
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮਲੋਟ-ਬਠਿੰਡਾ ਜੀਟੀ ਰੋਡ ’ਤੇ ਸੀ-ਸ਼ੈੱਲ ਪੈਲੇਸ ਨੇੜੇ ਇੱਕ ਦਰਦਨਾਕ ਸੜਕ ਹਾਦਸਾ ਸਾਹਮਣੇ ਆਇਆ ਹੈ, ਜਿੱਥੇ ਗਲਤ ਦਿਸ਼ਾ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਨੇ ਪਰਿਵਾਰ ਨਾਲ ਭਰੀ ਕਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਲੋਟ : ਮਲੋਟ-ਬਠਿੰਡਾ ਜੀਟੀ ਰੋਡ ’ਤੇ ਸੀ-ਸ਼ੈੱਲ ਪੈਲੇਸ ਨੇੜੇ ਇੱਕ ਦਰਦਨਾਕ ਸੜਕ ਹਾਦਸਾ ਸਾਹਮਣੇ ਆਇਆ ਹੈ, ਜਿੱਥੇ ਗਲਤ ਦਿਸ਼ਾ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਨੇ ਪਰਿਵਾਰ ਨਾਲ ਭਰੀ ਕਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।
ਇਸ ਹਾਦਸੇ ’ਚ ਇੱਕੋ ਪਰਿਵਾਰ ਦੇ ਛੇ ਲੋਕ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ, ਜਦੋਂ ਕਿ ਉਨ੍ਹਾਂ ਦੀ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਸ਼ਰਨਦੀਪ ਸਿੰਘ ਨਿਵਾਸੀ ਆਦਰਸ਼ ਨਗਰ ਮਲੋਟ ਨੇ ਦੱਸਿਆ ਕਿ 15 ਅਗਸਤ ਨੂੰ ਦੁਪਹਿਰ ਲਗਭਗ 1:15 ਵਜੇ ਉਹ ਆਪਣੇ ਭਰਾ ਕਰਨਦੀਪ ਸਿੰਘ, ਪਤਨੀ ਰਮਨਦੀਪ ਕੌਰ, ਭਰਜਾਈ ਕਰਮਜੀਤ ਕੌਰ, ਪੁੱਤਰ ਸਮਰਵੀਰ ਅਤੇ ਭਤੀਜੇ ਮਹਿਤਾਬਵੀਰ ਸਿੰਘ ਨਾਲ ਆਪਣੀ ਰਿਟਜ਼ ਕਾਰ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਮੱਥਾ ਟੇਕਣ ਜਾ ਰਹੇ ਸਨ।
ਜਦੋਂ ਉਹ ਸੀ-ਸ਼ੈੱਲ ਪੈਲੇਸ ਮਲੋਟ ਨੇੜੇ ਪਹੁੰਚੇ, ਤਾਂ ਸਾਹਮਣੇ ਤੋਂ ਗਲਤ ਦਿਸ਼ਾ ਤੋਂ ਆ ਰਹੀ ਇੱਕ ਕਾਰ ਨੰਬਰ ਪੀਬੀ-30ਜਿੱਡ-1756 ਦੇ ਚਾਲਕ ਨੇ ਬਿਨਾਂ ਦੇਖੇ ਲਾਪਰਵਾਹੀ ਨਾਲ ਕੱਟ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਦੀ ਕਾਰ ਵਿੱਚ ਸਿੱਧੀ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਰਾਹਗੀਰਾਂ ਨੇ ਤੁਰੰਤ ਸਾਰੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਮਲੋਟ ਪਹੁੰਚਾਇਆ। ਹਾਲਤ ਗੰਭੀਰ ਹੋਣ ਕਰਕੇ ਡਾਕਟਰਾਂ ਨੇ ਮੁਢਲੀ ਸਹਾਇਤਾ ਤੋਂ ਬਾਅਦ ਉਨ੍ਹਾਂ ਨੂੰ ਅੱਗੇ ਦੇ ਇਲਾਜ ਲਈ ਰੈਫ਼ਰ ਕਰ ਦਿੱਤਾ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਉਨ੍ਹਾਂ ਨੂੰ ਬਠਿੰਡਾ ਦੇ ਡੀ.ਡੀ. ਬੋਨ ਹਸਪਤਾਲ ਵਿੱਚ ਭਰਤੀ ਕਰਵਾਇਆ।
ਜਾਂਚ ਦੌਰਾਨ ਸਾਹਮਣੇ ਆਇਆ ਕਿ ਹਾਦਸਾਗ੍ਰਸਤ ਕਾਰ ਨੂੰ ਜਸਵਿੰਦਰ ਸਿੰਘ ਨਿਵਾਸੀ ਪਿੰਡ ਤਰਮਾਲਾ ਚਲਾ ਰਿਹਾ ਸੀ। ਮਾਮਲੇ ਦੀ ਜਾਂਚ ਕਰ ਰਹੇ ਹੌਲਦਾਰ ਸੰਦੀਪ ਕੁਮਾਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ 'ਤੇ ਮੁਲਜ਼ਮ ਚਾਲਕ ਜਸਵਿੰਦਰ ਸਿੰਘ ਖ਼ਿਲਾਫ਼ ਥਾਣਾ ਮਲੋਟ ਵਿੱਚ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।