ਘਰਾਂ ’ਚ 25 ਦਿਨਾਂ ਬਾਅਦ ਮਿਲ ਰਿਹੈ ਸਿਲੰਡਰ, ਰੇਹੜੀਆਂ-ਢਾਬਿਆਂ ’ਚ 2 ਦਿਨਾਂ ’ਚ ਕਿਵੇਂ ਬਦਲ ਰਹੇ..? -ਮੁਕਤਸਰ ’ਚ ਗੈਸ ਬਲੈਕ ਦਾ ਵੱਡਾ ਖ਼ੁਲਾਸਾ-
Publish Date: Sat, 01 Aug 2026 04:03 PM (IST)
Updated Date: Sat, 01 Aug 2026 04:04 PM (IST)
ਪੰਜਾਬੀ ਜਾਗਰਣ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ ਘਰੇਲੂ ਰਸੋਈ ਗੈਸ (ਐਲਪੀਜੀ) ਸਿਲੰਡਰਾਂ ਦੀ ਵੱਡੇ ਪੱਧਰ ਤੇ ਹੋ ਰਹੀ ਵਪਾਰਕ ਵਰਤੋਂ ਨੇ ਪ੍ਰਸ਼ਾਸਨਿਕ ਨਿਗਰਾਨੀ ਉੱਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਇੱਕ ਪਾਸੇ ਜਿੱਥੇ ਆਮ ਖਪਤਕਾਰਾਂ ਨੂੰ ਨਵੇਂ ਨਿਯਮਾਂ ਕਾਰਨ ਇੱਕ ਸਿਲੰਡਰ ਬੁੱਕ ਕਰਵਾਉਣ ਤੋਂ ਬਾਅਦ ਅਗਲੇ ਸਿਲੰਡਰ ਲਈ ਕਰੀਬ 25-25 ਦਿਨਾਂ ਦਾ ਲੰਬਾ ਇੰਤਜ਼ਾਰ ਕਰਨਾ ਪੈ ਰਿਹਾ ਹੈ, ਉੱਥੇ ਹੀ ਸ਼ਹਿਰ ਦੀਆਂ ਰੇਹੜੀਆਂ, ਢਾਬਿਆਂ ਅਤੇ ਛੋਟੇ ਹੋਟਲਾਂ ’ਚ ਹਰ ਦੋ-ਤਿੰਨ ਦਿਨਾਂ ਬਾਅਦ ਘਰੇਲੂ ਸਿਲੰਡਰ ਆਸਾਨੀ ਨਾਲ ਬਦਲੇ ਜਾ ਰਹੇ ਹਨ। ਲੋਕਾਂ ਦਾ ਸਿੱਧਾ ਸਵਾਲ ਹੈ ਕਿ ਜਦੋਂ ਘਰਾਂ ਲਈ ਸਪਲਾਈ ਸੀਮਤ ਹੈ, ਤਾਂ ਫਿਰ ਇਨ੍ਹਾਂ ਵਪਾਰਕ ਥਾਵਾਂ ਤੱਕ ਲਾਲ ਰੰਗ ਦੇ ਘਰੇਲੂ ਸਿਲੰਡਰਾਂ ਦੀ ਅਟੁੱਟ ਸਪਲਾਈ ਕਿਸ ਦੀ ਛਤਰ-ਛਾਇਆ ਹੇਠ ਹੋ ਰਹੀ ਹੈ? ਕਮਰਸ਼ੀਅਲ ਤੇ ਘਰੇਲੂ ਰੇਟਾਂ ’ਚ ਫ਼ਰਕ ਦਾ ਚੁੱਕਿਆ ਜਾ ਰਿਹੈ ਫ਼ਾਇਦਾ ਸਥਾਨਕ ਲੋਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਘਰੇਲੂ ਸਿਲੰਡਰ ਦੀ ਕੀਮਤ ਲਗਭਗ 900 ਤੋਂ 985 ਰੁਪਏ ਹੈ ਜਦਕਿ ਕਮਰਸ਼ੀਅਲ (ਵਪਾਰਕ) ਸਿਲੰਡਰ ਦੀ ਕੀਮਤ ਲਗਭਗ 1200 ਤੋਂ 1400 ਰੁਪਏ ਹੈ। ਦੋਵਾਂ ਦੀਆਂ ਕੀਮਤਾਂ ’ਚ ਵੱਡਾ ਅੰਤਰ ਹੋਣ ਕਰਕੇ ਛੋਟੇ ਵਪਾਰੀ ਆਪਣੇ ਮੁਨਾਫ਼ੇ ਲਈ ਘਰੇਲੂ ਸਿਲੰਡਰਾਂ ਦੀ ਵਰਤੋਂ ਕਰ ਰਹੇ ਹਨ। ਸ਼ਹਿਰ ਦੇ ਬਾਜ਼ਾਰਾਂ, ਫਾਸਟ ਫੂਡ ਸਟਾਲਾਂ, ਢਾਬਿਆਂ ਅਤੇ ਰੇਹੜੀਆਂ ’ਤੇ ਘਰੇਲੂ ਸਿਲੰਡਰ ਸ਼ਰੇਆਮ ਚੁੱਲ੍ਹਿਆਂ ਨਾਲ ਲੱਗੇ ਦੇਖੇ ਜਾ ਸਕਦੇ ਹਨ। ਪਿਛਲੇ ਕਈ ਮਹੀਨਿਆਂ ਤੋਂ ਕੋਈ ਪ੍ਰਭਾਵਸ਼ਾਲੀ ਚੈਕਿੰਗ ਮੁਹਿੰਮ ਨਾ ਚੱਲਣ ਕਾਰਨ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਛੋਟੇ ਸਿਲੰਡਰਾਂ ’ਚ ਗੈਰ-ਕਾਨੂੰਨੀ ਰੀਫਿਲਿੰਗ ਮਾਮਲੇ ਦਾ ਸਭ ਤੋਂ ਚਿੰਤਾਜਨਕ ਪਹਿਲੂ ਵੱਡੇ ਸਿਲੰਡਰਾਂ ਵਿੱਚੋਂ ਗੈਸ ਕੱਢ ਕੇ ਛੋਟੇ (5 ਕਿੱਲੋ) ਸਿਲੰਡਰਾਂ ’ਚ ਭਰਨ ਦਾ ਗੈਰ-ਕਾਨੂੰਨੀ ਕਾਰੋਬਾਰ ਹੈ। ਘਰੇਲੂ ਸਿਲੰਡਰਾਂ ’ਚੋਂ ਗੈਸ ਕੱਢ ਕੇ ਛੋਟੇ ਸਿਲੰਡਰਾਂ ’ਚ 160 ਤੋਂ 180 ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵੇਚੀ ਜਾ ਰਹੀ ਹੈ। ਬਿਨਾਂ ਕਿਸੇ ਸੁਰੱਖਿਆ ਮਾਪਦੰਡਾਂ ਦੇ ਭੀੜ-ਭੜੱਕੇ ਵਾਲੇ ਬਾਜ਼ਾਰਾਂ ’ਚ ਕੀਤੀ ਜਾ ਰਹੀ ਇਹ ਰੀਫਿਲਿੰਗ ਕਿਸੇ ਵੀ ਵੇਲੇ ਗੈਸ ਲੀਕੇਜ, ਅੱਗ ਲੱਗਣ ਜਾਂ ਵੱਡੇ ਧਮਾਕੇ ਦਾ ਕਾਰਨ ਬਣ ਸਕਦੀ ਹੈ, ਜੋ ਆਮ ਲੋਕਾਂ ਦੀ ਜਾਨ-ਮਾਲ ਲਈ ਸਿੱਧਾ ਖ਼ਤਰਾ ਹੈ। ਏਜੰਸੀਆਂ ਦੇ ਰਿਕਾਰਡ ਦੀ ਵੀ ਹੋਵੇ : ਖਪਤਕਾਰ ਗ੍ਰਹਿਣੀਆਂ ਅਤੇ ਆਮ ਖਪਤਕਾਰਾਂ ’ਚ ਇਸ ਗੈਰ-ਵਾਜਬ ਪ੍ਰਣਾਲੀ ਨੂੰ ਲੈ ਕੇ ਭਾਰੀ ਰੋਸ ਹੈ। ਐਡਵੋਕੇਟ ਗੁਰਭੇਜ ਸਿੰਘ ਅਤੇ ਸਥਾਨਕ ਨਿਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਗੈਸ ਏਜੰਸੀਆਂ ਦੇ ਪੂਰੇ ਰਿਕਾਰਡ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇ। ਇਹ ਪਤਾ ਲਗਾਇਆ ਜਾਵੇ ਕਿ ਇੱਕ ਹੀ ਖਪਤਕਾਰ ਦੇ ਨਾਂ ਤੇ ਕਿੰਨੇ ਸਿਲੰਡਰ ਜਾਰੀ ਹੋ ਰਹੇ ਹਨ। ਸਸਤੇ ਸਿਲੰਡਰ ਦੇ ਚੱਕਰ ’ਚ ਨਿਯਮਾਂ ਦੀ ਅਣਦੇਖੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਜਲਦ ਹੀ ਵਿਸ਼ੇਸ਼ ਟੀਮ ਗਠਿਤ ਕਰਕੇ ਕੀਤੀ ਜਾਵੇਗੀ ਛਾਪੇਮਾਰੀ : ਡੀਐੱਫਐਸਸੀ ਉਧਰ ਜਦ ਇਸ ਸਬੰਧੀ ਹਿਮਾਂਸ਼ੂ ਕੁੱਕੜ ਡੀਐੱਫਐੱਸਸੀ ਸ੍ਰੀ ਮੁਕਤਸਰ ਸਾਹਿਬ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਮੇਂ-ਸਮੇਂ ’ਤੇ ਕਾਰਵਾਈ ਕੀਤੀ ਜਾਂਦੀ ਹੈ। ਜੇਕਰ ਫਿਰ ਵੀ ਕਿਸੇ ਥਾਂ ਤੇ ਘਰੇਲੂ ਸਿਲੰਡਰ ਦੀ ਵਪਾਰਕ ਵਰਤੋਂ ਜਾਂ ਗੈਰ-ਕਾਨੂੰਨੀ ਰੀਫਿਲਿੰਗ ਹੋ ਰਹੀ ਹੈ, ਤਾਂ ਜਲਦ ਹੀ ਇੱਕ ਵਿਸ਼ੇਸ਼ ਟੀਮ ਗਠਿਤ ਕਰਕੇ ਛਾਪੇਮਾਰੀ ਕੀਤੀ ਜਾਵੇਗੀ। ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਨਿਯਮਾਂ ਅਨੁਸਾਰ ਸਖ਼ਤ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।