸੋਨੇ ਦੀ ਬਰਾਮਦਗੀ ਲਈ ਯਤਨ ਕੀਤੇ ਜਾ ਰਹੇ ਹਨ। ਪੁਲਿਸ ਵੱਲੋਂ ਫ਼ਰਾਰ ਮੁਲਜ਼ਮ ਸੁਰੇਸ਼ ਨਾਗਪਾਲ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।