ਸ੍ਰੀ ਮੁਕਤਸਰ ਸਾਹਿਬ ਪੁਲਿਸ ਦਾ ਵੱਡਾ ਕਾਸੋ ਸਰਚ ਅਭਿਆਨ ਸ੍ਰੀ ਮੁਕਤਸਰ ਸਾਹਿਬ ਪੁਲਿਸ ਦਾ ਵੱਡਾ ਕਾਸੋ ਸਰਚ ਅਭਿਆਨ
Publish Date: Thu, 08 Oct 2026 04:46 PM (IST)
Updated Date: Fri, 09 Oct 2026 04:05 AM (IST)
-ਡਰੋਨ ਦੀ ਨਿਗਰਾਨੀ ਹੇਠ 22 ਵਿਅਕਤੀ ਕਾਬੂ ਪੰਜਾਬੀ ਜਾਗਰਣ ਰਿਪੋਰਟਰ, ਸ੍ਰੀ ਮੁਕਤਸਰ ਸਾਹਿਬ : ਪੰਜਾਬ ਪੁਲਿਸ ਦੇ ਡੀਜੀਪੀ ਅਤੇ ਐੱਸਐੱਸਪੀ ਸ੍ਰੀ ਮੁਕਤਸਰ ਸਾਹਿਬ ਅਭਿਮੰਨਿਊ ਰਾਣਾ ਦੀਆਂ ਹਦਾਇਤਾਂ ਤਹਿਤ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਜ਼ਿਲ੍ਹਾ ਵਿੱਚ ਵੱਡੇ ਪੱਧਰ ’ਤੇ ਕਾਸੋ ਸਰਚ ਅਭਿਆਨ ਚਲਾਇਆ ਗਿਆ। ਇਸ ਮੁਹਿੰਮ ਦਾ ਮੁੱਖ ਮਕਸਦ ਨਸ਼ਾ ਤਸਕਰਾਂ ਅਤੇ ਸਮਾਜਿਕ ਤੱਤਾਂ ਵਿਰੁੱਧ ਸਖ਼ਤ ਕਾਰਵਾਈ ਕਰਨਾ ਹੈ। ਇਸ ਵਿਸ਼ੇਸ਼ ਅਭਿਆਨ ਦੀ ਮੁੱਖ ਵਿਸ਼ੇਸ਼ਤਾ ਡਰੋਨ ਕੈਮਰਿਆਂ ਰਾਹੀਂ ਕੀਤੀ ਜਾ ਰਹੀ ਹਾਈ-ਟੈਕ ਨਿਗਰਾਨੀ ਰਹੀ। ਸਵੇਰੇ ਕਰੀਬ 4 ਵਜੇ ਸ਼ੁਰੂ ਹੋਏ ਇਸ ਆਪ੍ਰੇਸ਼ਨ ਦੌਰਾਨ ਜ਼ਮੀਨੀ ਪੱਧਰ ’ਤੇ ਤਲਾਸ਼ੀ ਲੈਣ ਦੇ ਨਾਲ-ਨਾਲ ਡਰੋਨਾਂ ਦੀ ਮਦਦ ਨਾਲ ਸ਼ੱਕੀ ਗਤੀਵਿਧੀਆਂ ਅਤੇ ਵਿਅਕਤੀਆਂ ਦੀ ਆਵਾਜਾਈ ਉੱਤੇ ਲਗਾਤਾਰ ਨਜ਼ਰ ਰੱਖੀ ਗਈ। ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ, ਕਸਬਿਆਂ, ਸ਼ਹਿਰਾਂ ਅਤੇ ਵਾਰਡਾਂ ’ਚ ਚਲਾਏ ਗਏ ਇਸ ਅਭਿਆਨ ’ਚ 450 ਤੋਂ ਵੱਧ ਪੁਲਿਸ ਮੁਲਾਜ਼ਮਾਂ ਨੇ ਹਿੱਸਾ ਲਿਆ। ਪੁਲਿਸ ਨੇ ਕਾਰਵਾਈ ਕਰਦਿਆਂ ਹੁਣ ਤੱਕ 22 ਵਿਅਕਤੀਆਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਦੀ ਸ਼ਨਾਖਤ ਅਤੇ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ। ਪੁਲਿਸ ਟੀਮਾਂ ਵੱਲੋਂ ਐਨਡੀਪੀਐਸ ਐਕਟ ਦੇ ਪੁਰਾਣੇ ਮੁਲਜ਼ਮਾਂ, ਜ਼ਮਾਨਤ ’ਤੇ ਬਾਹਰ ਆਏ ਵਿਅਕਤੀਆਂ ਅਤੇ ਖੁਫੀਆ ਇਨਪੁਟ ਵਾਲੇ ਸ਼ੱਕੀ ਟਿਕਾਣਿਆਂ ਉੱਤੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਪੁਲਿਸ ਨੇ ਪੀਏਆਈਐਸ ਅਤੇ ਵਾਹਨ ਐਪਾਂ ਦੀ ਵਰਤੋਂ ਕਰਕੇ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦਾ ਰਿਕਾਰਡ ਮੌਕੇ ਤੇ ਹੀ ਚੈੱਕ ਕੀਤਾ। ਇਹ ਸਰਚ ਅਭਿਆਨ ਸ੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ ਅਤੇ ਲੰਬੀ ਸਬ-ਡਿਵੀਜ਼ਨਾਂ ਦੇ ਫਤਿਹਪੁਰ ਮਨੀਆ, ਗੁਰੂਸਰ ਯੋਧਾ, ਕਬਰਵਾਲਾ, ਕਿੱਲਿਆਂਵਾਲੀ ਮੰਡੀ, ਕੋਟਭਾਈ, ਭਲਾਈਆਣਾ, ਮਾਡਲ ਟਾਊਨ ਤੇ ਅੰਬੇਦਕਰ ਨਗਰ ਸਮੇਤ ਕਈ ਪ੍ਰਮੁੱਖ ਇਲਾਕਿਆਂ ਅਤੇ ਮੁਹੱਲਿਆਂ ’ਚ ਸਫਲਤਾਪੂਰਵਕ ਨੇਪਰੇ ਚਾੜ੍ਹਿਆ ਗਿਆ। ਐੱਸਪੀ ਪੱਧਰ ਦੇ ਅਧਿਕਾਰੀਆਂ ਅਤੇ ਵੱਖ-ਵੱਖ ਥਾਣਿਆਂ ਦੇ ਐੱਸਐੱਚਓਜ਼ ਦੀ ਅਗਵਾਈ ਹੇਠ ਚੱਲੇ ਇਸ ਆਪ੍ਰੇਸ਼ਨ ਬਾਰੇ ਐਸਐਸਪੀ ਸ੍ਰੀ ਅਭਿਮਨਯੂ ਰਾਣਾ ਨੇ ਕਿਹਾ ਕਿ ਨਸ਼ਾ ਤਸਕਰਾਂ ਵਿਰੁੱਧ ਇਹ ਸਖ਼ਤ ਮੁਹਿੰਮ ਅੱਗੇ ਵੀ ਜਾਰੀ ਰਹੇਗੀ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਕੋਲ ਨਸ਼ਾ ਤਸਕਰੀ ਬਾਰੇ ਕੋਈ ਵੀ ਜਾਣਕਾਰੀ ਹੋਵੇ, ਤਾਂ ਉਹ ਪੁਲਿਸ ਹੈਲਪਲਾਈਨ ਨੰਬਰ 112 ਜਾਂ 80549-42100 ਉੱਤੇ ਸਾਂਝੀ ਕਰ ਸਕਦਾ ਹੈ। ਸੂਚਨਾ ਦੇਣ ਵਾਲੇ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ।