ਮੁਕਤਸਰ ਸਾਹਿਬ ’ਚ ਨਸ਼ਾ ਤਸਕਰ ਖ਼ਿਲਾਫ਼ ਪ੍ਰਸ਼ਾਸਨ ਦੀ ਵੱਡੀ ਕਾਰਵਾਈ, ਗ਼ੈਰ-ਕਾਨੂੰਨੀ ਇਮਾਰਤ 'ਤੇ ਚੱਲਿਆ ਬੁਲਡੋਜ਼ਰ ਇਸ ਮੌਕੇ ਮੌਜੂਦ ਐੱਸ.ਪੀ. ਆਪ੍ਰੇਸ਼ਨ ਮਹੇਸ਼ ਸਿੰਘ ਸੈਣੀ ਨੇ ਦੱਸਿਆ ਕਿ ਆਦਰਸ਼ ਨਗਰ ਸਥਿਤ ਇਸ ਗ਼ੈਰ-ਕਾਨੂੰਨੀ ਇਮਾਰਤ ਦਾ ਨਿਰਮਾਣ ਸ਼ਾਲੂ ਕੁਮਾਰ ਪੁੱਤਰ ਦੀਸ਼ਾ ਵੱਲੋਂ ਕੀਤਾ ਗਿਆ ਸੀ, ਜਿਸ ਨੂੰ ਸਮਰੱਥ ਅਧਿਕਾਰੀ ਦੇ ਆਦੇਸ਼ਾਂ ਤਹਿਤ ਨਗਰ ਕੌਂਸਲ ਮੁਕਤਸਰ ਦੇ ਕਾਰਜਕਾਰੀ ਅਧਿਕਾਰੀ ਵੱਲੋਂ ਅਮਲ ਵਿੱਚ ਲਿਆਂਦਾ ਗਿਆ। ਇਸ ਪੂਰੀ ਕਾਰਵਾਈ ਦੌਰਾਨ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਅਤੇ ਕਾਨੂੰਨ-ਵਿਵਸਥਾ ਬਣਾਏ ਰੱਖਣ ਲਈ ਪੁਲਿਸ ਬਲ ਪੂਰੀ ਤਰ੍ਹਾਂ ਤਾਇਨਾਤ ਰਿਹਾ।
Publish Date: Sun, 18 Oct 2026 04:52 PM (IST)
Updated Date: Sun, 18 Oct 2026 04:54 PM (IST)
ਸੰਵਾਦ ਸੂਤਰ, ਸ੍ਰੀ ਮੁਕਤਸਰ ਸਾਹਿਬ। ਰਾਜ ਸਰਕਾਰ ਦੀਆਂ ਹਦਾਇਤਾਂ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਮੁਕਤਸਰ ਜ਼ਿਲ੍ਹੇ ’ਚ ਨਸ਼ਾ ਤਸਕਰਾਂ ਖ਼ਿਲਾਫ਼ ਪ੍ਰਸ਼ਾਸਨ ਦਾ ਸ਼ਿਕੰਜਾ ਲਗਾਤਾਰ ਕੱਸਦਾ ਜਾ ਰਿਹਾ ਹੈ। ਇਸੇ ਲੜੀ ਤਹਿਤ ਐਤਵਾਰ ਨੂੰ ਮੁਕਤਸਰ ਦੇ ਆਦਰਸ਼ ਨਗਰ ਨੇੜੇ ਨਸ਼ਾ ਤਸਕਰੀ ਨਾਲ ਜੁੜੀ ਇੱਕ ਗ਼ੈਰ-ਕਾਨੂੰਨੀ ਇਮਾਰਤ 'ਤੇ ਪ੍ਰਸ਼ਾਸਨ ਦਾ ਬੁਲਡੋਜ਼ਰ ਚੱਲਿਆ ਅਤੇ ਉਸ ਨੂੰ ਪੂਰੀ ਤਰ੍ਹਾਂ ਢਾਹ ਦਿੱਤਾ ਗਿਆ।
ਇਸ ਮੌਕੇ ਮੌਜੂਦ ਐੱਸ.ਪੀ. ਆਪ੍ਰੇਸ਼ਨ ਮਹੇਸ਼ ਸਿੰਘ ਸੈਣੀ ਨੇ ਦੱਸਿਆ ਕਿ ਆਦਰਸ਼ ਨਗਰ ਸਥਿਤ ਇਸ ਗ਼ੈਰ-ਕਾਨੂੰਨੀ ਇਮਾਰਤ ਦਾ ਨਿਰਮਾਣ ਸ਼ਾਲੂ ਕੁਮਾਰ ਪੁੱਤਰ ਦੀਸ਼ਾ ਵੱਲੋਂ ਕੀਤਾ ਗਿਆ ਸੀ, ਜਿਸ ਨੂੰ ਸਮਰੱਥ ਅਧਿਕਾਰੀ ਦੇ ਆਦੇਸ਼ਾਂ ਤਹਿਤ ਨਗਰ ਕੌਂਸਲ ਮੁਕਤਸਰ ਦੇ ਕਾਰਜਕਾਰੀ ਅਧਿਕਾਰੀ ਵੱਲੋਂ ਅਮਲ ਵਿੱਚ ਲਿਆਂਦਾ ਗਿਆ। ਇਸ ਪੂਰੀ ਕਾਰਵਾਈ ਦੌਰਾਨ ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਅਤੇ ਕਾਨੂੰਨ-ਵਿਵਸਥਾ ਬਣਾਏ ਰੱਖਣ ਲਈ ਪੁਲਿਸ ਬਲ ਪੂਰੀ ਤਰ੍ਹਾਂ ਤਾਇਨਾਤ ਰਿਹਾ।
ਮੁਕਤਸਰ ਵਿੱਚ ਦੋਸ਼ੀ ਖ਼ਿਲਾਫ਼ ਮਾਮਲੇ ਦਰਜ ਇਹ ਪੂਰੀ ਕਾਰਵਾਈ ਪੂਰੀ ਤਰ੍ਹਾਂ ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਕਰਦਿਆਂ ਕੀਤੀ ਗਈ ਹੈ। ਉਕਤ ਦੋਸ਼ੀ ਸ਼ਾਲੂ ਕੁਮਾਰ ਦੇ ਖ਼ਿਲਾਫ਼ ਥਾਣਾ ਸਿਟੀ ਮੁਕਤਸਰ ਵਿੱਚ ਐੱਨ.ਡੀ.ਪੀ.ਐੱਸ. ਐੈਕਟ (NDPS Act) ਤਹਿਤ ਪਹਿਲਾਂ ਹੀ ਮੁਕੱਦਮੇ ਦਰਜ ਹਨ। ਐੱਸ.ਪੀ. ਸੈਣੀ ਨੇ ਦੱਸਿਆ ਕਿ ਐੱਸ.ਐੱਸ.ਪੀ. ਅਭਿਮਨਿਊ ਰਾਣਾ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਨੂੰ ਨਸ਼ਾ ਮੁਕਤ ਬਣਾਉਣ ਲਈ ਇਹ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ।
ਗ਼ੈਰ-ਕਾਨੂੰਨੀ ਜਾਇਦਾਦਾਂ ਦੀ ਜਾਂਚ ’ਚ ਜੁੱਟੀ ਪੁਲਿਸ ਉਨ੍ਹਾਂ ਚਿਤਾਵਨੀ ਦਿੱਤੀ ਕਿ ਨਸ਼ਿਆਂ ਦੇ ਕਾਲੇ ਕਾਰੋਬਾਰ ਰਾਹੀਂ ਬਣਾਈਆਂ ਗਈਆਂ ਹੋਰ ਗ਼ੈਰ-ਕਾਨੂੰਨੀ ਜਾਇਦਾਦਾਂ ਦੀ ਵੀ ਪਛਾਣ ਕੀਤੀ ਜਾ ਰਹੀ ਹੈ ਅਤੇ ਕਾਨੂੰਨ ਮੁਤਾਬਕ ਸਮਰੱਥ ਅਧਿਕਾਰੀ ਨੂੰ ਮਾਮਲਾ ਭੇਜ ਕੇ ਅੱਗੇ ਵੀ ਅਜਿਹੀ ਸਖ਼ਤ ਕਾਰਵਾਈ ਜਾਰੀ ਰਹੇਗੀ।
ਪ੍ਰਸ਼ਾਸਨ ਅਤੇ ਪੁਲਿਸ ਅਧਿਕਾਰੀਆਂ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਵੀ ਨਾਗਰਿਕ ਕੋਲ ਨਸ਼ਾ ਤਸਕਰੀ ਜਾਂ ਤਸਕਰਾਂ ਨਾਲ ਜੁੜੀ ਕੋਈ ਵੀ ਗੁਪਤ ਸੂਚਨਾ ਹੋਵੇ ਤਾਂ ਉਹ ਬਿਨਾਂ ਕਿਸੇ ਡਰ ਦੇ ਪੁਲਿਸ ਨੂੰ ਸੂਚਿਤ ਕਰਨ। ਇਸ ਮੌਕੇ ਡੀ.ਐੱਸ.ਪੀ. ਬਚਨ ਸਿੰਘ, ਇੰਸਪੈਕਟਰ ਰਵਿੰਦਰ ਕੌਰ ਥਾਨਾ ਸਿਟੀ ਮੁਕਤਸਰ, ਨਾਇਬ ਤਹਿਸੀਲਦਾਰ ਬਲਜੀਤ ਸਿੰਘ ਸਮੇਤ ਨਗਰ ਕੌਂਸਲ ਅਤੇ ਪੁਲਿਸ-ਪ੍ਰਸ਼ਾਸਨ ਦੇ ਹੋਰ ਅਧਿਕਾਰੀ ਮੌਜੂਦ ਸਨ।